ਸਰੀ ( ਸੁਰਿੰਦਰ ਸਿੰਘ ਜੱਬਲ)-ਦੀਵਾਲੀ ਅਤੇ ਬੰਦੀ ਛੋੜ ਦੇ ਪਵਿੱਤਰ ਦਿਹਾੜੇ ਮੌਕੇ ਵੈਨਕੂਵਰ, ਸਰੀ, ਐਬਸਫੋਰਡ ਤੇ ਹੋਰ ਵੱਖ-ਵੱਖ ਗੁਰੂ ਘਰਾਂ ਤੇ ਧਾਰਮਿਕ ਸਥਾਨਾਂ ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੁਦੁਆਰਾ ਬਰੁਕਸਾਈਡ ਸਾਹਿਬ ਵਿਖੇ ਸਵੇਰ ਤੋਂ ਲੈਕੇ ਕੇ ਸ਼ਾਮ ਦੇ ਨੌਂ ਵਜੇ ਤੀਕ ਸਾਰਾ ਦਿਨ ਪਹਿਲਾਂ ਤੋਂ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ। ਸੋਮਵਾਰ ਦਾ ਦਿਨ ਇਕ ਕੰਮਕਾਰ ਦਾ ਦਿਨ ਭਾਵ ਛੁੱਟੀ ਨਾ ਹੋਣ ਅਤੇ ਥੋੜੀ ਥੋੜੀ ਜਿਹੀ ਕਿਣਮਿਣ ਤੇ ਬੱਦਲਵਾਈ ਦੇ ਬਾਵਜੂਦ ਵੀ ਸੰਗਤਾਂ ਦਰਬਾਰ ਹਾਲ ਵਿਚ ਸਾਰਾ ਦਿਨ ਲਗਾਤਾਰ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਨਤਮਸਤਕ ਹੋਈਆਂ।ਸ਼ਾਮ ਦੇ ਪੰਜ ਵਜੇ ਤੋਂ ਲੈ ਕੇ ਨੌਂ ਵਜੇ ਤੀਕ ਕੰਮਾਂਕਾਰਾਂ ਤੋਂ ਵਿਹਲੇ ਹੋਣ ਬਾਅਦ ਕਈ ਕਈ ਲਾਈਨਾਂ ਵਿਚ ਖੜ੍ਹੋ ਕੇ ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁੱਖ ਆਪੋਆਪਣੀ ਮਨੋਕਾਮਨਾਵਾਂ ਦੀ ਪੂਰਤੀ ਲਈ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕਿਆ। ਬਾਹਰਵਾਰ ਪੁਸਤਕ ਪ੍ਰਦਸ਼ਨੀ ਨੇ ਪਾਠਕਾਂ ਨੂੰ ਉਤਸ਼ਾਹਤ ਕੀਤਾ ਅਤੇ ਨਿਸ਼ਾਨ ਸਾਹਿਬ ਦੇ ਆਲੇ ਦੁਆਲੇ ਦੀਵੇ ਬਾਲ ਕੇ ਸ਼ਰਧਾਲੂਆਂ ਨੇ ਸਦੀਆਂ ਤੋਂ ਚੱਲੀ ਆ ਰਹੀ ਪ੍ਰਥਾ ਦੀਵਾਲੀ ਦੀ ਹਨੇਰੀ ਰਾਤ ਨੂੰ ਕੁਝ ਪਲਾਂ ਲਈ ਸੰਗਤਾਂ ਵਲੋਂ ਜਗ ਮਗ ਕੀਤਾ ਤੇ ਬੰਦੀਛੋੜ ਦਿਵਸ ਸਨਿਮਰ ਦੀਪਮਾਲਾ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਦੀਵਾਲੀ ਕੀ ਰਾਤ ਦੀਵੇ ਬਾਲੇ ਜਾਂਦੇ ਹਨ ਪਰ ਕੁਝ ਚਿਰ ਬਾਅਦ ਬੁਝ ਜਾਂਦੇ ਹਨ ਦੀ ਉਦਾਹਰਣ ਦਰਸਾ ਕੇ ‘ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨ’ ਨੂੰ ਗੁਰਦੁਆਰਾ ਸਟੇਜ ਤੋਂ ਗਿਆਨੀ ਜੀ ਅਤੇ ਕੀਰਤਨੀ ਜੱਥਿਆਂ ਰਾਹੀਂ ਪ੍ਰੇਰਨਾ ਸਰੋਤ ਕੀਤਾ।
ਫਲੂਅ ਸ਼ਾਟਸ ਦੀ ਸੇਵਾ 25 ਅਕਤੂਬਰ ਨੂੰ-
ਇਸੇ ਤਰ੍ਹਾਂ ਹੋਰ ਜਾਣਕਾਰੀ ਲਈ ਸੰਗਤ ਨੂੰ ਸੂਚਿਤ ਕੀਤਾ ਗਿਆ ਕਿ 25 ਅਕਤੂਬਰ ਦਿਨ ਸਨਿਚਰਵਾਰ ਨੂੰ ‘ਫਾਰਮੇਸੀ 24’ ਵਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਫਲੂਅ ਸ਼ੋਟਸ ਦੀ ਸੇਵਾ ਨਿਭਾਈ ਜਾ ਰਹੀ ਹੈ।ਫਾਰਮੇਸੀ ਵਲੋਂ ਫਲੂਅ ਦੇ ਟੀਕੇ ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੀਕ ਲੰਗਰ ਹਾਲ ਵਿਚ ਲਾਏ ਜਾਣਗੇ।ਪ੍ਰਬੰਧਕਾਂ ਵਲੋਂ ਬੇਨਤੀ ਕੀਤੀ ਗਈ ਕਿ ਆਪੋ ਆਪਣੇ ਕੇਅਰ ਕਾਰਡ ਆਪਣੇ ਨਾਲ ਲੈ ਕੇ ਆਉਣਾ।
ਵੈਨਕੂਵਰ ਵਿਖੇ ਦੀਵਾਲੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ-
ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਨਗਰ ਨਿਵਾਸੀ ਥਾਂਦੀਆਂ ਦੀ ਸੰਗਤ ਵਲੋਂ ਹਰ ਸਾਲ ਦੀ ਤਰਾਂ ਇਸ ਵੀ ਸ਼ਨੀਵਾਰ 18 ਅਕਤੂਬਰ ਨੂੰ ਸ੍ਰੀ ਆਖੰਡ ਪਾਠ ਦੇ ਆਰੰਭ ਕਰਵਾਏ ਗਏ ਜਿਹਨਾਂ ਦੇ ਭੋਗ 20 ਅਕਤੂਬਰ ਦਿਨ ਸੋਮਵਾਰ ਨੂੰ ਪਾਏ ਗਏ। ਉਪਰੰਤ ਅਰਦਾਸ ਬੇਨਤੀ ਨਗਰ ਦੀ ਚੜਦੀ ਕਲਾ ਲਈ ਕੀਤੀ ਗਈ। ਸਵੇਰੇ 9.30 ਕੀਰਤਨ ਕਥਾ ਅਤੇ ਢਾਡੀ ਵਾਰਾਂ ਰਾਤ 9.30 ਵਜੇ ਤੱਕ ਚਲਦੇ ਰਹੇ।ਨਗਰ ਨਿਵਾਸੀਆਂ ਵਲੋਂ ਲੰਗਰਾਂ ਦੀ ਅਤੁਟ ਸੇਵਾ ਕੀਤੀ। ਸੰਗਤਾਂ ਦੇਰ ਰਾਤ ਤੱਕ ਕੀਰਤਨ, ਕਥਾ ਅਤੇ ਢਾਡੀ ਵਾਰਾਂ ਰਾਹੀਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਸਰਵਣ ਕਰਦੀਆਂ ਰਹੀਆਂ। ਥਾਂਦੀਆਂ ਨਗਰ ਜੋ ਕਿ ਬੰਗਾ ਤੋਂ 2 ਕੁ ਕਿਲੋਮੀਟਰ ਦੀ ਵਿਥ ਤੇ ਹੈ , ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਸ ਕੁਲਦੀਪ ਸਿੰਘ ਥਾਂਦੀ ਵੀ ਇਸੇ ਨਗਰ ਤੋਂ ਹਨ। ਇਸ ਨਗਰ ਨਿਵਾਸੀਆਂ ਵਲੋਂ ਪਿਛਲੇ 25-30 ਸਾਲਾਂ ਤੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਸ੍ਰੀ ਆਖੰਡ ਪਾਠ ਦੀ ਸੇਵਾ ਕਰਵਾਈ ਜਾਂਦੀ ਹੈ। ਇਸ ਮੌਕੇ ਸੁਸਾਇਟੀ ਵਲੋ ਨਗਰ ਨਿਵਾਸੀ ਥਾਂਦੀਆਂ ਦਾ ਧੰਨਵਾਦ ਕੀਤਾ ਗਿਆ।









