ਸ੍ਰੋਮਣੀ ਕਵੀਸ਼ਰ ਸਵਰਗੀ ਕਰਨੈਲ ਸਿੰਘ ਪਾਰਸ ਦੇ ਵੱਡੇ ਸਪੁੱਤਰ ਮਾਸਟਰ ਹਰਚਰਨ ਸਿੰਘ ਗਿੱਲ ਰਾਮੂਵਾਲੀਆ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਹਨ। ਉਹ ਲਗਪਗ 84 ਸਾਲ ਦੇ ਸਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 23 ਮਈ ਨੂੰ 11 ਵਜੇ ਬਰੈਂਪਟਨ ਕਰੀਮੋਟੋਰੀਅਮ ਸੈਂਟਰ 30 ਬਰੈਮਵਿਨ ਕੌਰਟ, ਬਰੈਪਟਨ ਵਿਖੇ ਕੀਤਾ ਜਾ ਰਿਹਾ ਹੈ। ਉਪਰੰਤ ਭੋਗ ਤੇ ਅੰਤਿਮ ਅਰਦਾਸ ਬਾਦ ਦੁਪਹਿਰ 1.30 ਵਜੇ ਤੋਂ 3.30 ਵਜੇ ਤੱਕ ਓਨਟਾਰੀਓ ਖਾਲਸਾ ਦਰਬਾਰ 7080 ਡਿਕਸੀ ਰੋਡ ਮਿਸੀਸਾਗਾ ਵਿਖੇ ਹੋਵੇਗੀ।
ਇਸ ਮੌਕੇ ਉਘੇ ਰੇਡੀਓ ਹੋਸਟ ਸ ਸਤਿੰਦਰਪਾਲ ਸਿੰਘ ਸਿੱਧਵਾਂ ਵਲੋਂ ਉਹਨਾਂ ਦੀ ਸ਼ਖਸੀਅਤ ਬਾਰੇ ਲਿਖਿਆ ਇਕ ਪੁਰਾਣਾ ਆਰਟੀਕਲ ਪ੍ਰਕਾਸ਼ਿਤ ਕਰ ਰਹੇ ਹਾਂ-
ਮੇਰਾ ਦੇਸੀ ਘਿਉ ਵਰਗਾ ਮਾਸੜ ਮਾਸਟਰ ਹਰਚਰਨ ਸਿੰਘ ਗਿੱਲ ਰਾਮੂਵਾਲਾ-
-ਸਤਿੰਦਰ ਪਾਲ ਸਿੰਘ ਸਿੱਧਵਾਂ –
ਮਾਸਟਰ ਹਰਚਰਨ ਸਿੰਘ ਸ਼ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਤੇ ਮਾਤਾ ਬੇਬੇ ਦਲਜੀਤ ਕੌਰ ਦਾ ਜੇਠਾ ਸਪੁੱਤਰ ਹੈ । ਉਹ ਆਪਣੇ ਪਿੰਡ ਰਾਮੂੰਵਾਲਾ ਨਵਾਂ ਨਾਨਕੇ ਘਰ ਬੋਪਾਰਾਇ ਕਲਾਂ (ਲੁਧਿਆਣਾ ) ਨੂੰ ਆਪਣਾ ਆਪਣੀ ਜ਼ਿੰਦਗੀ ਦਾ ਸਿਰਜਣਹਾਰ ਮੰਨਦਾ ਹੈ ।ਬਾਪੂ ਪਾਰਸ ਟਰੱਸਟ ਦਾ ਚੇਅਰਮੈਨ ਹੈ ਮਾਸਟਰ ਹਰਚਰਨ ਸਿੰਘ ਅਤੇ ਉਹ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆਂ ਦਾ ਵੱਡਾ ਮਾਣਮੱਤਾ ਭਰਾ ਹੈ ਅਤੇ ਪੰਜਾਬੀਆਂ ਦੇ ਚਹੇਤੇ ਗਾਇਕ ਅਦਾਕਾਰ ਹਰਭਜਨ ਮਾਨ ਦਾ ਸਹੁਰਾ ਸਾਹਿਬ ਹੈ।ਭਾਵੇਂ ਪਾਰਸ ਦੇ ਘਰ ਵਿੱਚ ਕਵੀਸ਼ਰੀ ਗਾਇਕੀ ਦਾ ਮਾਹੌਲ ਸੀ ਪਰ ਹਰਚਰਨ ਸਿੰਘ ਗਿੱਲ ਅਧਿਆਪਨ ਦੇ ਖੇਤਰ ਨੂੰ ਪਰਣਾਈ ਹੋਈ ਹਸਤੀ ਹੈ । ਪੰਜਾਬੀ , ਹਿੰਦੀ , ਉਰਦੂ , ਅੰਗਰੇਜ਼ੀ ਸਾਰੀਆਂ ਭਾਸ਼ਾਵਾਂ ਦਾ ਡੂੰਘਾ ਗਿਆਨੀ ਤੇ ਅਧਿਆਨੀ ਹੈ ਮਾਸਟਰ ਹਰਚਰਨ ਸਿੰਘ । ਬਾਪੂ ਪਾਰਸ ਉਸਨੂੰ ਪਿਆਰ ਨਾਲ ਮਾਸਟਰ ਬੂੜ ਵੀ ਕਿਹਾ ਕਰਦਾ ਸੀ । ਪਾਪਾ ਜੀ ਰਣਜੀਤ ਸਿੰਘ ਸਿਧਵਾਂ ਤੇ ਬੀਜੀ ਗੁਰਦੇਵ ਕੌਰ ਨੇ ਵਿਚੋਲਗਿਰੀ ਕਰਦਿਆਂ ਮੇਰੀ ਮਾਸੀ ਅਧਿਆਪਕਾ ਜੁਗਿੰਦਰ ਕੌਰ ਦਾ ਰਿਸ਼ਤਾ ਕਰਵਾ ਕੇ ਹਰਚਰਨ ਗਿੱਲ ਨੂੰ ਮੇਰਾ ਮਾਸੜ ਬਣਾ ਦਿੱਤਾ ।ਅਤੇ ਇਸ ਕਰੇ ਉਹ ਹਮੇਸ਼ਾ ਮੇਰੀ ਬੀਜੀ ਨੂੰ ਹਮੇਸ਼ਾ ਰਾਜ ਮਾਤਾ ਦਾ ਦਰਜਾ ਦਿੰਦਾ ਹੈ ਤੇ ਪਾਪਾ ਜੀ ਨੂੰ ਬਾਈ ਰਣਜੀਤ ਕਹਿਕੇ ਵਡਿਆਉਂਦਾ ਹੈ। ਮਾਸੜ ਜੀ ਹਰਚਰਨ ਗਿੱਲ ਅਗਾਂਹ ਵਧੂ, ਨਿਡਰ, ਆਸ਼ਾਵਾਦੀ ,ਮੋਹ ਖੋਰਾ , ਦਇਆ ਦਿਲ ਅਤੇ ਹਰ ਸਮੇਂ ਚੱੜਦੀ ਕਲਾ ਵਿੱਚ ਰਹਿਣ ਵਾਲੀ ਮਿਕਨਾਤੀਸੀ ਹਸਤੀ ਹੈ । ਪੰਜਾਬੀ ਸਾਹਿਤ ਦਾ ਉਹ ਐਸਾ ਰਸੀਆ ਹੈ ਕਿ ਅੱਜ ਵੀ ਜਸਵੰਤ ਕੰਵਲ , ਨਾਨਕ ਸਿੰਘ, ਅੰਮ੍ਰਿਤ ਪ੍ਰੀਤਮ ਤੇ ਹੋਰ ਮਹਾਰੱਥੀਆਂ ਦੇ ਨਾਵਲ ਕਹਾਣੀਆਂ ਕਵਿਤਾਵਾਂ ਦਾ ਚਰਚਾ ਕਰਨ ਦਾ ਆਨੰਦ ਲੈਂਦਾ ਹੈ। ਸਾਡੇ ਸਾਰੇ ਰਿਸ਼ਤੇਦਾਰਾਂ ਪ੍ਰੀਵਾਰਾਂ ਵਿੱਚ ਉਹ ਮਾਸਟਰ ਜੀ ਕਰਕੇ ਹੀ
ਜਾਣਿਆਂ ਜਾਂਦਾ ਹੈ । ਮਾਸਟਰ ਹਰਚਰਨ ਸਿੰਘ ਦੋਸਤਾਂ ਦਾ ਦੋਸਤ ਹਰਫਨ ਮੌਲਾ ਹਸਤੀ ਹੈ । ਟੀਚਰ ਹੁੰਦਿਆਂ ਉਸਨੇ ਆਪਣੀ ਤਨਦੇਹੀ ਨਾਲ ਆਪਣੇ ਵਿਦਿਆਰਥੀਆਂ ਤੇ ਸਾਥੀ ਅਧਿਆਪਕਾਂ ਨਾਲ ਅਪਣੱਤ ਤੇ ਪਿਆਰ ਦਾ ਰਿਸ਼ਤਾ ਬਣਾ ਕੇ ਰਖਿਆ ਜੋ ਅੱਜ ਤੱਕ ਬਰਕਰਾਰ ਹੈ ।
ਬੇਸ਼ਕ ਮਾਸਟਰ ਜੀ ਨੇ ਆਪਣੇ ਜਾਵਾ ਮੋਟਰ-ਸਾਈਕਲ ਤੇ ਪੰਜਾਬ ਦਾ ਕੋਨਾ ਕੋਨਾ ਨਾਪਿਆ ਤੇ ਖ਼ੂਬ ਸੈਰ ਸਪਾਟੇ ਕੀਤੇ । ਪਰ ਮਾਸਟਰ ਜੀ ਉਚੀਆਂ ਉਡਾਰੀਆਂ ਮਾਰਦੇ ਕੈਨੇਡਾ ਟੋਰਾਂਟੋ ਆ ਡੇਰੇ ਲਾਏ । ਸਾਡੇ ਨਾਨਕੇ ਦਾਦਕਿਆਂ ਦੇ ਪ੍ਰੀਵਾਰ ਅਤੇ ਰਾਮੂੰਵਾਲਾ ਪ੍ਰੀਵਾਰ ਅਤੇ ਬਹੁਤ ਸਨੇਹੀਆਂ ਦੇ ਕੈਨੇਡਾ ਵਿੱਚ ਪੱਕੇ ਪੈਰੀਂ ਹੋਣ ਵਿੱਚ ਵੱਡਾ ਯੋਗਦਾਨ ਮੇਰੇ ਮਾਸੜ ਮਾਸੀ (ਮਾਸਟਰ ) ਜੀ ਨੇ ਹੀ ਪਾਇਆ । ਮਾਸਟਰ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰਹਿਣ ਵਾਲੀ ਹਸਤੀ ਹੈ । ਘੌਲ ਵਾਲੇ ਸ਼ਬਦ ਨੂੰ ਉਸਨੇ ਆਪਣੀ ਡਿਕਸ਼ਨਰੀ ਵਿੱਚ ਕਦੇ ਨੇੜੇ ਨਹੀਂ ਢੁੱਕਣ ਦਿੱਤਾ । ਸਾਡੇ ਪ੍ਰੀਵਾਰਾਂ ਵਿੱਚ ਹਰ ਦੁੱਖ ਸੁੱਖ ਸਮੇਂ ਸਭ ਨੂੰ ਅਗਵਾਈ ਦੇ ਕੇ ਮਾਸਟਰ ਜੀ ਨੇ ਬਹੁਤ ਖੁਬੀਆਂ ਕਢੀਆਂ ਤੇ ਸਾਨੂੰ ਕਾਮਯਾਬੀਆਂ ਦਵਾਈਆਂ ਹਨ। ਚੁਸਤੀ ਚਲਾਕੀ ਛੱਲ ਕਪਟ ੳਸਦੀ ਹਸਤੀ ਵਿਚੋ ਮਨਫੀ ਹਨ ਮੇਰੇ ਮਾਸੜ ਨੂੰ ਪਾਰਸ ਤੇ ਪਾਪਾ ਜੀ ਦੀ ਕਵੀਸ਼ਰੀ ਸੁਣ ਕੇ ਲੋਰ ਚੱੜਦੀ ਭਾਵੇਂ ਉਹ ਗਵਈਆ ਨਹੀਂ ਬਣਿਆ ਪਰ ਹਮੇਸ਼ਾ ਉਸਦੀ ਗੱਲ ਬਾਤ ਵਿੱਚ ਰਫ਼ਤਾਰ ਗੁੱਫਤਾਰ ਕਿਸੇ ਪ੍ਰੌੜ ਗਵੱਈਏ ਤੋਂ ਘੱਟ ਨਹੀਂ ਹੈ । ਬਾਪੂ ਪਾਰਸ ਤੇ ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਦੇ ਅਣਗਿਣਤ ਅਖਾੜੇ ਉਸਨੇ ਆਪਣੀਆਂ ਅੱਖਾਂ ਨਾਲ ਦੇਖੇ ਤੇ ਕੰਨਾ ਨਾਲ ਸੁਣੇ ਹਨ ਅਤੇ ਕਵੀਸ਼ਰੀ ਦੇ ਬਹੁ ਗਿਣਤੀ ਛੰਦ ਉਸਨੂੰ ਯਾਦ ਹਨ। ਉਸਦਾ ਮੰਨਣਾ ਹੈ ਕਿ ਪਾਰਸ ਤੇ ਰਣਜੀਤ ਇਕ ਦੂਜੇ ਦੇ ਪੂਰਕ ਸਨ ਤੇ ਦੋਨਾ ਨੂੰ ਵੱਖ ਕਰਕੇ ਨਹੀਂ ਦੇਖਿਓ ਜਾ ਸਕਦਾ । ਕੈਨੇਡਾ ਤੋਂ ਹਰ ਸਾਲ ਰਾਮੂੰਵਾਲੇ ਜਾ ਕੇ ਹਰ ਪਿੰਡ ਵਾਸੀ ਦੇ ਸੁੱਖ ਦੁੱਖ ਵਿੱਚ ਸ਼ਾਮਲ ਹੋਣਾ ਉਸਨੇ ਆਪਣਾ ਧਰਮ ਸਮਝ ਕੇ ਨਿਭਾਇਆ ਹੈ । ਰਮਨ ,ਹਰਦੀਪ ਦੋ ਧੀਆਂ ਤੇ ਬਲਤੇਜ ਪੁੱਤਰ ਦਾ ਬਾਪ ਮਾਸਟਰ ਜੀ ਆਪਣੇ ਦਾਮਾਦ ਗੁਰਬਿੰਦਰ ਤੇ ਗਾਇਕ ਹਰਭਜਨ ਮਾਨ ਵਲ਼ੋ ਪਾਪਾ ਜੀ ਪਾਪਾ ਜੀ ਕਹਿਣ ਤੇ ਫੁਲਾ ਨੀ ਸਮਾਉਦਾ | ਮੇਰੇ ਨਾਲ ਮੇਰੇ ਯਾਰ ਮਾਸੜ ਦੀ ਬਹੁਤ ਨਿਭਦੀ ਹੈ। ਅਸੀ ਸੁਭਾ ਸ਼ਾਮ ਨਿਤਨੇਮ ਵਾਂਗ ਫੋਨ ਤੇ ਗੱਲਬਾਤ ਕਰਦੇ ਪੰਜਾਬ ਭਾਰਤ ਤੇ ਦੁਨੀਆਂ ਭਰ ਦੇ ਰਾਜਨੀਤਕ , ਧਾਰਮਿਕ , ਸਭਿਆਚਾਰਕ ਹਾਲਤਾਂ ਤੇ ਵਿਚਾਰ ਕਰਦੇ ਰਹਿੰਦੇ ਹਾਂ। ਮਾਸਟਰ ਜੀ ਵੱਖ ਵੱਖ ਅਲੰਕਾਰ ਵਰਤ ਕੇ ਰੌਚਕਤਾ ਬਣਾਈ ਰਖਦੇ ਹਨ ਅਤੇ ਗਲ਼ੀ ਬਾਤੀ ਅਸੀ ਆਪਣੇ ਬਾਪੂਆਂ ਦੀ ਰੱਜ ਕੇ ਵਡਿਆਈ ਵੀ ਕਰਦੇ ਰਹਿੰਦੇ ਹਾਂ। ਮੇਰੇ ਮਾਸੜ ਮਾਸਟਰ ਹਰਚਰਨ ਸਿੰਘ ਦੀ ਸ਼ਖਸੀਅਤ ਵਿਚੋ ਮੈਂਨੂੰ ਦੇਸੀ ਘਿਉ ਵਰਗੀ ਸ਼ੁਧਤਾ , ਮਹਿਕ ਤੇ ਪਾਰਦਰਸ਼ਤਾ ਝਲਕਦੀ ਦਿਸਦੀ ਹੈ । ਅੱਜ ਵੀ ਉਸਦੇ ਬਾਰਲੇਫਿਲਡਵਾਲੇ ਘਰ ਦਾ ਬੂਹਾ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ । ਮਹਿਮਾਨ ਨਿਵਾਜ ਐਸਾ ਕਿ ਮਹਿਮਾਨਾਂ ਨੂੰ ਦੇਖ ਦੋਹਾਂ ਜੀਆਂ ਨੂੰ ਚਾਅ ਚੱੜ੍ਹ ਜਾਂਦਾ ਹੈ । ਬੇਸ਼ਕ ਪਿਛਲੇ 10-12 ਸਾਲ ਤੋਂ ਪੰਜ ਰਤਨੀ ਤੋਂ ਪੱਕੇ ਤੌਰ ਤੇ ਪਾਸਾ ਵੱਟੀ ਬੈਠਾ ਹੈ ਪਰ ਘਰ ਆਏ ਦੋਸਤਾਂ ਮਿੱਤਰਾਂ ਆਪ ਪਿਆਲੇ ਬਣਾ ਬਣਾ ਦੇਕੇ ਖ਼ੁਸ਼ੀ ਮਹਿਸੂਸ ਕਰਦਾ ਹੈ ਤੇ ਬਾਪੂ ਪਾਰਸ ਦੀ ਰੂਹ ਨੂੰ ਨਸ਼ਿਆਉਦਾ ਹੈ। ਖਾਣ ਪੀਣ ਦਾ ਪੁੱਜ ਕੇ ਸ਼ੁਕੀਨ , ਉਸਦੀ ਖ਼ੁਰਾਕ ਤੇ ਜ਼ਿੰਦਗੀ ਦੀਆ ਜ਼ਰੂਰਤਾਂ ਦਾ ਪੂਰਾ ਖਿਆਲ ਮਾਸੀ ਜੀ ਜੁਗਿੰਦਰ ਕੌਰ ਵਲੌ ਬਾ ਖ਼ੂਬੀ ਰਖਿਆ ਜਾਂਦਾ ਹੈ । ਮਾਸਾਹਾਰੀ ਤੇ ਸ਼ਾਕਾਹਾਰੀ ਭੋਜਨ ਖਾਣਾ ਤੇ ਤੇ ਨੂੰਹਾਂ ਧੀਆਂ ਦੇ ਬਣਾਏ ਖਾਣੇ ਦੀ ਸਿਫ਼ਤ ਕਰਨਾ ਕੋਈ ਉਸਤੋਂ ਸਿੱਖੇ । ਉਸਦਾ ਮੰਨਣਾ ਹੈ ਕਿ ਜੇ ਤੁਸੀਂ ਬਣਾਉਣ ਵਾਲੇ ਦੇ ਖਾਣੇ ਦੀ ਤਾਰੀਫ਼ ਨਹੀਂ ਕਰਦੇ ਤਾਂ ਇਹ ਤੁਹਾਡੀ ਬੱਜਰ ਕੁਤਾਹੀ ਹੈ। ਉਸਦੀ ਮਸ਼ਹੂਰੀ ਹੈ ਕਿ ਟੈਲੀਫ਼ੋਨ ਮਾਸਟਰ ਦਾ ਤੱਤਾ ਹੀ ਰਹਿੰਦਾ ਹੈ ਕਿਉਂਕਿ ਦੇਸ਼ ਵਿਦੇਸ਼ ਫ਼ੋਨ ਖੜਕਾਉਣ ਦਾ ਆਸ਼ਕ ਹੋਣ ਕਰਕੇ ਬਿਨ ਪੀਤੀ ਤੋਂ ਖੀਵਾ ਰਹਿੰਦਾ ਹੈ।
ਇਸੇ ਕਰਕੇ ਮਾਸਟਰ ਹਰਚਰਨ ਸਿੰਘ ਗਿੱਲ ਰਾਮੂਵਾਲਾ ਨੂੰ ਮੈ ਮੇਰਾ ਦੇਸੀ ਘਿਉ ਵਰਗਾ ਮਾਸੜ ਕਹਿੰਦਾ ਹਾਂ ।