ਪਿੰਡ ਵਾਸੀ ਸਹਿਮੇ; ਪੁਲੀਸ ਨੇ ਤਲਾਸ਼ੀ ਮੁਹਿੰਮ ਚਲਾਈ
ਪਠਾਨਕੋਟ, 8 ਮਈ
ਭਾਰਤ ਵੱਲੋਂ ‘ਅਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨੀ ਅਤਿਵਾਦੀਆਂ ਖ਼ਿਲਾਫ਼ ਕੀਤੀ ਕਾਰਵਾਈ ਤੋਂ ਪਾਕਿਸਤਾਨ ਬੁਖ਼ਲਾਹਟ ਵਿੱਚ ਹੈ ਅਤੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਸਰਹੱਦੀ ਖੇਤਰ ਦੇ ਆਲੇ-ਦੁਆਲੇ ਅਤੇ ਹੋਰ ਖੇਤਰਾਂ ਵਿੱਚ ਲੋਕਾਂ ਨੇ ਅੱਜ ਤੜਕੇ ਪਠਾਨਕੋਟ ਏਅਰਬੇਸ ਕੋਲ ਲਾਈਟਾਂ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ। ਇਸ ਨਾਲ ਡਰ ਦਾ ਮਾਹੌਲ ਪੈਦਾ ਹੋ ਗਿਆ। ਸੂਚਨਾ ਮਿਲਦੇ ਸਾਰ ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਤੇ ਪੁਲੀਸ ਦੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਆਪਣੀ ਨਿਗਰਾਨੀ ਹੇਠ ਸਾਰੇ ਸੰਵੇਦਨਸ਼ੀਲ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ ਤਲਾਸ਼ੀ ਮੁਹਿੰਮ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।
ਪਠਾਨਕੋਟ ਏਅਰਬੇਸ ਦੇ ਨਾਲ ਲੱਗਦੇ ਪਿੰਡ ਨੌਸ਼ਹਿਰਾ ਨਲਬੰਦਾ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਵਾ ਕੁ ਪੰਜ ਵਜੇ ਦੇ ਕਰੀਬ ਅਸਮਾਨ ਵਿੱਚੋਂ ਲਾਟੀਆਂ ਨਿਕਲੀਆਂ ਅਤੇ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ। ਉਨ੍ਹਾਂ ਅਤੇ ਹੋਰ ਪਿੰਡ ਵਾਸੀਆਂ ਨੇ ਕੋਠਿਆਂ ’ਤੇ ਚੜ੍ਹ ਕੇ ਦੇਖਿਆ ਤਾਂ ਉਨ੍ਹਾਂ ਨੂੰ ਜਾਪਿਆ ਕਿ ਕੋਈ ਡਰੋਨ ਰਾਹੀਂ ਏਅਰਬੇਸ ਵਾਲੇ ਪਾਸੇ ਕਾਰਵਾਈ ਹੋ ਰਹੀ ਹੈ। ਇਸ ਨਾਲ ਪਿੰਡ ਵਾਸੀ ਵੀ ਸਹਿਮ ਗਏ।
ਸ੍ਰੀ ਢਿੱਲੋਂ ਨੇ ਕਿਹਾ ਕਿ ਫੌਜ ਅਤੇ ਏਅਰ ਫੋਰਸ ਆਪਣੇ ਪੱਧਰ ’ਤੇ ਕਾਰਵਾਈਆਂ ਕਰਦੀਆਂ ਰਹਿੰਦੀਆਂ ਹਨ ਪਰ ਜਿੱਥੇ ਸਿਵਲ ਏਰੀਆ (ਆਬਾਦੀਆਂ) ਹੁੰਦਾ ਹੈ, ਉਥੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਪੁਲੀਸ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਕਈ ਤਰ੍ਹਾਂ ਦੇ ਆਪਰੇਸ਼ਨ ਚਲਾਏ ਜਾਂਦੇ ਹਨ। ਲੋਕਾਂ ਨੂੰ ਡਰਨਾ ਨਹੀਂ ਚਾਹੀਦਾ ਅਤੇ ਨਾ ਹੀ ਕਿਸੇ ਭੜਕਾਹਟ ਵਿੱਚ ਆਉਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਪੁਲੀਸ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਦੇ ਮੂਹਰੇ ਹੋ ਕੇ ਸੁਰੱਖਿਆ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਵੀ ਪੁਲੀਸ ਨੂੰ ਗ਼ੈਰਸਮਾਜੀ ਅਨਸਰਾਂ ਬਾਰੇ ਸੂਚਨਾ ਮਿਲਦੀ ਹੈ ਤਾਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ। ਇਸੇ ਲੜੀ ਤਹਿਤ ਮਿਲੀ ਜਾਣਕਾਰੀ ਦੇ ਚਲਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤ ਰਹਿਣ ਅਤੇ ਜੇ ਕਿਸੇ ਤਰ੍ਹਾਂ ਦਾ ਕੋਈ ਵੀ ਸ਼ੱਕੀ ਵਿਅਕਤੀ ਘੁੰਮਦਾ ਦਿਖਾਈ ਦਿੰਦਾ ਹੈ ਤਾਂ ਇਸ ਦੀ ਸੂਚਨਾ ਪੇਂਡੂ ਸੁਰੱਖਿਆ ਕਮੇਟੀਆਂ ਨੂੰ ਦੇਣ। ਇਸੇ ਦੌਰਾਨ ਅੱਜ ਸ਼ਾਮ ਅੱਠ ਕੁ ਵਜੇ ਧਮਾਕਿਆਂ ਦੀ ਆਵਾਜ਼ ਸੁਣਨ ਮਗਰੋਂ ਸ਼ਹਿਰ ਵਿੱਚ ਮੁਕੰਮਲ ਤੌਰ ’ਤੇ ਬਲੈਕ ਆਊਟ ਕਰ ਦਿੱਤਾ ਗਿਆ।