-ਸੁਖਵਿੰਦਰ ਸਿੰਘ ਚੋਹਲਾ-
ਅਹਿਮਦਾਬਾਦ ਹਵਾਈ ਅੱਡੇ ਨੇੜੇ ਏਅਰ ਇੰਡੀਆ ਦੇ ਹਵਾਈ ਜਹਾਜ਼ ਨਾਲ ਵਾਪਰਿਆ ਹਾਦਸਾ ਬਹੁਤ ਹੀ ਦੁਖਦਾਈ ਅਤੇ ਸਦਮਾ ਭਰਪੂਰ ਹੈ। ਇਹ ਜਹਾਜ਼ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਣ ਤੋਂ ਕੁਝ ਸਕਿੰਟਾਂ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਜਹਾਜ਼ ਵਿੱਚ ਦੋ ਪਾਇਲਟਾਂ ਅਤੇ ਅਮਲੇ ਦੇ 12 ਮੈਂਬਰਾਂ ਸਣੇ ਕੁਲ 242 ਮੁਸਾਫ਼ਿਰ ਸਵਾਰ ਸਨ ਜਿਨ੍ਹਾਂ ’ਚੋਂ ਕੇਵਲ ਇਕ ਮੁਸਾਫਿਰ ਦੇ ਬਚਣ ਦਾ ਕ੍ਰਿਸ਼ਮਾ ਵਾਪਰਿਆ ਹੈ। ਹਾਦਸੇ ਦਾ ਇਕ ਹੋਰ ਵੱਡਾ ਦੁਖਦਾਈ ਪਹਿਲੂ ਇਹ ਹੈ ਕਿ ਇਹ ਹਾਦਸਾਗ੍ਰਸਤ ਹੋਣ ਸਮੇਂ ਇਕ ਮੈਡੀਕਲ ਕਾਲਜ ਦੇ ਹੋਸਟਲ ਦੀ ਛੱਤ ਉਪਰ ਡਿੱਗਿਆ ਜਿਸ ਕਾਰਣ 5 ਟਰੇਨੀ ਡਾਕਟਰ ਵੀ ਮਾਰੇ ਗਏ । ਖਬਰਾਂ ਹਨ ਕਿ ਜਹਾਜ਼ ਦੇ ਕੁਲ 241 ਮੁਸਾਫਿਰਾਂ ਸਮੇਤ ਮੈਡੀਕਲ ਕਾਲਜ ਦੇ ਹੋਸਟਲ ਵਿਚ 29 ਲੋਕਾਂ ਸਮੇਤ ਕੁਲ਼ 270 ਲੋਕਾਂ ਦੀਆਂ ਇਸ ਹਾਦਸੇ ਵਿਚ ਜਾਨਾਂ ਚਲੀਆਂ ਗਈਆਂ ਹਨ।
ਹਵਾਈ ਹਾਦਸਿਆਂ ਦੇ ਇਤਿਹਾਸ ਵਿਚ ਸ਼ਾਇਦ ਇਹ ਸਭ ਤੋਂ ਵੱਡਾ ਹਾਦਸਾ ਹੈ, ਜਿਸਨੇ ਹਵਾਈ ਸਫਰ ਕਰਨ ਵਾਲੇ ਲੋਕਾਂ ਅਤੇ ਵਿਸ਼ੇਸ਼ ਕਰਕੇ ਏਅਰ ਇੰਡੀਆ ਨਾਲ ਸਫਰ ਕਰਨ ਵਾਲੇ ਯਾਤਰੂਆਂ ਦੇ ਮਨਾਂ ਤੇ ਡਰ ਦਾ ਗਹਿਰਾ ਪ੍ਰਭਾਵ ਪਾਇਆ ਹੈ। ਇਸ ਹਾਦਸੇ ਤੋਂ ਪਹਿਲਾਂ ਅਕਸਰ ਹੀ ਏਅਰ ਇੰਡੀਆ ਦੇ ਜਹਾਜਾਂ ਵਿਚ ਸਫਰ ਦੌਰਾਨ ਮੁਸਾਫਿਰਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ, ਏਸੀ ਦੇ ਕੰਮ ਨਾ ਕਰਨ, ਸਕਰੀਨਾਂ ਦੇ ਨਾ ਚੱਲਣ, ਕੁਰਸੀਆਂ ਦੇ ਟੁੱਟੇ ਹੋਣ, ਛੱਤ ਦੇ ਚੋਣ ਜਾਂ ਹੋਰ ਕਈ ਸਮੱਸਿਆਵਾਂ ਬਾਰੇ ਵੀਡੀਓ ਅਤੇ ਸ਼ਿਕਾਇਤਾਂ ਧਿਆਨ ਹਿੱਤ ਹਨ। ਸ਼ੋਸਲ ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਹਾਦਸਾਗ੍ਰਸਤ ਜਹਾਜ਼ ਦੇ ਮੁਸਾਫਿਰਾਂ ਨੇ ਵੀ ਇਸਦੇ ਟੇਕਆਫ ਹੋਣ ਤੋਂ ਪਹਿਲਾਂ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਸਨ। ਅਹਿਮਦਾਬਾਦ ਵਿਚ ਭਾਰੀ ਗਰਮੀ ਹੋਣ ਕਾਰਣ ਜਹਾਜ਼ ਵਿਚ ਬੈਠੇ ਮੁਸਾਫਿਰਾਂ ਨੂੰ ਏਸੀ ਦੇ ਨਾ ਚੱਲਣ ਦੀ ਸ਼ਿਕਾਇਤ ਸੀ। ਇਹਨਾਂ ਸ਼ਿਕਾਇਤਾਂ ਤੋਂ ਆਭਾਸ ਹੁੰਦਾ ਹੈ ਕਿ ਏਅਰ ਇੰਡੀਆ ਦੇ ਇਸ ਜਹਾਜ਼ ਵਿਚ ਵੀ ਮੈਂਟੀਨੈਂਸ ਤੇ ਸਰਵਿਸ ਦੀ ਸਮੱਸਿਆ ਚੱਲ ਰਹੀ ਸੀ ਪਰ ਇਸਦੇ ਬਾਵਜੂਦ ਇਹ ਜਹਾਜ ਆਪਣੀ ਰੁਟੀਨ ਵਿਚ ਉਡਾਣ ਭਰ ਰਿਹਾ ਸੀ। ਉਂਜ ਉਪਰੀ ਨਜਰੇ ਆਮ ਲੋਕਾਂ ਵਲੋਂ ਏਅਰ ਇੰਡੀਆ ਕੰਪਨੀ ਅਤੇ ਸਰਕਾਰ ਨੂੰ ਹਾਦਸੇ ਲਈ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਏਅਰ ਇੰਡੀਆ ਜਾਂ ਭਾਰਤ ਸਰਕਾਰ ਨੇ ਇਹ ਜਹਾਜ਼ ਖੁਦ ਨਹੀ ਬਣਾਏ ਬਲਕਿ ਅਮਰੀਕਾ ਦੀ ਸਿਆਟਲ ਸਥਿਤ ਪ੍ਰਸਿਧ ਬੋਇੰਗ ਕੰਪਨੀ ਵਲੋ ਨਿਰਮਿਤ ਹਨ। ਲਗਪਗ ਸਦੀ ਪੁਰਾਣੀ ਇਹ ਕੰਪਨੀ ਹੁਣ ਤੱਕ ਹਜਾਰਾਂ ਜਹਾਜ਼ ਬਣਾ ਚੁੱਕੀ ਹੈ ਜਿਹਨਾਂ ਚੋਂ 14 ਹਜਾਰ ਤੋਂ ਉਪਰ ਜਹਾਜ਼ ਵਿਸ਼ਵ ਦੇ ਲਗਪਗ 150 ਤੋਂ ਉਪਰ ਮੁਲਕਾਂ ਵਿਚ ਚੱਲ ਰਹੇ ਹਨ। ਭਾਰਤ ਕੋਲ ਕੁਲ 190 ਜਹਾਜਾਂ ਦੇ ਫਲੀਟ ਵਿਚ 58 ਦੇ ਕਰੀਬ ਬੋਇੰਗ ਜਹਾਜ਼ ਹਨ। ਹਾਦਸਾਗ੍ਰਸਤ ਹੋਣ ਵਾਲਾ ਬੋਇੰਗ 787 ਡਰੀਮਲਾਈਨਰ ਲਗਪਗ 12 ਸਾਲ ਪੁਰਾਣਾ ਸੀ। ਇਕ ਡਰੀਮਲਾਈਨਰ ਦੀ ਔਸਤਨ ਉਮਰ 20 ਸਾਲ ਮਿਥੀ ਗਈ ਹੈ। ਜਿਸਤੋਂ ਸਪੱਸ਼ਟ ਹੈ ਕਿ ਇਹ ਜਹਾਜ਼ ਅਜੇ ਆਪਣੀ ਗਾਰੰਟੀ ਵਾਰੰਟੀ ਦੇ ਦਾਇਰੇ ਵਿਚ ਹੀ ਸੀ। ਹਰ ਤਿੰਨ ਮਹੀਨੇ ਬਾਦ ਜਾਂ ਜਹਾਜ਼ ਦੀ ਉਡਾਣ ਸਮੇਂ ਮੈਂਟੀਨੈਂਸ ਜਾਂ ਹੋਰ ਚੈਕ ਅੱਪ ਵਾਸਤੇ ਕੀ ਸਾਰੀਆਂ ਸ਼ਰਤਾਂ ਨੂੰ ਪੂਰਾ ਕੀਤਾ ਗਿਆ ਸੀ, ਇਹ ਸਭ ਜਾਂਚ ਦੇ ਬਾਦ ਹੀ ਸਾਹਮਣੇ ਆ ਸਕੇਗਾ।
ਖਬਰ ਹੈ ਕਿ ਏਅਰ ਇੰਡੀਆ ਦੇ ਜਹਾਜ਼ ਦਾ ਬਲੈਕ ਬਾਕਸ ਸ਼ੁੱਕਰਵਾਰ ਨੂੰ ਬਰਾਮਦ ਕਰ ਲਿਆ ਗਿਆ ਹੈ, ਜਿਸ ਨਾਲ ਸੰਭਾਵਤ ਤੌਰ ‘ਤੇ ਹਾਦਸੇ ਦੇ ਕਾਰਨਾਂ ਬਾਰੇ ਸੁਰਾਗ ਮਿਲ ਜਾਣਗੇ। ਜਹਾਜ਼ ਦਾ ਡਿਜੀਟਲ ਫਲਾਈਟ ਡੇਟਾ ਰਿਕਾਰਡਰ, ਜਾਂ ਬਲੈਕ ਬਾਕਸ, ਹਾਦਸੇ ਵਾਲੀ ਥਾਂ ਦੇ ਨੇੜੇ ਇੱਕ ਛੱਤ ਤੋਂ ਬਰਾਮਦ ਕੀਤਾ ਗਿਆ ਹੈ। ਇਸ ਸਬੰਦੀ ਭਾਰਤ ਦੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਇੱਕ ਸੋਸ਼ਲ-ਮੀਡੀਆ ਪੋਸਟ ਵਿੱਚ ਕਿਹਾ ਕਿ ਬਲੈਕ ਬਾਕਸ ਦੀ ਰਿਕਵਰੀ ਜਾਂਚ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਯੂਕੇ-ਅਧਾਰਤ ਇੰਸਟੀਚਿਊਟ ਆਫ਼ ਮਕੈਨੀਕਲ ਇੰਜੀਨੀਅਰਜ਼ ਦੇ ਪ੍ਰੋਫੈਸਰ ਪਾਲ ਫਰੋਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਫਲਾਈਟ ਡੇਟਾ ਰਿਕਾਰਡਰ ਵਿੱਚ ਕਿਸੇ ਵੀ ਕਾਕਪਿਟ ਗੱਲਬਾਤ ਦੇ ਵੌਇਸ ਰਿਕਾਰਡ ਤੋਂ ਇਲਾਵਾ ਇੰਜਣ ਅਤੇ ਕੰਟਰੋਲ ਸੈਟਿੰਗਾਂ ਬਾਰੇ ਜਾਣਕਾਰੀ ਹੁੰਦੀ ਹੈ। ਹੁਣ ਇਹ ਜਲਦੀ ਹੀ ਪਤਾ ਲੱਗ ਜਾਵੇਗਾ ਕਿ ਕੀ ਟੇਕਆਫ ਤੋਂ ਬਾਅਦ ਇੰਜਣ ਜਾਂ ਲਿਫਟ ਵਿਚ ਕੋਈ ਸਮੱਸਿਆ ਆਈ ਸੀ। ਜਹਾਜ਼ ਦੇ ਪਰਾਂ ਦੇ ਸੰਤੁਲਨ ਜਾਂ ਠੀਕ ਤਰਾਂ ਕੰਮ ਨਾ ਕਰਨ ਬਾਰੇ ਵੀ ਪਤਾ ਲੱਗ ਸਕੇਗਾ। ਬਲੈਕ ਬਾਕਸ ਦੀ ਜਾਂਚ ਵਿਚ ਪਤਾ ਚੱਲ ਸਕੇਗਾ ਕਿ ਆਖਰੀ ਪਲਾਂ ਵਿਚ ਕੀ ਕੁਝ ਵਾਪਰਿਆਂ ਤੇ ਹਾਦਸੇ ਲਈ ਕਿਹੜੇ ਤੱਤ ਜਿੰਮੇਵਾਰ ਰਹੇ। ਕੀ ਇਹ ਇਨਸਾਨੀ ਗਲਤੀ ਸੀ ਜਾਂ ਕੋਈ ਅਚਾਨਕ ਵਾਪਰੀ ਤਕਨੀਨੀ ਖਰਾਬੀ। ਹਾਦਸਾਗ੍ਰ੍ਸਤ ਜਹਾਜ਼ ਦੇ ਮੁਸਾਫਿਰਾਂ ਵਿਚ ਗੁਜਰਾਤ ਤੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੇ ਵੀ ਮਾਰੇ ਜਾਣ ਕਾਰਣ ਕੁਝ ਸੋਸ਼ਲ ਮੀਡੀਆ ਬਲੌਗਰਾਂ ਵਲੋਂ ਹਾਦਸੇ ਨੂੰ ਕਿਸੇ ਸਾਜਿਸ਼ ਜਾਂ ਤੋੜਫੋੜ ਦੀ ਸ਼ਰਾਰਤ ਨਾਲ ਵੀ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ। ਅਜਿਹੀਆਂ ਕਿਆਸਰਾਈਆਂ ਜਾਂ ਅਟਕਲਾਂ ਨਾਲ ਜਾਂਚ ਨੂੰ ਭਟਕਾਇਆ ਨਹੀ ਜਾ ਸਕਦਾ। ਜੋ ਹੈ ਉਹ ਮਾਹਿਰਾਂ ਦੀ ਕਮੇਟੀ ਵਲੋਂ ਬਲੈਕ ਬਾਕਸ ਦੀਆਂ ਲੱਭਤਾਂ ਨੂੰ ਖੋਜਣ ਨਾਲ ਸਾਹਮਣੇ ਆ ਜਾਵੇਗਾ ਪਰ ਇਸ ਹਾਦਸੇ ਦੌਰਾਨ ਜੋ ਕੀਮਤੀ ਮਨੁੱਖੀ ਜਾਨਾਂ ਚਲੀਆਂ ਗਈਆਂ ਹਨ, ਉਹਨਾਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਲਈ ਇਹ ਹਾਦਸਾ ਦਰਦ ਦਾ ਨਾਸੂਰ ਬਣਿਆ ਰਹੇਗਾ।