26 ਅਪ੍ਵੈਲ ਨੂੰ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਆਖੰਡ ਪਾਠ ਦੇ ਭੋਗ ਪਵਾਏ-
ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- 26 ਅਪ੍ਰੈਲ ਨੂੰ ਵੈਨਕੂਵਰ ਦੀ ਫਰੇਜ਼ਰ ਸਟਰੀਟ ਅਤੇ 43 ਐਵਨਿਊ ਉਪਰ ਲੈਪੂ ਲੈਪੂ ਨਾਮ ਦੇ ਫਿਲਪੀਨੋ ਸਮਾਗਮ ਦੌਰਾਨ ਇਕ ਸਿਰਫਿਰੇ ਵਲੋਂ ਗੱਡੀ ਚੜਾਕੇ 11 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੀ ਦੁਖਦਾਈ ਘਟਨਾ ਉਪਰੰਤ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਫਿਲਪੀਨੋ ਕਮਿਊਨਿਟੀ ਦੇ ਗਮ ਵਿਚ ਸ਼ਰੀਕ ਹੋਣ ਅਤੇ ਹਮਦਰਦੀ ਲਈ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ। ਇਸ ਮੌਕੇ ਇਸ ਦੁਖਦਾਈ ਘਟਨਾ ਵਿਚ ਮਾਰੇ ਗਏ ਵਿਅਕੀਆਂ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਐਮ ਐਲ ਏ ਜੌਰ ਚਾਓ ਅਤੇ ਐਮ ਐਲ ਏ ਸੁਨੀਤਾ ਧੀਰ ਵਲੋਂ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਵੈਨਕੂਵਰ ਦੇ ਮੇਅਰ ਅਤੇ ਕੌਂਸਲ ਦੇ ਨੁਮਾਇੰਦਿਆਂ ਨੇ ਵੀ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ। ਇਹ ਪਲ ਬਹੁਤ ਹੀ ਭਾਵੁਕ ਸਨ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਵਾਈਸ ਪ੍ਰਧਾਨ ਜਗਦੀਪ ਸਿੰਘ ਸੰਘੇੜਾ ਨੇ ਕਮੇਟੀ ਦੀ ਤਰਫੋਂ ਨਾਲ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਗੁਰੂ ਘਰ ਦੇ ਹੈਡ ਗਰੰਥੀ ਗਿਆਨੀ ਹਰਮਿੰਦਰਪਾਲ ਸਿੰਘ ਨੇ ਪੰਜਾਬੀ ਤੇ ਅੰਗਰੇਜੀ ਵਿਚ ਗੁਰੂ ਗਰੰਥ ਸਾਹਿਬ ਵਿਚ ਦਰਜ ਗੁਰਬਾਣੀ ਦੇ ਹਵਾਲੇ ਨਾਲ ਸੰਗਤਾਂ ਨੂੰ ਧਰਵਾਸ ਦਿੱਤਾ ਅਤੇ ਇਸ ਤਰਾਂ ਨਫਰਤੀ ਘਟਨਾਵਾਂ ਦੀ ਘੋਰ ਨਿੰਦਾ ਕੀਤੀ। ਇਸ ਮੌਕੇ ਉਹਨਾਂ ਸਿੱਖ ਵਿਰਾਸਤੀ ਮਹੀਨੇ ਬਾਰੇ ਬੋਲਦਿਆਂ ਨਵੀਂ ਪੀੜੀ ਨੂੰ ਆਪਣੇ ਵਿਰਸੇ ਅਤੇ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਆਏ ਸਾਰੇ ਪਤਵੰਤਿਆਂ ਨੇ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਵੀ ਕੀਤੀ ਤੇ ਗੁਰੂ ਕਾ ਲੰਗਰ ਛਕਿਆ।