ਨਵੀਂ ਦਿੱਲੀ (ਏਜੰਸੀਆਂ)-ਭਾਰਤ ਵਲੋਂ ਪਹਿਲਗਾਮ ਵਿਚ ਅਤਵਾਦੀ ਹਮਲੇ ਦੇ ਜਵਾਬ ਵਿਚ ਅਪ੍ਰੇਸ਼ਨ ਸਿੰਧੂਰ ਤਹਿਤ ਮਕਬੂਜਾ ਕਸ਼ਮੀਰ ਵਿਚ ਅਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪਰ ਪਾਕਿਸਤਾਨ ਸਰਕਾਰ ਨੇ ਇਸਨੂੰ ਮੁਲਕ ਤੇ ਹਮਲਾ ਕਰਾਰ ਦਿੰਦਿਆਂ ਜਵਾਬੀ ਕਾਰਵਾਈ ਵਿਚ ਭਾਰਤ ਵਿਚ ਕਈ ਡਰੋਨ ਤੇ ਮਿਜਾਇਲ ਹਮਲੇ ਕੀਤੇ ਹਨ।
ਭਾਰਤੀ ਫੌਜ ਨੇ ਸ਼ੁੱਕਰਵਾਰ ਸਵੇਰੇ ਕਿਹਾ ਕਿ 8-9 ਮਈ ਦੀ ਰਾਤ ਨੂੰ ਪਾਕਿਸਤਾਨੀ ਹਥਿਆਰਬੰਦ ਫੌਜਾਂ ਵੱਲੋਂ ਭਾਰਤੀ ਖੇਤਰ ’ਤੇ ਕੀਤੇ ਗਏ ਕਈ ਹਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਮ ਕੀਤਾ ਗਿਆ ਅਤੇ ਢੁਕਵਾਂ ਜਵਾਬ ਦਿੱਤਾ ਗਿਆ। ਪਾਕਿਸਤਾਨ ਨੇ 8 ਅਤੇ 9 ਮਈ ਦੀ ਵਿਚਕਾਰਲੀ ਰਾਤ ਨੂੰ ਪੂਰੀ ਪੱਛਮੀ ਸਰਹੱਦ ’ਤੇ ਡਰੋਨ ਅਤੇ ਹੋਰ ਗੋਲਾ ਬਾਰੂਦ ਦੀ ਵਰਤੋਂ ਕਰਕੇ ਕਈ ਹਮਲੇ ਕੀਤੇ।
ਪਾਕਿਸਤਾਨ ਨੇ 9 ਮਈ ਦੀ ਰਾਤ ਨੂੰ ਜੰਮੂ, ਸ੍ਰੀਨਗਰ, ਰਾਜਸਥਾਨ, ਗੁਜਰਾਤ ਤੇ ਪੰਜਾਬ ਦੇ ਕਈ ਸਰਹੱਦੀ ਇਲਾਕਿਆਂ ਵਿੱਚ ਮੁੜ ਡਰੋਨ ਹਮਲੇ ਕੀਤੇ, ਜਿਨ੍ਹਾਂ ਨੂੰ ਭਾਰਤੀ ਫੌਜ ਨੇ ਆਪਣੀ ਆਧੁਨਿਕ ਹਵਾਈ ਰੱਖਿਆ ਪ੍ਰਣਾਲੀ ਨਾਲ ਨਾਕਾਮ ਕਰ ਦਿੱਤਾ। ਸ੍ਰੀਨਗਰ ਵਿੱਚ ਵੀ ਹਵਾਈ ਅੱਡੇ ਕੋਲ 10 ਧਮਾਕੇ ਹੋਏ। ਸੁਰੱਖਿਆ ਬਲਾਂ ਨੇ ਸ੍ਰੀਨਗਰ ਹਵਾਈ ਅੱਡੇ ਤੇ ਅਵੰਤੀਪੋਰਾ ਹਵਾਈ ਅੱਡੇ ‘ਤੇ ਡਰੋਨ ਹਮਲਿਆਂ ਨੂੰ ਨਾਕਾਮ ਕਰ ਦਿੱਤਾ।
ਉੱਤਰ ਵਿੱਚ ਬਾਰਾਮੂਲਾ ਤੋਂ ਦੱਖਣ ਵਿੱਚ ਭੁਜ ਤੱਕ, ਅੰਤਰਰਾਸ਼ਟਰੀ ਸਰਹੱਦ ਅਤੇ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ਦੇ ਨਾਲ-ਨਾਲ 26 ਥਾਵਾਂ ‘ਤੇ ਡਰੋਨ ਦੇਖੇ ਗਏ ਹਨ। ਇਨ੍ਹਾਂ ਵਿੱਚ ਸ਼ੱਕੀ ਹਥਿਆਰਬੰਦ ਡਰੋਨ ਸ਼ਾਮਲ ਹਨ ਜੋ ਨਾਗਰਿਕ ਅਤੇ ਫੌਜੀ ਟੀਚਿਆਂ ਲਈ ਸੰਭਾਵੀ ਖ਼ਤਰਾ ਪੈਦਾ ਕਰਦੇ ਹਨ।ਇਨ੍ਹਾਂ ਥਾਵਾਂ ਵਿੱਚ ਬਾਰਾਮੂਲਾ, ਸ੍ਰੀਨਗਰ, ਅਵੰਤੀਪੋਰਾ, ਨਗਰੋਟਾ, ਜੰਮੂ, ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਲਾਲਗੜ੍ਹ ਜੱਟਾ, ਜੈਸਲਮੇਰ, ਬਾੜਮੇਰ, ਭੁਜ, ਕੁਆਰਬੇਟ ਅਤੇ ਲੱਖੀ ਨਾਲਾ ਸ਼ਾਮਲ ਹਨ।
ਉਧਰ ਸ੍ਰੀਨਗਰ ਵਿੱਚ ਮਸਜਿਦਾਂ ਦੇ ਲਾਊਡਸਪੀਕਰਾਂ ਤੋਂ ਸਥਾਨਕ ਲੋਕਾਂ ਨੂੰ ਸਾਵਧਾਨੀ ਵਜੋਂ ਆਪਣੀਆਂ ਲਾਈਟਾਂ ਬੰਦ ਕਰਨ ਲਈ ਕਿਹਾ ਗਿਆ ਹੈ। ਦੱਖਣੀ ਕਸ਼ਮੀਰ ਵਿੱਚ ਅਵੰਤੀਪੋਰਾ ਹਵਾਈ ਅੱਡੇ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਧਮਾਕੇ ਸੁਣੇ ਗਏ ਹਨ। ਪਾਕਿਸਤਾਨੀ ਫੌਜ ਵੱਲੋਂ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਭਾਰਤੀ ਫੌਜੀ ਟਿਕਾਣਿਆਂ ’ਤੇ ਹਮਲੇ ਦੀਆਂ ਨਾਕਾਮ ਕੋਸ਼ਿਸ਼ਾਂ ਤੋਂ ਇੱਕ ਦਿਨ ਬਾਅਦ ਡਰੋਨ ਦੇਖੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਡਰੋਨ ਜੰਮੂ ਅਤੇ ਪੰਜਾਬ ਦੇ ਊਧਮਪੁਰ ਅਤੇ ਨਗਰੋਟਾ ਵਿੱਚ ਵੀ ਦੇਖੇ ਗਏ ਹਨ। ਇਸੇ ਦੌਰਾਨ ਜੰਮੂ ਅਤੇ ਸਾਂਬਾ ਜ਼ਿਲ੍ਹਿਆਂ ਦੇ ਸੁਚੇਤਗੜ੍ਹ ਅਤੇ ਰਾਮਗੜ੍ਹ ਸੈਕਟਰਾਂ ਵਿੱਚ ਕੌਮਾਂਤਰੀ ਸਰਹੱਦ ’ਤੇ ਸਰਹੱਦ ਪਾਰੋਂ ਭਾਰੀ ਗੋਲੀਬਾਰੀ ਦੀਆਂ ਰਿਪੋਰਟਾਂ ਹਨ।