ਨਵੀਂ ਦਿੱਲੀ ( ਦਿਓਲ ਤੇ ਏਜੰਸੀਆਂ )- ਭਾਰਤੀ ਫੌਜ ਨੇ ਬੁੱਧਵਾਰ ਨੂੰ ਵੱਡੇ ਤੜਕੇ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਪਰ ਇਹ ਪਹਿਲੀ ਵਾਰ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨੀ ਪੰਜਾਬ ਦੇ ਸ਼ਹਿਰ ਬਹਾਵਲਪੁਰ ਵਿਚ ਵੀ ਇਕ ਅਤਵਾਦੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਹੈ। ਲਹਿੰਦੇ ਪੰਜਾਬ ਵਿਚ 1971 ਦੀ ਜੰਗ ਤੋਂ ਬਾਅਦ ਲਗਪਗ 54 ਸਾਲ ਵਿਚ ਪਾਕਿਸਤਾਨੀ ਪੰਜਾਬ ਉੱਤੇ ਇਹ ਪਹਿਲਾ ਫੌਜੀ ਹਮਲਾ ਹੈ।
ਸੂਤਰਾਂ ਮੁਤਾਬਿਕ ਬਹਾਵਲਪੁਰ ਵਿਚ ਅਤਵਾਦੀ ਜਥੇਬੰਦੀ ਜੈਸ਼ ਏ ਮੁਹੰਮਦ ਦਾ ਹੈਡਕੁਆਰਟਰ ਹੈ। ਇਸਦੇ ਮੁਖੀ ਮਸੂਦ ਅਜ਼ਹਰ ਦਾ ਪਰਿਵਾਰ ਵੀ ਇਥੇ ਰਹਿੰਦਾ ਹੈ। ਖਬਰਾਂ ਹਨ ਕਿ ਭਾਰਤੀ ਹਮਲੇ ਵਿਚ ਮਸੂਦ ਅਜ਼ਹਰ ਦੇ ਪਰਿਵਾਰ ਦੇ ਕਈ ਜੀਅ ਮਾਰੇ ਗਏ ਹਨ। ਬੀਬੀਸੀ ਦੀ ਰਿਪੋਰਟ ਮੁਤਾਬਿਕ ਇਸ ਹਮਲੇ ਵਿਚ ਮਸੂਦ ਅਜ਼ਹਰ ਦੇ ਘੱਟੋ ਘੱਟ 10 ਰਿਸ਼ਤੇਦਾਰ ਜਿਹਨਾਂ ਵਿਚ ਉਸਦੀ ਭੈਣ- ਭਣਵਈਆ, ਭਤੀਜਾ- ਭਤੀਜ ਨੂੰਹ , ਭਤੀਜੀ ਤੇ 5 ਬੱਚੇ ਸ਼ਾਮਿਲ ਹਨ, ਮਾਰੇ ਗਏ ਹਨ।
ਇਸ ਤੋਂ ਪਹਿਲਾਂ ਹੋਏ ਫੌਜੀ ਹਮਲਿਆਂ ਜਾਂ ਝੜਪਾਂ, ਜਿਨ੍ਹਾਂ ਵਿੱਚ ਕਾਰਗਿਲ ਜੰਗ ਵੀ ਸ਼ਾਮਲ ਹੈ, ਦੌਰਾਨ ਭਾਰਤੀ ਫੌਜ ਨੇ ਪਾਕਿਸਤਾਨੀ ਪੰਜਾਬ ਵਾਲੇ ਪਾਸੇ ਕਦੇ ਕੋਈ ਕਾਰਵਾਈ ਨਹੀ ਕੀਤੀ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਅਤੇ ਮੁਲਕ ਦਾ ਹਾਕਮ ਵਰਗ ਮੁੱਖ ਤੌਰ ’ਤੇ ਲਹਿੰਦੇ ਪੰਜਾਬ ਦਾ ਵਸਨੀਕ ਹੈ। 1999 ਵਿੱਚ ਕਾਰਗਿਲ ਜੰਗ ਮੁੱਖ ਤੌਰ ’ਤੇ 168 ਕਿਲੋਮੀਟਰ ਦੇ ਧੁਰੇ ਦੇ ਆਲੇ-ਦੁਆਲੇ ਲੱਦਾਖ ਖੇਤਰ ਤੱਕ ਸੀਮਤ ਸੀ। ਇਸ ਤੋਂ ਇਲਾਵਾ, ਜਦੋਂ 2001 ਵਿੱਚ ਸੰਸਦ ’ਤੇ ਹਮਲੇ ਤੋਂ ਬਾਅਦ ‘ਆਪ੍ਰੇਸ਼ਨ ਪਰਾਕ੍ਰਮ’ ਸ਼ੁਰੂ ਕੀਤਾ ਗਿਆ ਸੀ ਤਾਂ ਭਾਰਤੀ ਫੌਜ ਨੂੰ ਅਲਰਟ ’ਤੇ ਰੱਖਿਆ ਗਿਆ ਸੀ ਪਰ ਕੋਈ ਹਮਲਾ ਨਹੀਂ ਸੀ ਹੋਇਆ। ਫਿਰ 2016 ਵਿੱਚ ਉੜੀ ਅਤਿਵਾਦੀ ਹਮਲੇ ਤੋਂ ਬਾਅਦ ਕੀਤੇ ਗਏ ਸਰਜੀਕਲ ਸਟ੍ਰਾਈਕ ਵਿਚ ਵੀ ਮਕਬੂਜ਼ਾ ਕਸ਼ਮੀਰ ਦਾ ਹਿੱਸਾ ਹੀ ਸ਼ਾਮਿਲ ਸੀ ।2019 ਵਿੱਚ ਪੁਲਵਾਮਾ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ, ਹਵਾਈ ਹਮਲਾ ਬਾਲਾਕੋਟ ਵਿੱਚ ਕੀਤਾ ਗਿਆ ਸੀ, ਜੋ ਕਿ ਖੈਬਰ ਪਖਤੂਨਖਵਾ ਵਿੱਚ ਹੈ ਨਾ ਕਿ ਪਾਕਿਸਤਾਨੀ ਪੰਜਾਬ ਵਿਚ। ਪਰ ਇਸ ਵਾਰ ਭਾਰਤੀ ਫੌਜ ਨੇ ਪਾਕਿਸਤਾਨੀ ਪੰਜਾਬ ਵਿਚ ਬਹਾਵਲਪੁਰ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਭਾਰਤੀ ਫੌਜ ਵਲੋਂ ਪਾਕਿਸਤਾਨ ਵਿਚ ਅਤਵਾਦੀ ਟਿਕਾਣਿਆਂ ਤੇ ਕੀਤੇ ਗਏ ਮਿਜਾਇਲ ਹਮਲਿਆਂ ਵਿਚ 80 ਤੋਂ 90 ਦਹਿਸ਼ਤਗਰਦਾਂ ਦੇ ਮਾਰੇ ਜਾਣ ਦੇ ਦਾਅਵੇ ਹਨ ਜਦੋਂਕਿ ਪਾਕਿਸਤਾਨੀ ਫੌਜ ਵਲੋਂ ਪੁਣਛ ਵਿਚ ਕੀਤੀ ਗਈ ਭਾਰੀ ਗੋਲਾਬਾਰੀ ਵਿਚ 12 ਭਾਰਤੀ ਸ਼ਹਿਰੀਆਂ ਦੇ ਮਾਰੇ ਜਾਣ ਦੀ ਖਬਰ ਹੈ। ਪੁਣਛ ਵਿਚ ਇਕ ਗੁਰਦੁਆਰਾ ਸਾਹਿਬ ਤੇ ਬੰਬ ਡਿੱਗਣ ਨਾਲ ਇਕ ਰਾਗੀ ਸਿੰਘ ਸਮੇਤ 3 ਸਿੱਖਾਂ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਹੈ।