Headlines

ਪੰਜਾਬ ਤੇ ਸਿੱਖ ਪੰਥ ਦੀ ਚੜਦੀ ਕਲਾ ਲਈ ਸ੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ- ਜਥੇਦਾਰ ਵਡਾਲਾ

ਨਕੋਦਰ ਤੋਂ ਸਾਬਕਾ ਐਮ ਐਲ ਏ ਗੁਰਪ੍ਰਤਾਪ ਸਿੰਘ ਵਡਾਲਾ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਨਤਮਸਤਕ ਹੋਏ –

ਵੈਨਕੂਵਰ,11 ਮਈ (ਜੁਗਿੰਦਰ ਸਿੰਘ ਸੁੰਨੜ) -ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਐਤਵਾਰ ਦੇ ਦੀਵਾਨ ਵਿਚ ਨਕੋਦਰ ਹਲਕੇ ਦੇ ਸਾਬਕਾ ਐਮ.ਐਲ.ਏ ਤੇ ਅਕਾਲੀ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਗੁਰੂ ਘਰ ਨਤਮਸਤਕ ਹੋਏ। ਸ਼੍ਰੋਮਣੀ ਅਕਾਲੀ ਦਲ ਕੈਨੇਡਾ ਦੇ ਬੁਲਾਰੇ ਗੁਰਬਖ਼ਸ਼ ਸਿੰਘ ਸੰਘੇੜਾ ਨੇ ਉਨ੍ਹਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੇ ਸਵਰਗੀ ਪਿਤਾ ਜਥੇਦਾਰ ਕੁਲਦੀਪ ਸਿੰਘ ਵਡਾਲਾ ਅਕਾਲੀ ਦਲ ਦੇ ਸਿਰਕੱਢ ਆਗੂ ਰਹੇ ਹਨ। ਉਨ੍ਹਾਂ ਨੇ ਇਲਾਕੇ ਦੀ ਭਲਾਈ ਲਈ ਦਿਨ ਰਾਤ ਇੱਕ ਕੀਤਾ ਪਰ ਉਨ੍ਹਾਂ ਤੋਂ ਬਾਅਦ ਦੂਸਰੀਆਂ ਪਾਰਟੀਆਂ ਨੇ ਨਕੋਦਰ ਹਲਕੇ ਵਿਚ ਇੱਕ ਇੱਟ ਵੀ ਨਹੀਂ ਲਾਈ। ਉਨ੍ਹਾਂ ਨੇ ਦੱਸਿਆ ਖੇਤਰੀ ਪਾਰਟੀਆਂ ਹੀ ਪੰਜਾਬ ਦੀ ਭਲਾਈ ਲਈ ਕੰਮ ਕਰ ਸਕਦੀਆਂ ਹਨ ਬਾਕੀਆਂ ਨੂੰ ਤਾਂ ਲੋਕਾਂ ਨੇ ਪਰਖ ਲਿਆ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦੇ ਹੋਏ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਨਾਮਜ਼ਦ ਪੰਜ ਮੈਂਬਰੀ ਕਮੇਟੀ ਵਿਚ ਸ਼ਾਮਿਲ ਹਨ। ਉਹਨਾਂ ਪੰਜ ਮੈਂਬਰੀ ਕਮੇਟੀ ਵਲੋਂ ਕੀਤੀ ਜਾ ਰਹੀ ਭਰਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖੀ ਸਰੂਪ ਤੇ ਸਿੱਖੀ ਹਮਦਰਦੀ ਵਾਲੇ ਵਿਅਕਤੀ ਹੀ ਉਸ ਵਿਚ ਸ਼ਾਮਲ ਹੋਣ ਤਾਂ ਜੋ ਸਿੱਖ ਧਰਮ ਹੋਰ ਵੀ ਬੁਲੰਦੀਆਂ ਤੱਕ ਪਹੁੰਚੇ। ਇਸੇ ਤਰਾਂ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਯੋਗ ਵਿਅਕਤੀ ਹੀ ਅੱਗੇ ਆਉਣਗੇ। ਉਨ੍ਹਾਂ ਮੰਨਿਆ ਕਿ ਸਾਡੇ ਪਾਸੋਂ ਜੋ ਵੀ  ਗਲਤੀਆਂ ਹੋਈਆਂ ਹਨ, ਉਨ੍ਹਾਂ ਦੀ ਸਮੁੱਚੀ ਲੀਡਰਸ਼ਿਪ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਹੋਏ ਗੁਨਾਹਾਂ ਲਈ  ਅਸੀਂ ਸੰਗਤਾਂ ਤੋਂ ਮੁਆਫ਼ੀ ਮੰਗਦੇ ਹਾਂ ਤੇ ਸੰਗਤ ਬਖ਼ਸ਼ਣਹਾਰ  ਹੈ। ਇਸ ਦੇ ਨਾਲ ਹੀ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ-ਉੱਚਤਾ ਦਾ ਸਤਿਕਾਰ ਕਰਦੇ ਹਾਂ।  22 ਦਸੰਬਰ ਦੇ ਜਾਰੀ ਹੋਏ ਹੁਕਮਨਾਮੇ ਦੀ ਅਸੀਂ ਤਾਈਦ ਕਰਦੇ ਹਾਂ ਅਤੇ ਸਤਿਕਾਰ ਨਾਲ ਮੰਨਦੇ ਹਾਂ। ਨਵੀਂ ਮੈਂਬਰਸ਼ਿਪ ਦੀ ਭਰਤੀ ਵਾਸਤੇ ਉਨ੍ਹਾਂ ਨੇ ਯੋਗ ਤੇ ਸਿੱਖੀ ਸਿਧਾਂਤਾਂ ਵਾਲੇ ਵਿਅਕਤੀਆਂ ਨੂੰ ਅੱਗੇ ਆਉਣ ਦੀ ਬੇਨਤੀ ਕੀਤੀ ਤਾਂ ਜੋ ਸਿੱਖ ਧਰਮ ਹੋਰ ਪ੍ਰਫੁਲਤ ਹੋਵੇ। ਉਨ੍ਹਾਂ ਇਸ਼ਾਰੇ ਮਾਤਰ ਸੁਖਬੀਰ ਸਿੰਘ ਬਾਦਲ ਦਾ ਜਿਕਰ ਕਰਦੇ ਹੋਏ ਕਿਹਾ ਕਿ ਅਸੀਂ ਇੱਕ ਪਰਿਵਾਰ ਨੂੰ ਅਕਾਲ ਤਖ਼ਤ ਅਤੇ ਅਕਾਲੀ ਦਲ ਉਪਰ ਕਾਬਜ਼ ਨਹੀਂ ਹੋਣ ਦੇਣਾ ਚਾਹੁੰਦੇ। ਇਹ ਸਿੱਖ ਪੰਥ ਫ਼ੈਸਲਾ ਕਰੇ ਤੇ ਸਮੂਹ ਸੰਗਤ ਇਸ ਵਿਚ ਸ਼ਮੂਲੀਅਤ ਕਰ ਕੇ ਸਿੱਖ ਪੰਥ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਵੇ। ਪੰਜਾਬ ਦੀ ਚੜ੍ਹਦੀ ਕਲਾ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਤੀ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਹਰਮਿੰਦਰਪਾਲ ਸਿੰਘ ਨੇ ਕਮੇਟੀ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ।

Leave a Reply

Your email address will not be published. Required fields are marked *