ਬਠਿੰਡਾ ਜ਼ਿਲੇ ਨਾਲ ਸੰਬੰਧਿਤ ਸੀ ਮਾਪਿਆਂ ਦਾ ਇਕਲੌਤਾ ਪੁੱਤ
ਵੈਨਕੂਵਰ, 15 ਮਈ (ਮਲਕੀਤ ਸਿੰਘ)- ਆਪਣੇ ਭਵਿੱਖ ਲਈ ਸੰਜੋਏ ਸੁਪਨਿਆਂ ਦੀ ਪੂਰਤੀ ਲਈ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਕਨੇਡਾ ਪਹੁੰਚੇ ਨੌਜਵਾਨ ਲੜਕੇ ਲੜਕੀਆਂ ਦੀਆਂ ਆਏ ਦਿਨ ਕਿਸੇ ਨਾ ਕਿਸੇ ਕਾਰਨ ਹੋ ਰਹੀਆਂ ਮੌਤਾਂ ਦਾ ਦੁੱਖਦਾਈ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ ਮਹੀਨੇ ਵਾਪਰੀਆਂ ਅਜਿਹੀਆਂ ਘਟਨਾਵਾਂ ਚ ਜਿੱਥੇ ਕਿ ਤਰਨ ਤਾਰਨ ਜਿਲੇ ਦੀ ਇੱਕ ਨੌਜਵਾਨ ਲੜਕੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ, ਵੈਨਕੂਵਰ ਨੇੜਲੇ ਰਿੱਕ ਬੀਚ ਤੇ ਇੱਕ ਨੌਜਵਾਨ ਦੇ ਸਮੁੰਦਰ ਚ ਡੁੱਬਣ ਕਾਰਨ ਹੋਈ ਮੌਤ ਮਗਰੋਂ ਸਰੀ ਚ ਕਤਲ ਕੀਤੇ ਗਏ ਮਾਨਸਾ ਜ਼ਿਲ੍ਹੇ ਦੇ ਇੱਕ ਹੋਰ ਨੌਜਵਾਨ ਦੀ ਮੌਤ ਦਾ ਦੁੱਖ ਅਜੇ ਲੋਕਾਂ ਨੂੰ ਭੁੱਲ ਨਹੀਂ ਸੀ ਕਿ ਹੁਣ ਬਰੈੱਪਟਨ ਦੇ ਕੈਲੀਡਨ ਇਲਾਕੇ ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਪੈਸਲੀ ਸੋਗਿਨ ਨਦੀ ਦੇ ਡੂੰਘੇ ਪਾਣੀ ਚ ਡੁੱਬ ਜਾਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਬਠਿੰਡਾ ਜਿਲੇ ਨਾਲ ਸੰਬੰਧਿਤ ਗਗਨਦੀਪ ਸਿੰਘ ਨਾਂ ਦਾ 25 ਸਾਲਾ ਇਹ ਨੌਜਵਾਨ ਤਕਰੀਬਨ ਪੰਜ ਸਾਲ ਪਹਿਲਾਂ ਹੀ ਉਚੇਰੀ ਪੜ੍ਹਾਈ ਕਰਨ ਲਈ ਪੰਜਾਬ ਤੋਂ ਕਨੇਡਾ ਆਇਆ ਸੀ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਦਸਿਆ ਜਾ ਰਿਹਾ ਹੈ।|