Headlines

ਕੈਨੇਡਾ ਚ ਵਸਦੇ ਗੈਰਕਨੂੰਨੀ ਪਰਵਾਸੀਆਂ ਚੋਂ 30 ਹਜ਼ਾਰ ਦੇ ਡਿਪੋਰਟੇਸ਼ਨ ਆਰਡਰ ਜਾਰੀ

ਵੈਨਕੂਵਰ ( ਹਰਦਮ ਮਾਨ)-ਕੈਨੇਡਾ ’ਚ ਰਹਿੰਦੇ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਲਈ ਕੈਨੇਡਾ ਬਾਰਡਰ ਸਰਵਿਸ ਏਜੰਸੀ ਵਲੋਂ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ। ਮੁਲਕ ਭਰ ਵਿਚ ਲੱਖਾਂ ਦੀ ਗਿਣਤੀ ਵਿਚ ਗੈਰਕਨੂੰਨੀ ਪਰਵਾਸੀਆਂ ਚੋ 30 ਹਜ਼ਾਰ ਨੂੰ ਡਿਪੋਰਟ ਕੀਤੇ ਜਾਣ ਦੇ ਵਾਰੰਟ ਜਾਰੀ ਹੋਏ ਹਨ।
ਏਜੰਸੀ ਨੇ ਇਹ ਗੱਲ ਸਪੱਸ਼ਟ ਕੀਤੀ ਹੋਈ ਹੈ ਕਿ ਗ਼ੈਰਕਾਨੂੰਨੀ ਰਹਿੰਦੇ ਅਤੇ ਅਪਰਾਧਕ ਸ਼ਮੂਲੀਅਤ ਵਾਲਿਆਂ ਤੇ ਜਿਨ੍ਹਾਂ ਦੀ ਰਾਜਸੀ ਸ਼ਰਨ ਦੀ ਮੰਗ ਠੁਕਰਾਈ ਜਾ ਚੁੱਕੀ ਹੈ, ਨੂੰ ਪਹਿਲ ਦੇ ਅਧਾਰ ‘ਤੇ ਵਾਪਸ ਭੇਜਿਆ ਜਾਣਾ ਹੈ।  ਉੱਕਤ 30 ਹਜ਼ਾਰ ਵਾਲੀ ਸੂਚੀ ਵਿੱਚ 88 ਫੀਸਦ ਰੱਦ ਹੋਈਆਂ ਰਾਜਸੀ ਸ਼ਰਨ ਦਰਖਾਸਤਕਰਤਾ ਹਨ। ਹੋਰਾਂ ਵਿੱਚ ਪੜ੍ਹਾਈ ਵਿਚਾਲੇ ਛੱਡਣ ਵਾਲੇ ਸਟੱਡੀ ਵੀਜ਼ਾ ਧਾਰਕ, ਸੈਲਾਨੀ ਵੀਜ਼ੇ ਦੀ ਮਿਆਦ ਟਪਾ ਚੁੱਕੇ ਅਤੇ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਪੀਆਰ ਕਾਰਡਧਾਰਕ ਸ਼ਾਮਲ ਹਨ। ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਕਰੀਬ ਡੇਢ ਕੁ ਹਜ਼ਾਰ ਲੋਕਾਂ ਉੱਤੇ ਅਜੇ ਅਦਾਲਤ ਵਿੱਚ ਦੋਸ਼ ਸਾਬਤ ਨਹੀਂ ਹੋਏ, ਇਸ ਕਰਕੇ ਉਨ੍ਹਾਂ ਨੂੰ ਅਜੇ ਕਿਸੇ ਸੂਚੀ ਵਿੱਚ ਸ਼ਾਮਲ ਨਹੀ ਕੀਤਾ ਗਿਆ।
ਸੀਬੀਐੱਸਏ ਅਨੁਸਾਰ ਜਿਨ੍ਹਾਂ ਲੋਕਾਂ ਦੀਆਂ ਰਾਜਸੀ ਸ਼ਰਨ ਸਮੇਤ ਕੈਨੇਡਾ ਰਹਿ ਸਕਣ ਦੇ ‘ਚੋਰ ਰਸਤੇ’ ਦੀਆਂ ਅਰਜ਼ੀਆਂ ਰੱਦ ਹੋ ਚੁੱਕੀਆਂ ਹਨ, ਉਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਅਪੀਲ ਦਾ ਹੱਕ ਨਹੀਂ ਰਹਿ ਗਿਆ, ਜਿਸ ਕਰਕੇ ਉਨ੍ਹਾਂ ਦੇ ਦੇਸ਼ ਨਿਕਾਲੇ (ਡਿਪੋਰਟੇਸ਼ਨ) ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਉਨ੍ਹਾਂ ’ਚੋਂ ਜੇਕਰ ਕੋਈ ਫਿਰ ਤੋਂ ਵੀਜ਼ਾ ਲਈ ਅਰਜ਼ੀ ਭਰੇਗਾ ਤਾਂ ਉਸ ਨੂੰ ਪਹਿਲਾਂ ਉਸ ਦੇ ਵਾਪਸ ਭੇਜਣ ’ਤੇ ਸਰਕਾਰ ਵਲੋਂ ਕੀਤੇ ਖਰਚ ਦੀ ਰਕਮ ਵਜੋਂ 3800 ਡਾਲਰ ਦਾ ਭੁਗਤਾਨ ਕਰਨਾ ਪਏਗਾ, ਪਰ ਜੇਕਰ ਕਿਸੇ ਨੂੰ ਵਿਸ਼ੇਸ਼ (ਐਸਕੋਰਟ ਕਰਕੇ) ਸਹੂਲਤ ਨਾਲ ਵਾਪਸ ਭੇਜਿਆ ਗਿਆ ਹੋਏ ਤਾਂ ਉਸਨੂੰ 12,800 ਡਾਲਰ ਭਰਨੇ ਪੈਣਗੇ ਅਤੇ ਵੀਜ਼ਾ ਅਰਜ਼ੀ ਰੱਦ ਹੋਣ ’ਤੇ ਵੀ ਇਹ ਪੈਸੇ ਵਾਪਸ ਨਹੀਂ ਹੋਣਗੇ।
ਏਜੰਸੀ ਸੂਤਰਾਂ ਅਨੁਸਾਰ ਪਿਛਲੇ ਤਿੰਨ ਕੁ ਸਾਲਾਂ ਵਿੱਚ ਪਨਾਹ (ਸ਼ਰਨ) ਮੰਗਣ ਵਾਲਿਆਂ ਦੀ ਗਿਣਤੀ ਵਿੱਚ ਅਥਾਹ ਵਾਧਾ ਹੋਇਆ ਹੈ। 2024 ਦੌਰਾਨ 20 ਹਜ਼ਾਰ ਤੋਂ ਵੱਧ ਰਾਜਸੀ ਸ਼ਰਨ ਦੀਆਂ ਅਰਜ਼ੀਆਂ ਦਾਖਲ ਹੋਈਆਂ, ਜੋ 2019 ਸਾਲ ਦੇ ਅੰਕੜੇ ਤੋਂ 615 ਫ਼ੀਸਦ ਵੱਧ ਹਨ। ਚਾਲੂ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਸਾਢੇ 5 ਹਜ਼ਾਰ ਲੋਕਾਂ ਨੇ ਇੰਜ ਦੀਆਂ ਅਰਜ਼ੀਆਂ ਭਰ ਕੇ ਰਿਕਾਰਡ ਤੋੜ ਦਿੱਤੇ ਹਨ। ਸੂਤਰ ਨੇ ਦੱਸਿਆ ਕਿ ਹੁਣ ਰਾਜਸੀ ਸ਼ਰਨ ਅਰਜ਼ੀਆਂ ਦਾ ਨਿਬੇੜਾ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਕਿਉਂਕਿ 98-99 ਫੀਸਦ ਅਰਜ਼ੀਆਂ ਦੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਨਵੀਂ ਫੈਡਰਲ ਸਰਕਾਰ ਬਣਨ ਮਗਰੋਂ ਅਵਾਸ ਵਿਭਾਗ ਹੋਰ ਸਖ਼ਤ ਹੋ ਗਿਆ ਹੈ ਤੇ ਕਿਸੇ ਤਰਾਂ ਦੀ ਗਲਤੀ ਤੇ ਲਾਪ੍ਰਵਾਹੀ ਤੋਂ ਬਚਣ ਲੱਗਾ ਹੈ।

Leave a Reply

Your email address will not be published. Required fields are marked *