ਨਵੀਂ ਕੈਬਨਿਟ ਵਿਚ ਸਰੀ ਨੂੰ ਯੋਗ ਪ੍ਰਤੀਨਿਧਤਾ ਦੇਣ ਦੀ ਮੰਗ-
ਸਰੀ ( ਕਾਹਲੋਂ)- ਸਰੀ ਸਿਟੀ ਦੇ ਮੇਅਰ ਅਤੇ ਕੌਂਸਲ ਨੇ ਕੈਨੇਡਾ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਕਾਰਨੀ ਨੂੰ ਇਸ ਮਹੱਤਵਪੂਰਣ ਤੇ ਵੱਡੀ ਜਿੰਮੇਵਾਰੀ ਵਾਲਾ ਅਹੁਦਾ ਸੰਭਾਲਮ ਲਈ ਵਧਾਈ ਦਿੱਤੀ ਹੈ।ਇਥੇ ਜਾਰੀ ਇਕ ਬਿਆਨ ਵਿਚ ਸਰੀ ਮੇਅਰ ਬਰੈਂਡਾ ਲੌਕ ਨੇ ਕਿਹਾ ਹੈ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਦੀ ਅਗਵਾਈ ਕਰਨ ਲਈ ਕਿੰਨੀ ਵੱਡੀ ਜ਼ਿੰਮੇਵਾਰੀ ਅਤੇ ਸਮਰਪਣ ਜੁੜਿਆ ਹੋਇਆ ਹੈ, ਅਤੇ ਅਸੀਂ ਤੁਹਾਡੀ ਕੈਨੇਡਾ ਪ੍ਰਤੀ ਵਚਨਬੱਧਤਾ ਦੀ ਕਦਰ ਕਰਦੇ ਹਾਂ। ਇੱਕ ਐਸੇ ਵਿਅਕਤੀ ਵਜੋਂ ਜਿਸ ਨੇ ਸੂਬਾਈ ਸਰਕਾਰ ਵਿੱਚ ਵੀ ਸੇਵਾ ਕੀਤੀ ਹੈ, ਮੈਂ ਸਮਝਦੀ ਹਾਂ ਕਿ ਉਨ੍ਹਾਂ ‘ਤੇ ਕਿੰਨਾ ਭਰੋਸਾ ਅਤੇ ਉਮੀਦ ਰੱਖੀ ਗਈ ਹੈ, ਅਤੇ ਮੈਂ ਉਨ੍ਹਾਂ ਦੀ ਸਫਲਤਾ ਲਈ ਸ਼ੁੱਭਕਾਮਨਾਵਾਂ ਦਿੰਦੀ ਹਾਂ।
ਮੈਂ ਪ੍ਰਧਾਨ ਮੰਤਰੀ ਕਾਰਨੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਹਾਂ ਕਿ ਸਰੀ ਵਿੱਚ ਕਿੰਨਾ ਵੱਡਾ ਬਦਲਾਅ ਆ ਰਿਹਾ ਹੈ ਅਤੇ ਤੇਜ਼ੀ ਵਿਕਾਸ ਹੋ ਰਿਹਾ ਹੈ। ਅਸੀਂ ਸਿਰਫ਼ ਇੱਕ ਵਿਕਾਸਸ਼ੀਲ ਸ਼ਹਿਰ ਨਹੀਂ ਹਾਂ, ਬਲਕਿ ਸਰੀ ਹੁਣ ਕੈਨੇਡਾ ਦੇ ਸਭ ਤੋਂ ਮਹੱਤਵਪੂਰਨ ਸ਼ਹਿਰੀ ਕੇਂਦਰਾਂ ਵਿੱਚੋਂ ਇੱਕ ਬਣ ਰਿਹਾ ਹੈ। ਸਰੀ ਜਲਦੀ ਹੀ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਬਣਨ ਵਾਲਾ ਹੈ, ਜਿੱਥੇ ਹਰ ਦਿਨ ਔਸਤਨ 28 ਨਵੇਂ ਨਿਵਾਸੀ ਆ ਰਹੇ ਹਨ। ਸਿਰਫ਼ ਪਿਛਲੇ 20 ਸਾਲਾਂ ਵਿੱਚ, ਸਾਡੀ ਆਬਾਦੀ ਵਿੱਚ 2.5 ਲੱਖ ਤੋਂ ਵੱਧ ਦਾ ਵਾਧਾ ਹੋਇਆ ਹੈ – ਜੋ ਕਿ ਰਿਚਮੰਡ ਦੇ ਆਕਾਰ ਦੀ ਆਬਾਦੀ ਦੇ ਬਰਾਬਰ ਹੈ। ਜੇਕਰ ਇਹ ਰੁਝਾਨ ਜਾਰੀ ਰਹਿੰਦਾ ਹੈ, ਜੋ ਸਾਰੇ ਸੰਕੇਤ ਦੱਸਦੇ ਹਨ ਕਿ ਇਹ ਜਾਰੀ ਰਹੇਗਾ – ਤਾਂ ਸਰੀ ਜਲਦੀ ਹੀ 10 ਲੱਖ ਨਿਵਾਸੀਆਂ ਵਾਲਾ ਸ਼ਹਿਰ ਬਣ ਜਾਵੇਗਾ।
ਇਹ ਵਿਕਾਸ ਸਿਰਫ਼ ਇੱਕ ਖੇਤਰ ਤੱਕ ਸੀਮਤ ਨਹੀਂ। ਸਾਡੀ ਹਰ ਕਮਿਊਨਿਟੀ ਵਿੱਚ ਵੱਖ-ਵੱਖ ਪੱਧਰ ‘ਤੇ ਵਿਕਾਸ ਹੋ ਰਿਹਾ ਹੈ, ਜੋ ਆਪਣੇ ਆਪ ਵਿੱਚ ਇੱਕ ਸ਼ਹਿਰ ਦੇ ਬਰਾਬਰ ਹੈ । ਸਰੀ ਸਿਟੀ ਸੈਂਟਰ ਨੂੰ ਹੀ ਦੇਖੋ – ਸਾਡੀ ਸਭ ਤੋਂ ਸੰਘਣੀ ਆਬਾਦੀ ਵਾਲਾ ਇਲਾਕਾ 2016 ਤੋਂ 2021 ਤੱਕ ਇਹ 25% ਵਧਿਆ। ਇਸਦਾ ਅਰਥ ਹੈ ਕਿ ਉੱਥੇ ਮਿਲਣ ਵਾਲੇ ਹਰ ਚੌਥੇ ਵਿਅਕਤੀ ਲਈ ਇਹ ਖੇਤਰ ਨਵਾਂ ਹੈ। ਨਿਊਟਨ, ਜੋ ਕਿ ਕਾਰੋਬਾਰ ਦੇ ਹਿਸਾਬ ਨਾਲ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਟਾਊਨ ਸੈਂਟਰ ਹੈ, ਉੱਥੇ ਸਿਰਫ਼ ਇੱਕ ਸਾਲ ਵਿੱਚ ਹੀ 7% ਵਾਧਾ ਹੋਇਆ। ਅੱਜ ਸਰੀ ਦੇ ਇੱਕ ਤਿਹਾਈ ਤੋਂ ਵੱਧ ਕਾਰੋਬਾਰ ਨਿਊਟਨ ਵਿੱਚ ਹਨ ਅਤੇ 158,000 ਤੋਂ ਵੱਧ ਨਿਵਾਸੀਆਂ ਦੇ ਨਾਲ, ਨਿਊਟਨ ਕੋਕਿਟਲਮ ਦੇ ਆਕਾਰ ਦੇ ਇੱਕ ਪੂਰੇ ਸ਼ਹਿਰ ਦੇ ਬਰਾਬਰ ਹੈ। ਸਰੀ ਭਰ ਵਿੱਚ, 281,000 ਤੋਂ ਵੱਧ ਲੋਕ ਰੋਜ਼ਗਾਰਸ਼ੁਦਾ ਹਨ – ਜੋ ਕਿ ਖੇਤਰ ਦੇ 20% ਰੋਜ਼ਗਾਰ ਦੇ ਬਰਾਬਰ ਹੈ – ਅਤੇ 24,000 ਤੋਂ ਵੱਧ ਕਾਰੋਬਾਰ ਸਾਡੇ ਸ਼ਹਿਰ ਵਿੱਚ ਸਥਾਪਤ ਹਨ।
ਸਰੀ ਨੂੰ ਪੱਛਮੀ ਕੈਨੇਡਾ ਦੀ ਆਰਥਿਕ ਇੰਜਣ ਵਜੋਂ ਜਾਣਿਆਂ ਜਾਂਦਾ ਹੈ, ਜੋ ਕਿ ਸੱਚਮੁੱਚ ਹਕੀਕਤ ਹੈ। ਅਸੀਂ ਇੱਕ ਅਜਿਹਾ ਸ਼ਹਿਰ ਹਾਂ ਜਿੱਥੇ ਮੌਕੇ ਮਿਲਦੇ ਹਨ, ਹਰ ਆਕਾਰ ਦੇ ਕਾਰੋਬਾਰ ਇੱਥੇ ਸਿਰਫ਼ ਟਿਕਦੇ ਨਹੀਂ, ਬਲਕਿ ਸਫਲ ਵੀ ਹੁੰਦੇ ਹਨ। ਸਾਡੇ ਕੋਲ ਲੋਅਰ ਮੈਨਲੈਂਡ ਵਿੱਚ ਸਭ ਤੋਂ ਵੱਧ ਵਿਕਾਸਯੋਗ ਉਦਯੋਗਿਕ ਜ਼ਮੀਨ ਮੌਜੂਦ ਹੈ – ਲਗਭਗ 365 ਹੈਕਟੇਅਰ। ਉਦਯੋਗਿਕ ਥਾਂ ਦੀ ਭਾਰੀ ਕਮੀ ਵਾਲੇ ਖੇਤਰ ਵਿੱਚ ਇਹ ਸਾਡੀ ਵੱਡੀ ਤਾਕਤ ਹੈ। ਇਸ ਦਾ ਅਰਥ ਹੈ ਕਿ ਕਈ ਉਦਯੋਗਿਕ ਕੰਪਨੀਆਂ ਜੋ ਨਵੀਨਤਾ, ਵਿਸਥਾਰ ਜਾਂ ਨਵੀਂ ਸ਼ੁਰੂਆਤ ਚਾਹੁੰਦੀਆਂ ਹਨ, ਉਹ ਸਰੀ ਨੂੰ ਆਪਣਾ ਘਰ ਬਣਾਉਣ ਲਈ ਆਕਰਸ਼ਿਤ ਹੋਣਗੀਆਂ। ਅਸੀਂ ਉਹ ਸ਼ਹਿਰ ਹਾਂ ਜਿੱਥੇ ਸੰਭਾਵਨਾ ਅਤੇ ਤਰੱਕੀਆਂ ਮਿਲਦੀਆਂ ਹਨ।
ਇਹ ਵਿਕਾਸ,ਆਕਾਰ ਤੇ ਅਮਰੀਕਾ ਨਾਲ ਲੱਗਦੇ ਸ਼ਹਿਰ ਹੋਣ ਅਤੇ ਬੀ.ਸੀ. ਦਾ ਪਹਿਲਾ 10 ਲੱਖ ਦੀ ਆਬਾਦੀ ਵਾਲਾ ਸ਼ਹਿਰ ਬਣਨ ਦੇ ਨਜ਼ਦੀਕ ਹੋਣ ਦੇ ਮੱਦੇਨਜ਼ਰ, ਅਸੀਂ ਮੰਨਦੇ ਹਾਂ ਕਿ ਸਰੀ ਦੀ ਫੈਡਰਲ ਕੈਬਨਿਟ ਵਿੱਚ ਮਜ਼ਬੂਤ ਨੁਮਾਇੰਦਗੀ ਹੋਣੀ ਚਾਹੀਦੀ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਕਾਰਨੀ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਸਰੀ ਤੋਂ ਇੱਕ ਫੈਡਰਲ ਕੈਬਨਿਟ ਮੈਂਬਰ ਦੀ ਨਿਯੁਕਤੀ ਲਈ ਬੇਨਤੀ ਕੀਤੀ ਹੈ। ਜੋ ਸਾਡੇ ਤੇਜ਼ੀ ਨਾਲ ਵਧ ਰਹੇ ਸ਼ਹਿਰ ਦੀਆਂ ਵਿਲੱਖਣ ਲੋੜਾਂ ਅਤੇ ਮੌਕਿਆਂ ਨੂੰ ਫੈਡਰਲ ਸਰਕਾਰ ਵਿੱਚ ਚੰਗੀ ਤਰਾਂ ਦਰਸਾਉਣਾ ਯਕੀਨੀ ਬਣਾ ਸਕੇ । ਮੈਂ ਪ੍ਰਧਾਨ ਮੰਤਰੀ ਕਾਰਨੀ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿ ਉਨ੍ਹਾਂ ਨੇ ਚੁਣੇ ਜਾਣ ਤੋਂ ਤੁਰੰਤ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ, ਤਾਂ ਜੋ ਟੈਰਿਫ਼ ਦੇ ਪ੍ਰਭਾਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਸਰੀ, ਪੱਛਮੀ ਕੈਨੇਡਾ ਵਿੱਚ ਸਭ ਤੋਂ ਵੱਡਾ ਸਰਹੱਦੀ ਲਾਂਘਾ ਅਤੇ ਇੱਕ ਮੁੱਖ ਆਰਥਿਕ ਕੇਂਦਰ ਹੈ, ਜੋ ਇਸ ਮੁੱਦੇ ਨਾਲ ਖ਼ਾਸ ਤੌਰ ‘ਤੇ ਪ੍ਰਭਾਵਿਤ ਹੋ ਰਿਹਾ ਹੈ। ਅਸੀਂ ਇਸ ਮਾਮਲੇ ਵੱਲ ਉਨ੍ਹਾਂ ਦੇ ਸ਼ੁਰੂਆਤੀ ਯਤਨਾਂ ਅਤੇ ਤੇਜ਼ੀ ਨਾਲ ਧਿਆਨ ਦੇਣ ਲਈ ਧੰਨਵਾਦੀ ਹਾਂ।