Headlines

ਸਰੀ ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰ ਰਾਜਵੀਰ ਢਿਲੋਂ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਨਤਮਸਤਕ ਹੋਏ

ਗੁਰੂ ਸਾਹਿਬ ਦੇ ਸ਼ੁਕਰਾਨੇ ਨਾਲ ਵੋਟਰਾਂ, ਸਮਰਥਕਾਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ-

ਸਰੀ ( ਨਵਰੂਪ ਸਿੰਘ)- ਕੈਨਡਾ ਦੀਆਂ ਪਾਰਲੀਮੈਂਟਰੀ ਚੋਣਾਂ ਵਿਚ ਸਰੀ ਸੈਟਰ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਸਿੰਘ ਢਿੱਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਨਤਮਸਤਕ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਢਿੱਲੋਂ ਨੇ ਕਿਹਾ ਕਿ ਉਹਨਾਂ  ਦੀ ਗੁਰੂ ਸਾਹਿਬ ਪ੍ਰਤੀ ਅਟੁੱਟ ਸ਼ਰਧਾ ਅਤੇ ਵਿਸ਼ਵਾਸ ਹੈ। ਉਹਨਾਂ ਨੇਂ ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ  ਗੁਰੂ ਸਾਹਿਬ ਅੱਗੇ ਅਰਦਾਸ ਕਰਨ ਉਪਰੰਤ ਚੋਣ ਪਚਾਰ ਸ਼ੁਰੂ ਕੀਤਾ ਸੀ। ਇਹ ਗੁਰੂ ਮਹਾਰਾਜ ਦੀ ਅਪਾਰ ਕ੍ਰਿਪਾ ਅਤੇ ਸਰੀ ਸੈਂਟਰ ਹਲਕੇ ਦੇ ਵੋਟਰਾਂ  ਦਾ ਸਹਿਯੋਗ ਹੀ ਸੀ, ਜਿਸ ਨੇ ਇਸ ਹਲਕੇ ਨੂੰ ਕੈਨਡਾ ਦੇ ਉਹਨਾਂ 28 ਹਲਕਿਆਂ ਵਿੱਚ ਸ਼ੁਮਾਰ ਕਰ ਦਿੱਤਾ ਜਿੱਥੇ ਕਿ ਚੋਣ ਮੁਕਾਬਲਾ ਬਹੁਤ ਕਰੀਬੀ ਤੇ ਸਖਤ ਸੀ। ਇਹ ਪਹਿਲੀ ਵਾਰ ਸੀ ਕਿ ਸਰੀ ਸੈਂਟਰ ਹਲਕੇ ਤੋਂ ਕਿਸੇ ਕੰਸਰਵੇਟਿਵ ਉਮੀਦਵਾਰ ਨੂੰ ਇੰਨੀ ਵੋਟ ਪਈ ਕਿ ਇਹ ਹਲਕਾ ਵੋਟ ਪ੍ਰਤੀਸ਼ਤ ਵਿੱਚ ਵਾਧੇ ਪੱਖੋਂ ਕੈਨੇਡਾ ਵਿੱਚ ਚੌਥੇ ਸਥਾਨ ਤੇ ਰਿਹਾ।
ਸ ਢਿੱਲੋਂ ਨੇ ਕਿਹਾ ਕਿ ਮੈਂ ਇੱਕ ਸਾਧਾਰਣ ਵਿਅਕਤੀ ਹਾਂ, ਮੈਂਨੂੰ ਨਾਂ ਤਾਂ ਕੋਈ ਰਾਜਨੀਤਕ ਤਜ਼ਰਬਾ ਹਾਸਿਲ ਸੀ ਅਤੇ ਨਾ ਹੀ ਮੇਰਾ ਕੋਈ ਰਾਜਨੀਤਕ ਪਿਛੋਕੜ ਹੈ। ਮੇਰੀ ਕਹਾਣੀ ਤਾਂ ਉਰਦੂ ਦੇ ਉਸ ਸ਼ਿਅਰ ਵਾਂਗਰਾਂ ਹੈ ਕਿ, ‘ਅਕੇਲਾ ਹੀ ਚਲਾ ਥਾ ਜਾਨਿਬ-ਏ-ਮੰਜ਼ਿਲ, ਮਗਰ ਲੋਗ ਸਾਥ ਆਤੇ ਗਏ, ਔਰ ਕਾਰਵਾਂ ਬਨਤਾ ਗਿਆ।’”
ਸਰੀ ਸੈਂਟਰ ਹਲਕੇ ਦੇ ਵੋਟਰਾਂ ਨੇ ਮੈਨੰ ਜੋ ਪਿਆਰ ਅਤੇ ਸਹਿਯੋਗ ਦਿੱਤਾ ਹੈ, ਉਹ ਸ਼ਾਇਦ ਪਹਿਲਾਂ ਕਦੇ ਕਿਸੇ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਦੇ ਹਿੱਸੇ ਨਹੀਂ ਆਇਆ। ਢਿੱਲੋਂ ਨੇਂ  ਕਿਹਾ ਕਿ ਜਿਸ ਤਰਾਂ ਸਰੀ ਸੈਂਟਰ ਹਲਕੇ ਦੇ ਵੋਟਰਾਂ ਨੇ  ਮੈਨੂੰ ਪਿਆਰ ਅਤੇ ਸਹਿਯੋਗ ਦਿੱਤਾ ਹੈ, ਮੈਂ ਉਸ ਦਾ ਸਦਾ ਰਿਣੀ ਰਹਾਂਗਾ। ਰਾਜਵੀਰ ਢਿੱਲੋਂ, ਜੋ ਆਪਣੇ ਨਿਮਰ ਸੁਭਾਅ ਲਈ ਜਾਣੇ ਜਾਂਦੇ ਹਨ ਨੇ  ਕਿਹਾ ਕਿ ਸ਼ਾਇਦ ਗੁਰੂ ਮਹਾਰਾਜ ਮੇਰੇ ਤੇ ਕੋਈ ਵੱਡੀ ਜ਼ਿੰਮੇਵਾਰੀ ਪਾਉਣ ਤੋਂ ਪਹਿਲਾਂ ਮੈਨੂੰ ਉਸ ਜ਼ਿੰਮੇਵਾਰੀ ਨੂੰ ਠੀਕ ਢੰਗ ਨਾਲ ਨਿਭਾਉਣ ਦੇ ਸਮਰੱਥ ਹੋਣ ਲਈ ਤਿਆਰੀ ਦਾ ਮੌਕਾ ਦੇ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਮੈਂ ਗੁਰੂ ਮਹਾਰਾਜ ਦੇ ਭਾਣੇ ਵਿੱਚ ਬਹੁਤ ਖੁਸ਼ ਹਾਂ ਅਤੇ ਹਲਕੇ ਦੇ ਵੋਟਰਾਂ ਅਤੇ ਆਪਣੇ ਸਹਿਯੋਗੀਆਂ ਸਮੇਤ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਅਤੇ ਸਦਾ ਚੜਦੀ ਕਲਾ ਬਣਾਈ ਰੱਖਣ ਦੀ ਅਰਦਾਸ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਹਾਂ।
ਇਸ ਮੌਕੇ ਤੇ ਉਹਨਾਂ ਨਾਲ ਸਰੀ ਨਿਊਟਨ ਤੋਂ ਉਮੀਦਵਾਰ ਰਹੇ ਹਰਜੀਤ ਸਿੰਘ ਗਿੱਲ, ਜਗਜੀਤਪਾਲ ਸਿੰਘ ਸੰਧੂ, ਜਸਦੀਪ ਸਿੱਧੂ, ਬਲਬੀਰ ਸਿੰਘ ਢੋਟ, ਕਬੱਡੀ ਪ੍ਰਮੋਟਰ ਬਲਬੀਰ ਬੈੰਸ, ਗੁਰਪਤਾਪ ਸਿੰਘ ਵਿਰਕ, ਬਲਵਿੰਦਰ ਸਿੰਘ ਧਾਲੀਵਾਲ, ਜਗਦੀਪ ਸੰਧੂ, ਇਕਬਾਲ ਸੰਧੂ, ਐਮ.ਐਲ.ਏ. ਮਨਦੀਪ ਸਿੰਘ ਧਾਲੀਵਾਲ ਤੇ ਹੋਰ ਕਰੀਬੀ ਸਾਥੀ ਹਾਜ਼ਿਰ ਸਨ।

Leave a Reply

Your email address will not be published. Required fields are marked *