ਸਰੀ ( ਕਾਹਲੋਂ)- -ਸਰੀ ਸਿਟੀ ਨੇ ਸਟਾਫ਼ ਨੂੰ 17669 – 40 ਐਵਿਨਿਊ ਅਤੇ 16460 – 93ਏ ਐਵਿਨਿਊ ਵਿਖੇ ਦੋ ਪ੍ਰੋਪਰਟੀਆਂ ਦੇ ਸਿਰਲੇਖ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿੱਥੇ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸ਼ਹਿਰ ਦੇ ਬਿਲਡਿੰਗ ਬਾਈਲਾਅ ਦੀ ਉਲੰਘਣਾ ਕਰਦਿਆਂ ਗ਼ੈਰਕਾਨੂੰਨੀ ਢੰਗ ਨਾਲ ਘਰਾਂ ਵਿੱਚ ਵਾਧਾ ਕੀਤਾ ਹੈ। ਜੁਲਾਈ 2024 ਤੋਂ, ਹੁਣ ਤੱਕ ਕੌਂਸਲ ਵੱਲੋਂ 5 ਵਿਸ਼ੇਸ਼ ਮੀਟਿੰਗਾਂ ਕਰ, 8 ਵੱਖ-ਵੱਖ ਪ੍ਰੋਪਰਟੀਆਂ ਦੇ ਟਾਈਟਲ ਤੇ ਨੋਟਿਸ ਦਾਇਰ ਕੀਤੇ ਹਨ, ਜਿਸਨੇ 16 ਘਰ ਮਾਲਕਾਂ ਨੂੰ ਪ੍ਰਭਾਵਿਤ ਕੀਤਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਸਿਟੀ ਕੌਂਸਲ ਸਾਡੀ ਕਮਿਊਨਿਟੀ ਦੇ ਮਿਆਰ ਨੂੰ ਕਾਇਮ ਰੱਖਣ ਅਤੇ ਵਸਨੀਕਾਂ ਦੀ ਸੁਰੱਖਿਆ ਦੀ ਰੱਖਿਆ ਕਰਨ ਲਈ ਸਮਰਪਿਤ ਹੈ”। “ਇਨ੍ਹਾਂ ਜਾਇਦਾਦਾਂ ਦੇ ਖ਼ਿਲਾਫ਼ ਹਾਲ ਹੀ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਵਿੱਚ ਪਹਿਲੀ ਪ੍ਰਾਪਰਟੀ ਵਿੱਚ ਘਰ ਦੇ ਨਾਲ ਕਈ ਹੋਰ ਯੂਨਿਟ ਬਣਾਉਣ ਤੋਂ ਇਲਾਵਾ, ਇੱਕ ਸਹਾਇਕ ਇਮਾਰਤ ਉਸਾਰੀ ਗਈ ਅਤੇ ਦੂਜੀ ਫਾਰਮ ਲੈਂਡ ਪ੍ਰੋਪਰਟੀ ਵਿੱਚ ਬਿਨਾਂ ਪਰਮਿਟ ਦੇ ਇੱਕ ਪ੍ਰਸ੍ਤਾਵਿਤ ਗੁਦਾਮ ਵਿੱਚ ਕਈ ਰਿਹਾਇਸ਼ੀ ਯੂਨਿਟਾਂ ਦਾ ਨਿਰਮਾਣ ਕੀਤਾ ਗਿਆ ਸੀ। ਕੌਂਸਲ ਦੀ ਇਹ ਕਾਰਵਾਈ ਬਿਲਡਿੰਗ ਬਾਈਲਾਅਜ਼ ਨੂੰ ਲਾਗੂ ਕਰਨ ਅਤੇ ਗ਼ੈਰਕਾਨੂੰਨੀ ਉਸਾਰੀ ਨੂੰ ਰੋਕਣ ਲਈ ਸਾਡੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਹਨਾਂ ਉਲੰਘਣਾਵਾਂ ਨੂੰ ਹੱਲ ਕਰਨ ਲਈ, ਸਾਡੀ ਇੱਲ-ਲੀਗਲ ਕੌਂਸਟ੍ਰਕਸ਼ਨ ਇਨਫੋਰਸਮੈਂਟ ਟੀਮ ਦੇ ਅਣਥੱਕ ਯਤਨਾਂ ਦਾ ਧੰਨਵਾਦ, ਜਿੰਨ੍ਹਾਂ ਨਿਯਮਾਂ ‘ਤੇ ਪਹਿਰਾ ਦਿੰਦੇ, ਅਸੀਂ ਸਪਸ਼ਟ ਸੁਨੇਹਾ ਦੇ ਰਹੇ ਹਾਂ ਕਿ ਸਰੀ ਸ਼ਹਿਰ ਵਿਚ ਗ਼ੈਰਕਾਨੂੰਨੀ ਅਤੇ ਅਸੁਰੱਖਿਅਤ ਉਸਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ”।
ਟਾਈਟਲ ‘ਤੇ ਇਹ ਨੋਟਿਸ 20 ਮਈ, 2025 ਨੂੰ ਹੋਈ ਇੱਕ ਵਿਸ਼ੇਸ਼ ਕੌਂਸਲ ਦੀ ਮੀਟਿੰਗ ਦਾ ਨਤੀਜਾ ਹੈ, ਜਿੱਥੇ ਸਰੀ ਸਿਟੀ ਕਾਉਂਸਿਲ ਨੇ ਜਾਇਦਾਦ ਦੇ ਟਾਈਟਲ ‘ਤੇ ਨੋਟਿਸ ਦਾਇਰ ਕਰਨ ਦਾ ਫੈਸਲਾ ਲਿਆ ਹੈ । ਇਹ ਨੋਟਿਸ ਸੰਭਾਵੀ ਖਰੀਦਦਾਰਾਂ, ਕਰਜ਼ਾ ਦੇਣ ਵਾਲੀਆਂ ਵਿੱਤੀ ਸੰਸਥਾਵਾਂ ਅਤੇ ਬੀਮਾਕਰਤਾਵਾਂ ਨੂੰ ਗ਼ੈਰਕਾਨੂੰਨੀ ਉਸਾਰੀ ਅਤੇ ਸੰਪਤੀ ਨਾਲ ਜੁੜੇ ਸੰਭਾਵੀ ਖ਼ਤਰਿਆਂ ਬਾਰੇ ਸੁਚੇਤ ਕਰੇਗਾ।
ਕਮਿਊਨਿਟੀ ਚਾਰਟਰ ਦੇ ਸੈਕਸ਼ਨ 57 ਦੇ ਅਧੀਨ ਟਾਈਟਲ ‘ਤੇ ਨੋਟਿਸ, ਇਕ ਸ਼ਹਿਰ ਦੁਆਰਾ ਸੰਭਾਵੀ ਖਰੀਦਦਾਰਾਂ ਸਮੇਤ, ਕਿਸੇ ਜਾਇਦਾਦ ‘ਤੇ ਅਣਅਧਿਕਾਰਤ ਉਸਾਰੀ ਬਾਰੇ ਲੋਕਾਂ ਨੂੰ ਸੂਚਿਤ ਕਰਨ ਲਈ ਵਰਤਿਆ ਜਾਣ ਵਾਲਾ ਕਾਨੂੰਨੀ ਉਪਾਅ ਹੈ, ਜੋ ਜ਼ਰੂਰੀ ਬਿਲਡਿੰਗ ਪਰਮਿਟਾਂ ਜਾਂ ਜਾਂਚ-ਪੜਤਾਲ ਤੋਂ ਬਿਨਾਂ ਬਣਾਏ ਗਏ ਸਨ।
ਸਿਟੀ ਆਫ਼ ਸਰੀ ਨੇ ਗ਼ੈਰਕਾਨੂੰਨੀ ਉਸਾਰੀ ਨਾਲ ਨਜਿੱਠਣ ਲਈ 2022 ਵਿੱਚ ਟੀਮ ਗਠਿਤ ਕੀਤੀ ਸੀ, ਤਾਂ ਜੋ ਸਿਟੀ ਦੇ ਬਾਈਲਾਅ ਨੂੰ ਲਾਗੂ ਕਰਨ ਅਤੇ ਰਿਹਾਇਸ਼ੀ ਉਸਾਰੀ ਜੋ ਬਿਨਾਂ ਪਰਮਿਟ, ਨਿਰੀਖਣ, ਜਾਂ ਸੁਰੱਖਿਆ ਮਾਪਦੰਡਾਂ ਦੇ ਕੀਤੀ ਜਾ ਰਹੀ ਹੈ, ਨੂੰ ਰੋਕਿਆ ਜਾ ਸਕੇ। ਸਿਟੀ ਨੇ ਗ਼ੈਰਕਾਨੂੰਨੀ ਬਿਲਡਿੰਗ ਗਤੀਵਿਧੀਆਂ ਲਈ ਜੁਰਮਾਨੇ ਵੀ ਵਧਾ ਦਿੱਤੇ ਹਨ ਅਤੇ ਅਦਾਲਤੀ ਕਾਰਵਾਈ ਰਾਹੀਂ ਲਾਗੂ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਜੇ ਤੁਹਾਨੂੰ ਕਿਸੇ ਪ੍ਰੋਪਰਟੀ ਤੇ ਸ਼ੱਕ ਹੈ ਕਿ ਬਿਨਾਂ ਪਰਮਿਟ ਦੇ ਉਸਾਰੀ ਕੀਤੀ ਗਈ ਹੈ, ਬਾਰੇ ਸ਼ਿਕਾਇਤ bylawcomplaint@surrey.ca ‘ਤੇ ਈਮੇਲ ਕਰਕੇ ਜਾਂ 604-591-4370 ‘ਤੇ ਕਾਲ ਕਰਕੇ ਕਰੋ। ਤੁਸੀਂ ਸ਼ਿਕਾਇਤ ਔਨਲਾਈਨ ਇਸ ਲਿੰਕ ਤੇ ਜਾ ਕੇ ਵੀ ਕਰ ਸਕਦੇ ਹੋ।