Headlines

ਪੁਣਛ ਹਮਲੇ ’ਚ ਜ਼ਖ਼ਮੀ ਪਿਓ ਪੁੱਤ ਇਲਾਜ ਲਈ ਅੰਮ੍ਰਿਤਸਰ ਪੁੱਜੇ

ਧਾਮੀ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ; ਪਾਵਨ ਸਰੂਪ ਸੁਰੱਖਿਅਤ ਸੇਵਾ ਸੰਭਾਲ ਵਾਸਤੇ ਲਿਆਉਣ ਲਈ ਵਿਸ਼ੇਸ਼ ਵਾਹਨ ਭੇਜਿਆ

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 9 ਮਈ

ਪਾਕਿਸਤਾਨ ਵੱਲੋਂ ਜੰਮੂ ਦੇ ਪੁਣਛ ਇਲਾਕੇ ਵਿੱਚ ਕੀਤੇ ਗਏ ਹਮਲੇ ਦੌਰਾਨ ਜ਼ਖ਼ਮੀ ਹੋਏ ਸਿੱਖਾਂ ਦੇ ਪਰਿਵਾਰਕ ਮੈਂਬਰ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਪੁੱਜੇ ਹਨ। ਇਨ੍ਹਾਂ ਦਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਸਵੇਰੇ ਹਾਲ ਚਾਲ ਪੁੱਛਿਆ ਹੈ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਪੁਣਛ ਵਿੱਚ ਨੁਕਸਾਨੇ ਗਏ ਗੁਰਦੁਆਰੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਇਸ ਇਲਾਕੇ ਦੇ ਹੋਰ ਗੁਰਦੁਆਰਿਆਂ ਵਿੱਚੋਂ ਪਾਵਨ ਸਰੂਪ ਸੁਰੱਖਿਅਤ ਸੇਵਾ ਸੰਭਾਲ ਵਾਸਤੇ ਲਿਆਉਣ ਲਈ ਇੱਕ ਵਿਸ਼ੇਸ਼ ਵਾਹਨ ਭੇਜਿਆ ਹੈ। ਇਹ ਪਾਵਨ ਸਰੂਪ ਗੁਰਦੁਆਰਾ ਬਾਰਠ ਸਾਹਿਬ ਵਿਖੇ ਸੇਵਾ ਸੰਭਾਲ ਲਈ ਰੱਖੇ ਜਾਣਗੇ।

ਇੱਥੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਪੁੱਜੇ ਪੁਣਛ ਵਾਸੀ ਗੁਰਮੀਤ ਸਿੰਘ ਅਤੇ ਉਸ ਦਾ ਛੋਟਾ ਬੇਟਾ ਸ਼ਾਮਲ ਹਨ। ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਦੌਰਾਨ ਉਥੇ ਗੁਰਦੁਆਰੇ ਨੂੰ ਵੀ ਨੁਕਸਾਨ ਹੋਇਆ ਹੈ ਅਤੇ ਚਾਰ ਸਿੱਖ ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿੱਚ ਇੱਕ ਰਾਗੀ ਵੀ ਸ਼ਾਮਲ ਸੀ। ਇਸ ਹਮਲੇ ਦੌਰਾਨ ਕਈ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਏ ਹਨ। ਇੱਥੇ ਇਲਾਜ ਵਾਸਤੇ ਦਾਖਲ ਕਰਵਾਏ ਗਏ ਗੁਰਮੀਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦਾ ਬੇਟਾ ਵੀ ਜ਼ਖਮੀ ਹੈ।ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਸ ਇਲਾਕੇ ਵਿੱਚ ਦੁਬਾਰਾ ਵੀ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਹੈ, ਜਿਸ ਨਾਲ ਉਥੇ ਹੋਰ ਨੁਕਸਾਨ ਹੋਇਆ ਹੈ। ਇਸ ਲਈ ਨੁਕਸਾਨੇ ਗਏ ਗੁਰਦੁਆਰੇ ਸਮੇਤ ਹੋਰ ਗੁਰਦੁਆਰਿਆਂ ਵਿੱਚੋਂ ਪਾਵਨ ਸਰੂਪ ਸੇਵਾ ਸੰਭਾਲ ਲਈ ਲਿਆਂਦੇ ਜਾ ਰਹੇ ਹਨ।

ਸਕੱਤਰ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਵਿਸ਼ੇਸ਼ ਵਾਹਨ ਭੇਜਿਆ ਹੈ, ਜੋ ਉਥੋਂ ਸਾਰੇ ਗੁਰਦੁਆਰਿਆਂ ਵਿੱਚੋਂ ਪਾਵਨ ਸਰੂਪ ਲੈ ਕੇ ਆਵੇਗਾ ਅਤੇ ਉਸ ਨੂੰ ਗੁਰਦੁਆਰਾ ਬਾਰਠ ਸਾਹਿਬ ਵਿਖੇ ਸੇਵਾ ਸੰਭਾਲ ਲਈ ਰੱਖਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸਰਹੱਦੀ ਖੇਤਰ ਦੇ ਇਲਾਕੇ ਨਾਲ ਲੱਗਦੇ ਗੁਰਦੁਆਰਿਆਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਲੋਕਾਂ ਦੀ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹ ਕਿਹਾ ਕਿ ਕਿਸੇ ਵੀ ਸੰਕਟ ਦੇ ਸਮੇਂ ਲੋਕ ਗੁਰਦੁਆਰਿਆਂ ਵਿੱਚ ਠਹਿਰਾਅ ਵਾਸਤੇ ਆ ਸਕਦੇ ਹਨ। ਗੁਰੂ ਘਰਾਂ ਦੇ ਦਰਵਾਜ਼ੇ ਉਨ੍ਹਾਂ ਲਈ 24 ਘੰਟੇ ਖੁੱਲ੍ਹੇ ਰਹਿਣਗੇ, ਜਿੱਥੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਰਿਹਾਇਸ਼ ਅਤੇ ਲੰਗਰ ਮੁਹੱਈਆ ਕੀਤਾ ਜਾਵੇਗਾ।

 

Leave a Reply

Your email address will not be published. Required fields are marked *