Headlines

ਲੇਖਕ ਤੇ ਪੱਤਰਕਾਰ ਬਖਸ਼ਿੰਦਰ ਵਲੋਂ ਸਰੀ ਸ਼ਹਿਰ ਬਾਰੇ ਲਿਖੀ ਪੁਸਤਕ ”ਸਰੀਨਾਮਾ” ਮੇਅਰ ਬਰੈਂਡਾ ਲੌਕ ਨੂੰ ਭੇਟ

ਮੇਅਰ ਵਲੋਂ ਬਖਸ਼ਿੰਦਰ ਦੇ ਲੇਖਣ ਕਾਰਜ ਦੀ ਸ਼ਲਾਘਾ- ਪੁਸਤਕ ਦਾ ਦੁਸਰਾ ਐਡੀਸ਼ਨ ਛਾਪਣ ਲਈ ਵਿਚਾਰ –

ਸਰੀ (ਦੇ ਪ੍ਰ ਬਿ )-ਪੰਜਾਬੀ ਲੇਖਕ ਤੇ ਪੱਤਰਕਾਰ ਬਖ਼ਸ਼ਿੰਦਰ ਨੇ ਸਰੀ ਸ਼ਹਿਰ ਦੇ ਇਤਿਹਾਸ ਅਤੇ ਇਸ ਬਾਰੇ ਹੋਰ ਜਾਣਕਾਰੀ ਭਰਪੂਰ ਪੁਸਤਕ  ‘ਸਰੀਨਾਮਾ’ ਲਿਖ ਕੇ, ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਇਸ  ਜ਼ਿਕਰਯੋਗ ਤੇ ਯਾਦਗਾਰੀ ਲੇਖਣ ਕਾਰਜ ਲਈ ਸਰੀ ਨਿਵਾਸੀਆਂ ਦੀ ਤਰਫੋਂ ਸਰੀ ਕੌਂਸਲ ਲੇਖਕ ਦੀ ਧੰਨਵਾਦੀ ਹੈ।  ਇਹ ਸ਼ਬਦ, ਸਰੀ ਦੀ ਮੇਅਰ ਬਰੈਂਡਾ ਲੌਕ ਨੇ, ਉਨ੍ਹਾਂ ਨੂੰ ਇਸ ਕਿਤਾਬ ਦੇ ਲੇਖਕ ਵੱਲੋਂ ਸਿਟੀ ਹਾਲ ਵਿਚ, ਇਸ ਦੀ ਇਕ ਕਾਪੀ ਭੇਂਟ ਕਰਨ ਮੌਕੇ ਕਹੇ। ਇਸ ਮੌਕੇ  ਮੇਅਰ ਦੇ ਸਲਾਹਕਾਰ ਅਤੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਸ੍ਰੀ  ਹੈਰੀ ਕੂਨਰ ਤੇ ਕੌਂਸਲਰ ਰੌਬ ਸਟੱਟ ਵੀ ਹਾਜ਼ਰ ਸਨ।
‘ਸਰੀਨਾਮਾ’ ਦੀ ਇਕ ਕਾਪੀ ਸ਼੍ਰੀ ਕੂਨਰ ਨੂੰ ਵੀ ਭੇਂਟ ਕੀਤੀ ਗਈ। ਇਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਸੰਸਥਾ ਦੀ ਸਹਾਇਤਾ ਤੋਂ ਬਗ਼ੈਰ ਹੀ ਬਖ਼ਸ਼ਿੰਦਰ ਨੇ, ਆਪਣੇ ਤੌਰ ਤੇ ਸ਼ਹਿਰ ਬਾਰੇ ਇਹ ਕਿਤਾਬ ਲਿਖਕੇ ਤੇ ਪ੍ਰਕਾਸ਼ਤ ਕਰਾ ਕੇ, ਇਕ ਸੰਸਥਾ ਦੇ ਕਰਨ ਜੋਗਾ ਕੰਮ ਕੀਤਾ ਹੈ। ੳਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਦੇ ਕੁੱਝ ਪੰਨੇ ਪਰਤਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਕਿਤਾਬ ਲਿਖਣੀ ਸ਼ੁਰੂ ਕਰਨ ਤੋਂ ਪਹਿਲਾਂ, ਇਸ ਦੀ ਸਮੱਗਰੀ ਭਾਲਣ ਉੱਤੇ ਕਾਫੀ ਜ਼ਿਆਦਾ ਖੋਜ-ਕਾਰਜ ਵੀ ਕਰਨਾ ਪਿਆ ਹੋਵੇਗਾ। ਇਹ ਸਾਰਾ ਕੰਮ ਵੀ ਲੇਖਕ ਨੇ, ਕਿਸੇ ਦੀ ਸਹਾਇਤਾ ਲਏ ਬਿਨਾਂ, ਆਪਣੇ-ਆਪ ਹੀ ਸਿਰੇ ਲਾਇਆ  ਹੈ।
ਇਸ ਮੌਕੇ  ‘ਦੇਸ ਪ੍ਰਦੇਸ ਟਾਈਮਜ਼ ’ ਦੇ ਐਡੀਟਰ ਸੁਖਵਿੰਦਰ ਸਿੰਘ ਚੋਹਲਾ ਵੀ ਹਾਜ਼ਰ ਸਨ ਜਿਹਨਾਂ ਨੇ ਪੁਸਤਕ ਸਰੀਨਾਮਾ ਦੇ ਵੱਡਮੁੱਲੇ ਕਾਰਜ ਦੀ ਸ਼ਲਾਘਾ ਕਰਦਿਆਂ ਮੇਅਰ ਨੂੰ ਇਸ ਪੁਸਤਕ ਦਾ ਕੌੰਸਲ ਵਲੋਂ ਰੰਗਦਾਰ ਐਡੀਸ਼ਨ ਛਾਪਣ ਅਤੇ ਸ਼ਹਿਰ ਦੀਆਂ ਲਾਇਬ੍ਰੇਰੀਆਂ ਵਿਚ ਉਪਲੱਬਧ ਕਰਵਾਏ ਜਾਣ ਦੀ ਸਲਾਹ ਦਿੱਤੀ। ਇਸਦੀ ਪ੍ਰੋੜਤਾ ਸ੍ਰੀ ਹੈਰੀ ਕੂਨਰ ਅਤੇ ਕੌੰਸਲਰ ਰੌਬ ਸਟੱਟ ਵਲੋਂ ਕੀਤੀ ਜਾਣ ਤੇ ਮੇਅਰ ਨੇ ਯਕੀਨ ਦੁਆਇਆ ਕਿ ਆਉਣ ਵਾਲੇ ਸਮੇਂ ਵਿਚ, ਅਜਿਹੇ ਕਾਰਜਾਂ ਨੂੰ ਉਤਸ਼ਾਹਤ ਕਰਨ ਲਈ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ। ਉਨ੍ਹਾਂ ਹੋਰ ਕਿਹਾ ਕਿ ਇਸ ਪੁਸਤਕ ਸਰੀਨਾਮਾ ਦਾ ਰੰਗਦਾਰ ਐਡੀਸ਼ਨ ਪ੍ਰਕਾਸ਼ਤ ਕਰਨ  ਬਾਰੇ  ਵਿਚਾਰ ਕੀਤਾ ਜਾਵੇਗਾ।

 

Leave a Reply

Your email address will not be published. Required fields are marked *