ਅਟਾਰੀ ਜਨਰਲ ਤੇ ਪੁਲਿਸ ਅਧਿਕਾਰੀ ਕੋਈ ਵੀ ਵਿਸ਼ਵਾਸ ਦਿਵਾਉਣ ਵਿਚ ਅਸਫਲ ਰਹੇ-
ਸਰੀ, 15 ਜੂਨ ( ਦੇ ਪ੍ਰ ਬਿ)- ਅੱਜ ਰਿਫਲੈਕਸ਼ਨ ਬੈਂਕੁਇਟ ਹਾਲ ਸਰੀ ਵਿਖੇ ਫਿਰੌਤੀਆ ਤੇ ਗੋਲੀਬਾਰੀ ਦੀਆਂ ਘਟਨਾਵਾਂ ਖਿਲਾਫ ਕਾਰੋਬਾਰੀਆਂ ਵੱਲੋਂ ਕੀਤੇ ਗਏ ਇਕੱਠ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਜਨਤਕ ਸੁਰੱਖਿਆ ਮੰਤਰੀ ਤੇ ਸੋਲਿਸਟਰ ਜਨਰਲ ਗੈਰੀ ਬੈੱਗ, ਸਰੀ ਪੁਲਿਸ ਮੁਖੀ ਲਪਿੰਸਕੀ ਅਤੇ ਆਰ ਸੀ ਐਮ ਪੀ ਦੀ ਸੀਨੀਅਰ ਅਧਿਕਾਰੀ ਮੈਂਡੀ ਵਲੋਂ ਕਾਰੋਬਾਰੀਆਂ ਦੇ ਦੁਖੜੇ ਸੁਣੇ ਪਰ ਉਹ ਆਪਣੇ ਵਲੋਂ ਕੋਈ ਵੀ ਠੋਸ ਕਦਮ ਉਠਾਉਣ ਜਾਂ ਵਿਸ਼ਵਾਸ ਦਿਵਾਉਣ ਵਿਚ ਅਸਫਲ ਦਿਖਾਈ ਦਿੱਤੇ। ਇਸ ਮੌਕੇ ਮੇਅਰ ਬਰੈਂਡਾ ਲੌਕ, ਐਮ ਪੀ ਸੁੱਖ ਧਾਲੀਵਾਲ, ਐਮ ਪੀ ਟਮੈਰਾ ਜੈਨਸਨ ਨੇ ਵੀ ਵਿਚਾਰ ਰੱਖੇ। ਗੈਂਗਸਟਰਾਂ ਦੀਆਂ ਧਮਕੀਆਂ ਤੇ ਗੋਲੀਬਾਰੀ ਕਾਰਣ ਕਾਰੋਬਾਰੀਆਂ ਚ ਬਣੇ ਡਰ, ਸਹਿਮ ਤੇ ਅਸਰੱਖਿਆ ਦੇ ਮਾਹੌਲ ਬਾਰੇ ਸਰੀ ਪੁਲਿਸ ਚੀਫ ਅਤੇ ਆਰ ਸੀ ਐਮ ਪੀ ਅਧਿਕਾਰੀ ਵੈਂਡੀ ਦਾ ਇਕ ਹੀ ਜਵਾਬ ਸੀ ਕਿ ਪੁਲਿਸ ਫੋਰਸ ਆਪਣਾ ਕੰਮ ਕਰ ਰਹੀ ਹੈ ਪਰ ਉਸਦੇ ਨਤੀਜੇ ਕੀ ਹਨ, ਸਾਂਝੇ ਨਹੀਂ ਕੀਤੇ ਜਾ ਸਕਦੇ। ਅਟਾਰਨੀ ਜਨਰਲ ਗੈਰੀ ਬੈੱਗ ਵੀ ਲੋਕਾਂ ਦੀ ਉਮੀਦ ਤੇ ਖਰੇ ਨਾ ਉਤਰੇ। ਉਹਨਾਂ ਕੇਵਲ ਇੰਨਾ ਕਿਹਾ ਕਿ ਸਰਕਾਰ ਸੁਰੱਖਿਆ ਬਲਾਂ ਨੂੰ ਅਪਰਾਧ ਤੇ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਲਈ ਕਹਿ ਰਹੀ ਹੈ। ਸਥਾਨਕ ਪੁਲਿਸ ਫੋਰਸ ਅਤੇ ਆਰ ਸੀ ਐਮ ਪੀ ਵਿਚਾਲੇ ਤਾਲਮੇਲ ਵਧਾਇਆ ਜਾ ਰਿਹਾ ਹੈ। ਜਿਸਦੇ ਨਤੀਜੇ ਵਜੋਂ ਪਿਛਲੇ ਦਿਨੀਂ ਡੈਲਟਾ ਤੋਂ ਦੋ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜ ਸਕਿਆ ਹੈ ਪਰ ਨਾਲ ਉਹਨਾਂ ਕਿਹਾ ਕਿ ਜਿੰਨੀ ਦੇਰ ਲੋਕ ਜਬਰੀ ਵਸੂਲੀ ਜਾਂ ਧਮਕੀਆਂ ਮਿਲਣ ਦੀ ਸੂਰਤ ਵਿਚ ਪੁਲਿਸ ਕੋਲ ਪਹੁੰਚ ਨਹੀ ਕਰਦੇ, ਕੁਝ ਨਹੀ ਕੀਤਾ ਜਾ ਸਕਦਾ। ਉਹਨਾਂ ਦਾ ਸਪੱਸ਼ਟ ਕਹਿਣਾ ਸੀ ਕਿ ਲੋਕ ਅਜਿਹੀਆਂ ਘਟਨਾਵਾਂ ਖਿਲਾਫ ਖੁੱਲਕੇ ਸਾਹਮਣੇ ਨਹੀ ਆਉਂਦੇ ਜਦੋਂਕਿ ਅੱਜ ਦਾ ਕਾਰੋਬਾਰੀਆਂ ਦਾ ਇਹ ਇਕੱਠ ਉਹਨਾਂ ਦੇ ਇਸ ਦਾਅਵੇ ਨੂੰ ਖਾਰਜ ਕਰ ਗਿਆ।
ਵੱਡੀ ਗਿਣਤੀ ਵਿਚ ਪੁੱਜੇ ਕਾਰੋਬਾਰੀਆਂ, ਸ਼ਹਿਰੀਆਂ , ਸਰਕਾਰ ਅਤੇ ਪੁਲਿਸ ਫੋਰਸ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਇਸ ਜਨਤਕ ਇਕੱਠ ਦੇ ਮੁੱਖ ਪ੍ਰਬੰਧਕ ਸਤੀਸ਼ ਕੁਮਾਰ ਨੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਤੇ ਉਹ ਜਿਸ ਪੀੜਾ ਚੋ ਲੰਘ ਰਹੇ ਹਨ, ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਗੈਂਗਸਟਰਾਂ ਵਲੋਂ ਉਹਨਾਂ ਦੇ ਮੋਬਾਈਲ ਫੋਨ ਉਪਰ ਭੇਜੇ ਧਮਕੀ ਸੰਦੇਸ਼ ਤੇ ਫਿਰੌਤੀ ਦੀ ਪੂਰਤੀ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਮੈਸਜ ਵੱਡੀ ਸਕਰੀਨ ਉਪਰ ਦਿਖਾਏ। ਇਹਨਾਂ ਵਿਚ ਸਪੱਸ਼ਟ ਸੀ ਕਿ —
“ਤੁਸੀਂ ਜਵਾਬ ਨਹੀਂ ਦੇ ਰਹੇ ਹੋ, ਠੀਕ ਹੈ? ਹੁਣ ਤੁਸੀਂ ਮਰਨ ਲਈ ਤਿਆਰ ਰਹੋ ।” ਇੱਕ ਹੋਰ ਸਨੇਹੇ ਵਿਚ ਉਸ ਕੋਲੋਂ 2 ਮਿਲੀਅਨ ਡਾਲਰ ਦੀ ਮੰਗ ਕਰਦਿਆਂ, ਚੇਤਾਨਵੀ ਦਿੱਤੀ ਗਈ ਕਿ ਤੁਹਾਡੇ ਕੋਲ ਜਵਾਬ ਦੇਣ ਲਈ ਕੱਲ੍ਹ ਤੱਕ ਦਾ ਸਮਾਂ ਹੈ। ਜੇਕਰ ਤੁਸੀਂ ਨਹੀਂ ਕਰਦੇ … ਤਾਂ ਮਰਨ ਲਈ ਤਿਆਰ ਹੋ ਜਾਓ।”
ਇਸ ਉਪਰੰਤ ਮੰਚ ਸੰਚਾਲਕ ਵਿਨੈ ਸ਼ਰਮਾ ਨੇ ਸਰੀ ਨਿਊਟਨ ਦੇ ਐਮ ਪੀ ਸੁਖ ਧਾਲੀਵਾਲ ਨੂੰ ਮੰਚ ਤੇ ਆਉਣ ਦਾ ਸੱਦਾ ਦਿੱਤਾ। ਐਮ ਪੀ ਸੁੱਖ ਧਾਲੀਵਾਲ ਨਾਲ ਸਰੀ ਫਲੀਟਵੁੱਡ ਤੋਂ ਐਮ ਪੀ ਗੁਰਬਖਸ਼ ਸੈਣੀ ਤੇ ਸਰੀ ਕਲੋਵਰਡੇਲ ਤੋਂ ਐਮ ਪੀ ਟਮੈਰ ਜੈਨਸਨ ਨੇ ਆਪਣੇ ਵਿਚਾਰ ਰੱਖੇ। ਉਪਰੰਤ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਸ਼ਹਿਰੀਆਂ ਦੀ ਸੁਰੱਖਿਆ ਦੇ ਬਣੇ ਨਾਜ਼ਕ ਹਾਲਾਤ ਤੇ ਚਿੰਤਾ ਪ੍ਰਗਟ ਕੀਤੀ। ਉਹਨਾਂ ਸਪੱਸ਼ਟ ਕਿਹਾ ਕਿ ਸਰੀ ਪੁਲਿਸ ਕੇਵਲ ਤਜੁਰਬੇ ਲਈ ਨਹੀ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਜੋ ਤਵੱਕੋ ਕੀਤੀ ਸੀ, ਅਸੀ ਲੋਕਾਂ ਨੂੰ ਉਹ ਸੁਰੱਖਿਆ ਤੇ ਵਿਸ਼ਵਾਸ ਮੁਹੱਈਆ ਨਹੀ ਕਰਵਾ ਸਕੇ। ਉਹਨਾਂ ਹੋਰ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਨੂੰ ਕਿਸੇ ਵੀ ਨੌਕਰਸ਼ਾਹੀ ਅਸਫਲਤਾ ਨੂੰ ਦੂਰ ਕਰਨ ਲਈ ਅਤੇ ਇਸ ਟਰਾਂਜੀਸ਼ਨ ਨੂੰ ਤੇਜ਼ ਕਰਨ ਦੇ ਨਾਲ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸ਼ਹਿਰੀਆਂ ਨੂੰ ਹਰ ਕਦਮ ‘ਤੇ ਸੁਰੱਖਿਅਤ ਰੱਖਿਆ ਜਾਵੇ।
ਵਿਰੋਧੀ ਧਿਰ ਬੀਸੀ ਕੰਸਰਵੇੇਟਿਵ ਆਗੂ ਜੌਨ ਰਸਟੈਡ ਨੇ ਸੂਬੇ ਵਿਚ ਅਮਨ ਕਨੂੰਨ ਦੀ ਤਰਸਯੋਗ ਹਾਲਤ ਤੇ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਬੋਲਦਿਆਂ ਅਟਾਰਨੀ ਜਨਰਲ ਗੈਰੀ ਬੈੱਗ ਨੇ ਕਿਹਾ ਕਿ ਸਰੀ ਵਿਚ ਜੋ ਕੁਝ ਵੀ ਵਾਪਰ ਰਿਹਾ ਹੈ, ਬਹੁਤ ਡਰਾਉਣਾ ਹੈ। ਅਜਿਹੀ ਹਾਲਤ ਵਿਚ ਕੋਈ ਵੀ ਸੁਰੱਖਿਅਤ ਮਹਿਸੂਸ ਨਹੀ ਕਰ ਸਕਦਾ। ਉਹਨਾਂ ਹੋਰ ਕਿਹਾ ਕਿ ਸੰਗਠਿਤ ਅਪਰਾਧ ਬਹੁਤ ਗੁੰਝਲਦਾਰ ਹੈ… ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਇਹ ਇੱਕ ਬਹੁ-ਅਧਿਕਾਰ ਖੇਤਰ ਦਾ ਮੁੱਦਾ ਹੈ ਜੋ ਸਿਰਫ਼ ਇੱਥੇ ਸਰੀ ਜਾਂ ਐਬਟਸਫੋਰਡ ਵਿੱਚ ਹੀ ਨਹੀਂ ਹੋ ਰਿਹਾ, ਸਗੋਂ ਪੂਰੇ ਦੇਸ਼ ਵਿੱਚ ਹੋ ਰਿਹਾ ਹੈ। ਸਾਡੀ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ। ਸੂਬਾਈ ਪੱਧਰ ‘ਤੇ, ਅਸੀਂ ਇਹ ਯਕੀਨੀ ਬਣਾਉਣ ਲਈ ਕਾਰਵਾਈ ਕਰਨਾ ਜਾਰੀ ਰੱਖਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕ ਸੰਗਠਿਤ ਅਪਰਾਧ ਤੋਂ ਸੁਰੱਖਿਅਤ ਰਹਿਣ। ਸਰਕਾਰ ਵਲੋਂ ਅਪਰਾਧੀਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਖਿਲਾਫ ਵਿਸ਼ੇਸ਼ ਕਾਰਵਾਈ ਅਤੇ ਖੁਫੀਆ ਪ੍ਰੋਗਰਾਮਾਂ ਲਈ ਸਾਲਾਨਾ $100 ਮਿਲੀਅਨ ਤੋਂ ਵੱਧ ਦਾ ਖਰਚਾ ਕੀਤਾ ਜਾਂਦਾ ਹੈ। ਰਾਸ਼ਟਰੀ ਪੱਧਰ ‘ਤੇ, ਆਰਸੀਐਮਪੀ ਨੇ ਬੀ.ਸੀ. ਅਤੇ ਹੋਰ ਅਧਿਕਾਰ ਖੇਤਰਾਂ ਵਿੱਚ ਪੁਲਿਸ ਨਾਲ ਕੰਮ ਕਰਨ ਲਈ ਇੱਕ ਰਾਸ਼ਟਰੀ ਤਾਲਮੇਲ ਅਤੇ ਸਹਾਇਤਾ ਟੀਮ ਸਥਾਪਤ ਕੀਤੀ ਹੈ। ਪ੍ਰਭਾਵਿਤ ਲੋਕਾਂ ਨੂੰ ਜਦੋਂ ਵੀ ਧਮਕੀ ਜਾਂ ਫਿਰੌਤੀ ਲਈ ਕਾਲ ਆਉਂਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ।
ਸਰੀ ਪੁਲਿਸ ਚੀਫ ਲਿਪਿੰਸਕੀ ਨੇ ਕਿਹਾ ਕਿ ਜਦੋਂ ਕਿ ਸਰੀ ਪੁਲਿਸ ਸ਼ਹਿਰ ਵਿੱਚ ਅਧਿਕਾਰ ਖੇਤਰ ਦੀ ਪੁਲਿਸ ਏਜੰਸੀ ਹੈ ਪਰ ਅਸੀ ਇਹ ਵੀ ਜਾਣਦੇ ਹਾਂ, ਟਰਾਂਜੀਸ਼ਨ ਅਜੇ ਮੁਕੰਮਲ ਨਹੀ ਹੋਇਆ। ਇਸ ਲਈ ਅਸੀ ਆਰ ਸੀ ਐਮ ਪੀ ਦੇ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਨਾਲ ਬਹੁਤ ਨੇੜਿਓਂ ਕੰਮ ਕਰਨਾ ਜਾਰੀ ਰੱਖ ਰਹੇ ਹਾਂ ਅਤੇ ਮੈਂ ਇਸ ਮੁੱਦੇ ਬਾਰੇ ਹਫ਼ਤਾਵਾਰੀ ਆਧਾਰ ‘ਤੇ ਚੀਫ਼ ਸੁਪਰਡੈਂਟ ਮੈਂਡੀ ਮਹਿਤ ਨਾਲ ਤਾਲਮੇਲ ਰੱਖ ਰਿਹਾ ਹਾਂ।
ਇਸ ਮੌਕੇ ਪੱਤਰਕਾਰਾਂ ਤੇ ਕੁਝ ਕਾਰੋਬਾਰੀਆਂ ਵਲੋਂ ਅਧਿਕਾਰੀਆਂ ਨੂੰ ਸਵਾਲ ਵੀ ਕੀਤੇ ਜਿਹਨਾਂ ਦੇ ਜਵਾਬ ਕੇਵਲ ਰਵਾਇਤੀ ਹੀ ਸਨ। ਤਾਜ਼ਾ ਘਟਨਾਵਾਂ ਜਾਂ ਇਕ ਕਾਰੋਬਾਰੀ ਦੇ ਕਤਲ ਸਬੰਧੀ ਕੋਈ ਗ੍ਰਿਫਤਾਰੀ ਜਾਂ ਅਪਰਾਧੀਆਂ ਖਿਲਾਫ ਕਾਰਵਾਈ ਬਾਰੇ ਪੁਲਿਸ ਅਧਿਕਾਰੀਆਂ ਨੇ ਕੁਝ ਵੀ ਸਪੱਸ਼ਟ ਜਾਂ ਠੋਸ ਉਤਰ ਨਹੀ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਸੁਰੱਖਿਆ ਦ੍ਰਿਸ਼ਟੀ ਤੋਂ ਕੁਝ ਵੀ ਜਨਤਕ ਰੂਪ ਵਿਚ ਸਾਂਝਾ ਨਹੀ ਕੀਤਾ ਜਾ ਸਕਦਾ।
ਇਸ ਮੌਕੇ ਕੈਬਨਿਟ ਮਨਿਸਟਰ ਜਗਰੂਪ ਸਿੰਘ ਬਰਾੜ, ਐਨ ਡੀ ਪੀ ਐਲ ਐਲ ਏ ਜੈਸੀ ਸੂਨੜ, ਆਮਨਾ ਸ਼ਾਹ, ਕੰਸਰਵੇਟਿਵ ਐਮ ਐਲ ਏ ਹਰਮਨ ਭੰਗੂ, ਮਨਦੀਪ ਧਾਲੀਵਾਲ, ਸਟੀਵ ਕੂਨਰ, ਕੌਂਸਲਰ ਲਿੰਡਾ ਐਨਿਸ, ਕੌਂਸਲਰ ਰੌਬ ਸਟੱਟ, ਸਾਬਕਾ ਮੇਅਰ ਲਿੰਡਾ ਹੈਪਨਰ ਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਕਾਰੋਬਾਰੀ ਹਾਜ਼ਰ ਸਨ।