ਸਰੀ, ਬੀ.ਸੀ. – ਸਰੀ ਸਿਟੀ ਕੌਂਸਲ ਵੱਲੋਂ 2024 ਦੇ ਅੰਤ ਵਿੱਚ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਤੋਂ ਬਾਅਦ, ਪੁਰਾਣੇ ਨੌਰਥ ਸਰੀ ਰੀਕਰੀਏਸ਼ਨ ਸੈਂਟਰ ਨੂੰ ਢਾਹੁਣ ਦਾ ਕੰਮ ਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਿਆ ਹੈ। ਇਹ ਇੱਕ ਮਹੱਤਵਪੂਰਨ ਪੜਾਅ ਹੈ, ਜੋ ਕਿ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ “ਸੈਂਟਰ ਬਲਾਕ” ਦੇ ਵਿਕਾਸ ਦੀ ਸ਼ੁਰੂਆਤ ਵੱਲ ਅਹਿਮ ਕਦਮ ਹੈ। ਇਹ ਇੱਕ ਬਹੁ-ਉਦੇਸ਼ੀ ਪ੍ਰੋਜੈਕਟ ਹੈ, ਜੋ ਸਰੀ ਦੇ ਡਾਊਨਟਾਊਨ ਸਿਟੀ ਸੈਂਟਰ ਨੂੰ ਬਿਲਕੁੱਲ ਨਵਾਂ ਰੂਪ ਦੇਵੇਗਾ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਨੌਰਥ ਸਰੀ ਰੀਕਰੀਏਸ਼ਨ ਸੈਂਟਰ ਨੇ ਕਈ ਸਾਲਾਂ ਤੱਕ ਭਾਈਚਾਰੇ ਦੀ ਸੇਵਾ ਕੀਤੀ ਹੈ ਤੇ ਅਨੇਕਾਂ ਹੀ ਵਧੀਆ ਯਾਦਾਂ ਦਿੱਤੀਆਂ ਹਨ”। ਭਾਵੇਂ ਕਿ ਇਸਦੀ ਢੋਆ-ਢੋਆਈ ਇੱਕ ਯੁੱਗ ਦੇ ਅੰਤ ਨੂੰ ਬਿਆਨ ਕਰਦੀ ਹੈ, ਪਰ ਨਾਲ ਹੀ ਇਹ ਸ਼ਹਿਰ ਲਈ ਇੱਕ ਨਵੀਂ ਅਤੇ ਰੋਮਾਂਚਕ ਤਬਦੀਲੀ ਦੀ ਸ਼ੁਰੂਆਤ ਦਾ ਵੀ ਸੰਕੇਤ ਦਿੰਦੀ ਹੈ। “ਸੈਂਟਰ ਬਲਾਕ ਦਾ ਵਿਕਾਸ, ਸਰੀ ਦੇ ਸਿਟੀ ਸੈਂਟਰ ਨੂੰ ਇਲਾਕੇ ਦੇ ਦੂਜੇ ਡਾਊਨਟਾਊਨ ਹੱਬ ਵਜੋਂ ਸਥਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਨਵਾਂ ਅਧਿਆਇ ਵਿਕਾਸ ਅਤੇ ਨਵੀਨਤਾ ਦੇ ਨਾਲ ਭਾਈਚਾਰੇ ਲਈ ਕੌਮਾਂਤਰੀ ਪੱਧਰ ਤੇ ਦਰਵਾਜ਼ੇ ਖੋਲ੍ਹੇਗਾ, ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਲਾਭਕਾਰੀ ਹੋਣਗੇ।”
ਸੈਂਟਰ ਬਲਾਕ ਵਿੱਚ ਦੋ ਉੱਚੀ ਇਮਾਰਤਾਂ ਵਾਲੇ ਦਫ਼ਤਰੀ ਟਾਵਰ, ਜ਼ਮੀਨੀ ਸਤਰ ‘ਤੇ ਰਿਟੇਲ ਯੂਨਿਟਾਂ ਅਤੇ ਇੱਕ ਰੌਣਕ ਭਰਿਆ ਜਨਤਕ ਪਲਾਜ਼ਾ ਸ਼ਾਮਲ ਹੋਵੇਗਾ, ਜੋ ਇਲਾਕੇ ਦੇ ਸਭ ਤੋਂ ਵੱਧ ਵਰਤੇ ਜਾਂਦੇ ਟਰਾਂਜ਼ਿਟ ਹੱਬ ਦੇ ਨੇੜੇ ਹੋਵੇਗਾ। ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ (Surrey City Development Corporation (SCDC)) ਦੀ ਅਗਵਾਈ ਵਾਲਾ ਇਹ ਪ੍ਰੋਜੈਕਟ ਸਰੀ ਦੇ ਵਿਕਸਤ ਹੋ ਰਹੇ ਡਾਊਨਟਾਊਨ ਕੋਰ ਵਿੱਚ ਲੰਬੇ ਸਮੇਂ ਦੇ ਆਰਥਿਕ ਵਿਕਾਸ, ਨਵੀਨੀਕਰਨ ਅਤੇ ਭਾਈਚਾਰਕ ਤਾਲਮੇਲ ਦਾ ਹੱਬ ਬਣੇਗਾ।
ਸੁਰੱਖਿਆ ਅਤੇ ਵਾਤਾਵਰਨ ਦੀ ਪਾਲਣਾ ਕਰਦੇ ਹੋਏ, ਢਾਹੁਣ ਦਾ ਕੰਮ ਪੜਾਵਾਂ ਵਿੱਚ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਐਰੀਨਾ -1 ਤੋਂ ਹੋਵੇਗੀ, ਫਿਰ ਲੌਬੀ ਅਤੇ ਜਿੰਮ, ਸਵਿਮਿੰਗ ਪੂਲ ਅਤੇ ਆਖ਼ਰ ਵਿੱਚ ਐਰੀਨਾ – 2, ਇਹ ਕੰਮ ਅਗਸਤ 2025 ਤੱਕ ਪੂਰਾ ਹੋਣ ਦੀ ਉਮੀਦ ਹੈ। ਸਰੀ ਸੈਂਟਰਲ ਸਕਾਈ ਟਰੇਨ ਸਟੇਸ਼ਨ ਅਤੇ ਬੱਸ ਲੂਪ ਦੇ ਨੇੜੇ ਸਾਈਟ ਹੋਣ ਕਰਕੇ, ਆਵਾਜਾਈ ਉੱਤੇ ਘੱਟੋ-ਘੱਟ ਪ੍ਰਭਾਵ ਪਾਉਣ ਲਈ, ਟਰੈਫ਼ਿਕ ਕੰਟਰੋਲ ਅਤੇ ਸਮੇਂ ਦੀ ਯੋਜਨਾ ਬਣਾਈ ਗਈ ਹੈ। ਸਿਵਿਕ ਫੈਸਿਲਿਟੀਜ਼ ਦੇ ਡਾਇਰੈਕਟਰ ਫ਼ਰਹਾਦ ਅਲੀਜ਼ਾਦੇਹ ਨੇ ਕਿਹਾ, “ਅਸੀਂ ਮੰਨਦੇ ਹਾਂ ਕਿ ਇਹ ਢਾਹੁਣਾ ਸਰੀ ਦੇ ਸਿਟੀ ਸੈਂਟਰ ਲਈ ਇੱਕ ਮਹੱਤਵਪੂਰਨ ਤਬਦੀਲੀ ਹੈ ਅਤੇ ਸਾਡੀ ਟੀਮ ਇਸ ਪ੍ਰਕਿਰਿਆ ਨੂੰ ਸੁਰੱਖਿਆ ਅਤੇ ਕੁਸ਼ਲਤਾ ਦੇ ਉੱਚ ਮਾਪਦੰਡਾਂ ਨਾਲ ਪੂਰਾ ਕਰਨ ਲਈ ਸਮਰਪਿਤ ਹੈ। “ਅਸੀਂ ਇਸ ਨਵੀਂ ਡਿਵੈਲਪਮੈਂਟ ਨੂੰ ਸ਼ੁਰੂ ਕਰਨ ਅਤੇ ਸਿਟੀ ਸੈਂਟਰ ਨੂੰ ਕਾਰੋਬਾਰਾਂ ਅਤੇ ਵਸਨੀਕਾਂ ਲਈ ਇੱਕ ਨਵੇਂ ਗਤੀਸ਼ੀਲ ਕੇਂਦਰ ਵਿੱਚ ਬਦਲਦੇ ਵੇਖਣ ਲਈ ਉਤਸ਼ਾਹਿਤ ਹਾਂ”।
ਢਾਹੁਣ ਦੇ ਠੇਕੇ ਲਈ ਫ਼ੰਡ 2024 ਦੇ ਮਨਜ਼ੂਰਸ਼ੁਦਾ ਕਾਰਪੋਰੇਟ ਕੈਪੀਟਲ ਬਜਟ ਵਿੱਚ ਉਪਲਬਧ ਹਨ। ਸਿਟੀ ਪ੍ਰੋਜੈਕਟ ਦੀ ਬਾਰੇ ਅੱਪਡੇਟ ਨਿਰੰਤਰ ਸਾਂਝਾ ਕਰਦੇ ਰਹਾਂਗੇ ।