Mar 7, 2026

ਸੁਰਿੰਦਰ ਮਾਵੀ,

ਵਿਨੀਪੈਗ, ਅਕਤੂਬਰ 25   –ਪਿਛਲੇ ਦਿਨੀਂ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸਭਾ ਵਿਨੀਪੈਗ ਵੱਲੋਂ ਮੈਪਲ ਕਾਮਨਜ਼ ਕਾਲਜੀਏਟ 1330 ਜੈਫਰਸਨ ਐਵਿਨਿਊ ਵਿਖੇ ਸ੍ਰੀਮਤੀ ਪਰਮਿੰਦਰ ਕੌਰ ਸਵੈਚ ਵੱਲੋਂ ਲਿਖਿਆ ਨਾਟਕ “ਬਲ਼ਦੇ ਬਿਰਖ” ਕਰਵਾਇਆ ਗਿਆ । ਇਸ ਨਾਟਕ ਦੀ ਪੇਸ਼ਕਾਰੀ, ਸਥਾਨਕ ਰੰਗਮੰਚ “ਆਰਟ 5- ਆਬ” ਦੇ ਨਿਰਦੇਸ਼ਕ ਸ. ਬਿਕਰਮਜੀਤ ਸਿੰਘ ਮੋਗਾ ਦੀ ਨਿਰਦੇਸ਼ਨ ਹੇਠ ਕੀਤੀ ਗਈ । ਇਸ ਪ੍ਰੋਗਰਾਮ ਦੀ ਸ਼ੁਰੂਆਤ ਬੱਚੀ ਸਮਾਈਲ ਨੇ ਔਰਤ ਦੀ ਕਹਾਣੀ ਪੜ੍ਹ ਕੇ ਕੀਤੀ । ਇਸ ਤੋਂ ਬਾਅਦ ਸ. ਦਰਸ਼ਨ ਸਿੰਘ ਵਾਂਦਰ ਨੇ ” ਬੰਬੀਹਾ ਬੋਲੇ ” ਦਾ ਗੀਤ ਗਾਇਆ । ਸ੍ਰੀਮਤੀ ਜਸਵੀਰ ਕੌਰ ਮੰਗੂਵਾਲ ਨੇ “ਮੈਂ ਸਿੱਖ ਹਾਂ ਬਾਬੇ ਨਾਨਕ ਦੀ” ਕਵਿਤਾ ਪੜ੍ਹੀ । ਸ. ਗੁਰਤੇਜ ਸਿੰਘ ਖੋਖਰ ਨੇ ਫਾਂਸੀ ਵਾਦ ਤੇ ਭਾਸ਼ਣ ਦਿੱਤਾ।ਇਸ ਨਾਟਕ ਦੀ ਬਹੁਤ ਹੀ ਵਧੀਆ ਪੇਸ਼ਕਾਰੀ ਸੀ। ਸਾਰੇ ਕਲਾਕਾਰਾਂ ਨੇ ਆਪਣਾ ਰੋਲ਼ ਸ਼ਿੱਦਤ ਨਾਲ ਨਿਭਾਇਆ ਤੇ ਬਿਕਰਮ ਨੇ ਮਿਊਜ਼ਿਕ ਆਦਿ ਨਾਲ ਬਹੁਤ ਸਾਰੇ ਰੰਗ ਭਰ ਦਿੱਤੇ। ਲੋਕਾਂ ਦਾ ਕਹਿਣਾ ਸੀ ਕਿ ਅਸੀਂ ਨਾਟਕ ਦੇ ਨਾਲ ਨਾਲ ਤੁਰਦੇ ਰਹੇ, ਕਦੇ ਹੱਸਦੇ ਸੀ ਤੇ ਕਦੇ ਭਾਵਕ ਹੋ ਕੇ ਰੋਣਾ ਵੀ ਆਇਆ ਕਿਉਂਕਿ ਇਹ ਨਾਟਕ ਡਰੱਗ ਤੇ ਗੈਂਗਵਾਰ ਨਾਲ ਸਬੰਧਿਤ ਹੈ। ਇਹਨਾਂ ਅਲਾਮਤਾਂ ਨਾਲ ਸਾਡੀ ਕਮਿਊਨਿਟੀ ਦੇ ਬਹੁਤ ਨੌਜਵਾਨ ਆਪਣੀਆਂ ਜਾਨਾਂ ਗਵਾ ਰਹੇ ਹਨ। ਨਾਟਕ ਹਰ ਇੱਕ ਨੂੰ ਆਪਣੇ ਆਲ਼ੇ ਦੁਆਲੇ ਵਾਪਰ ਰਿਹਾ ਮਹਿਸੂਸ ਹੋ ਰਿਹਾ ਸੀ।

ਨਾਟਕ  ” ਬਲ਼ਦੇ ਬਿਰਖ”  ਦੀ ਸ਼ੁਰੂਆਤ ਨਾਲ ਭਾਰਤ ਤੋਂ ਕੈਨੇਡਾ ਪਹੁੰਚ ਕੇ ਪਾਤਰ ਆਪਣੀ ਦੁੱਖਾਂ ਭਰੀ ਦਾਸਤਾਨ  ਸ਼ੁਰੂ ਕਰ ਦਿੰਦਾ ਹੈ । ਜਿਸ ਵਿੱਚ ਪਤਾ ਲੱਗਦਾ ਹੈ ਕਿ ਕਿਵੇਂ ਉਹ ਆਪਣੀ ਚੰਗੇਰੀ ਜ਼ਿੰਦਗੀ ਬਣਾਉਣ ਲਈ  ਕੈਨੇਡਾ ਪਹੁੰਚਿਆ ਅਤੇ ਕੰਮ ਦੀ ਤਲਾਸ਼ ਕਰਦਾ, ਆਪਣਾ ਜੀਵਨ  ਅਤੇ ਆਪਣੇ ਪਰਿਵਾਰ ਦਾ ਜੀਵਨ ਸੁਧਾਰਨ  ਦਾ ਯਤਨ ਕਰਦਾ ਹੈ,ਪਰ ਉਸ ਨੂੰ  ਇੱਥੇ ਵੀ ਉਹੀ ਕੁਝ, ਮਾੜੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਬਾਅਦ ਵਿਚ ਜਿਉਂ ਜਿਉਂ ਬੱਚੇ ਵੱਡੇ ਹੁੰਦੇ ਨੇ ਇੱਥੋਂ ਦੇ ਮਾੜੇ ਰਾਜ ਪ੍ਰਬੰਧ ਦੀ ਭੇਂਟ ਚੜ ਜਾਂਦੇ ਨੇ । ਨਾਟਕ ਦੇਖਣ ਤੋਂ ਲੱਗਦਾ ਸੀ  ਕਿ ਇਹ ਘਰ ਘਰ ਦੀ ਅਤੇ ਸਾਡੇ ਆਂਢ ਗੁਆਂਢ ਦੀ ਕਹਾਣੀ ਹੈ, ਜਿਸ ਨੇ ਸਭ ਨੂੰ ਜਕੜਿਆ ਹੋਇਆ ਹੈ । ਸਾਮਰਾਜੀ ਪ੍ਰਬੰਧ ਵੱਲੋਂ ਜਿੱਥੇ ਦੁਨੀਆ ਵਿਚ ਪੈਸਾ ਕਮਾਉਣ ਲਈ ਇਹ ਨਸ਼ਾ ਤਸਕਰੀ ਸਭ ਤੋਂ ਵਧੀਆ ਤਰੀਕਾ ਨਾਲ ਹੀ  ਨੌਜਵਾਨੀ ਦੀ ਤਬਾਹੀ ਦਾ ਵੀ ਸਾਧਨ ਬਣਦਾ ਹੈ, ਜੋ ਹਾਕਮ ਜਮਾਤਾਂ ਦੀ ਲੋੜ ਹੈ। ਇਸੇ ਕਰਕੇ ਹੀ ਇਸ ਨੂੰ ਰੋਕਣ ਦਾ ਯਤਨ ਵੀ ਨਹੀਂ ਕੀਤਾ ਜਾ ਰਿਹਾ ਹੈ. ਸਿਰਫ਼ ਪ੍ਰਚਾਰ ਤੱਕ ਹੀ ਸੀਮਿਤ ਹੈ।

 ਇਸ ਨਾਟਕ ਵਿਚ ਨਸ਼ਾ ਤਸਕਰਾਂ ਦੇ ਚੁੰਗਲ ਵਿਚ ਫਸਿਆ ਵਿਕੀ ਦਾ ਕਿਰਦਾਰ ਨਿਭਾਇਆ ਪਰਮਜੀਤ ਨੇ,ਜਿਸ ਤੋਂ ਬਾਅਦ ਛੋਟੇ ਭੈਣ ਭਰਾ ਵੀ ਇਸ ਦਲਦਲ ਵਿੱਚ ਫਸ ਜਾਂਦੇ ਹਨ । ਮਾਤਾ ਪਿਤਾ ਦੀ ਚਿੰਤਾ ਦਿਨੋਂ ਦਿਨ ਵਧਦੀ ਜਾਂਦੀ ਹੈ। ਪਿਤਾ ਦਾ ਕਿਰਦਾਰ ਸ. ਬਿਕਰਮਜੀਤ ਮੋਗਾ ਤੇ ਮਾਂ ਦਾ ਕਿਰਦਾਰ ਇੰਦਰਜੀਤ ਕੌਰ ਨੇ ਨਿਭਾਇਆ। ਗੁਆਂਢਣ ਰਮਨ ਭੂਆ ਜਸਵੀਰ ਕੌਰ ਮੰਗੂਵਾਲ ਅਤੇ ਫੁੱਫੜ ਅਜੈਬ ਸਿੰਘ  ਦਾ  ਵੀ ਵਧੀਆ ਰੋਲ ਰਿਹਾ । ਦਰ,ਦਰ ਭਟਕਦਿਆਂ ਆਖ਼ਰ ਮਾਂ ਦਾ  ਗੁਆਂਢਣ ਰਾਹੀਂ ਬਾਬੇ ਤੱਕ ਪਹੁੰਚ ਕਰਨਾ ਕਿ ਸ਼ਾਇਦ  ਬੱਚਿਆਂ ਨੂੰ ਬਚਾਇਆ ਜਾ ਸਕੇ ਪਰ ਪੱਲੇ ਨਿਰਾਸਾ ਹੀ ਪੈਂਦੀ ਹੈ । ਇੱਥੇ ਬਾਬੇ ਦਾ ਕਿਰਦਾਰ ਪਰਮਿੰਦਰ ਸਿੰਘ ਨੇ ਨਿਭਾਇਆ । ਬਾਬੇ ਦੇ ਚੇਲਿਆਂ ਦਾ ਕਿਰਦਾਰ ਪਵਨ, ਅਭਿਸ਼ੇਕ ਸ਼ਰਮਾ ਨੇ ਨਿਭਾਇਆ। ਦੋਸਤਾਂ ਵਿਚ ਡਾ ਧਰਮਪਾਲ ਰਹੇ । ਪਾਤਰਾਂ  ਦੀ ਵਧੀਆ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਡੇਢ ਘੰਟਾ ਮੰਚ ਨਾਲ ਜੋੜੀ ਰੱਖਿਆ। ਨਾਟਕ ਦੇ ਖ਼ਤਮ ਹੁੰਦਿਆਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ । ਵਾਹ,ਵਾਹ ਸ਼ਾਬਾਸ਼ ਦੀਆਂ ਅਵਾਜ਼ਾਂ ਨੇ ਨਾਟਕ ਟੀਮ ਦੀ ਹੌਸਲਾ ਅਫ਼ਜ਼ਾਈ ਕੀਤੀ । ਨਾਟਕ ਨਸ਼ਿਆਂ ਤੋਂ ਬਚਣ ਦਾ ਹੋਕਾ ਦਿੰਦਾ ਖ਼ਤਮ ਹੋਇਆ ।ਇਸ ਮੌਕੇ  ਸ. ਗੁਰਤੇਜ ਸਿੰਘ ਖੋਖਰ ਵੱਲੋਂ ਲਿਖੀ ਗਈ ਕਿਤਾਬ “ਦਲਿਤ ਮੁਕਤੀ ਦਾ ਸਵਾਲ ” ਵੀ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸਭਾ ਵਿਨੀਪੈਗ ਵੱਲੋਂ ਰੀਲੀਜ਼ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਸ੍ਰੀਮਤੀ ਲਵਦੀਪ ਨੇ ਬਾਖ਼ੂਬੀ ਨਿਭਾਈ ।

 ਇਸ ਤੋਂ ਪਹਿਲਾਂ  ਸ੍ਰੀਮਤੀ ਨਿਸ਼ਠਾ ਜੈਨ ਦੀ ਦਸਤਾਵੇਜ਼ੀ ਫ਼ਿਲਮ ” ਇਨਕਲਾਬ ਦੀ ਖੇਤੀ” ਵੀ  ਦਿਖਾਈ ਗਈ ।ਇਸ ਫ਼ਿਲਮ ਨੂੰ ਡਾਕੂਮੈਂਟਰੀ ਖੇਤਰ ਵਿਚ ਕੌਮਾਂਤਰੀ ਅਵਾਰਡ ਮਿਲ ਚੁੱਕਿਆ ਹੈ। ਫ਼ਿਲਮ  ਚਲਾਉਣ ਤੋਂ ਪਹਿਲਾਂ ਸ੍ਰੀਮਤੀ ਸੋਫੀਆ ਸ਼ਰਮਾ ਨੇ ਪਾਸ਼ ਦੀ ਕਵਿਤਾ ‘”ਸਭ ਤੋਂ ਖ਼ਤਰਨਾਕ ਹੁੰਦਾ ਹੈ” ਪੜ੍ਹੀ ।ਲਗਭਗ ਦੋ ਘੰਟੇ ਦੀ ਫ਼ਿਲਮ ਸੀ ਜਿਸ ਨੂੰ ਦਰਸ਼ਕਾਂ  ਨੇ ਬੜੀ ਰੀਝ ਨਾਲ ਦੇਖਿਆ । ਦਿੱਲੀ ਵਿਚ ਚਲੇ ਕਿਸਾਨੀ ਘੋਲ ਦੀਆਂ ਝਲਕੀਆਂ ਨੇ ਆਪਣੇ ਅੰਦਰ ਬਹੁਤ ਕੁਝ ਸਮੋਇਆ ਹੋਇਆ ਹੈ‌, ਜੋ ਵੱਖ ਵੱਖ ਧਰਮਾਂ, ਜਾਤਾਂ , ਖੇਤਰਾਂ ਦੇ ਸਮੂਹ ਲੋਕਾਂ ਦੀ ਇੱਕਮੁੱਠ ਦਾ ਪ੍ਰਗਟਾਵਾ  ਹੈ। ਫ਼ਿਲਮ ਖ਼ਤਮ ਹੋਣ ਤੋਂ ਬਾਅਦ ਸਵਾਲ, ਜਵਾਬ ਦਾ ਦੌਰ ਚਲਿਆ। ਜੋ ਸ੍ਰੀਮਤੀ ਨਿਸ਼ਠਾ ਜੈਨ ਨੇ ਤਸੱਲੀ ਬਖ਼ਸ਼  ਪੂਰਾ ਕੀਤਾ। ਅੰਤ ਵਿਚ ਪ੍ਰਬੰਧਕ ਕਮੇਟੀ  ਮੰਗਤ ਸਿੰਘ ਸਹੋਤਾ,ਹਰਨੇਕ ਸਿੰਘ ਧਾਲੀਵਾਲ, ਮੁਖ਼ਤਿਆਰ ਸਿੰਘ, ਹਰਿੰਦਰ ਸਿੰਘ, ਮਾਸਟਰ ਮਲਕੀਤ ਸਿੰਘ, ਦਰਸ਼ਨ ਸਿੰਘ ਵਾਂਦਰ, ਜਸਵੀਰ ਕੌਰ ਮੰਗੂਵਾਲ, ਰਾਜ ਬਲਵਿੰਦਰ, ਮਹਿੰਦਰ ਸਰਾਂ ਅਤੇ ਅਮਰਦੀਪ ਜਾਖਾਂ ਨੇ ਦਰਸ਼ਕਾਂ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ.

     ਫ਼ੋਟੋ–1. ਸ. ਗੁਰਤੇਜ ਸਿੰਘ ਖੋਖਰ ਵੱਲੋਂ ਲਿਖੀ ਗਈ ਕਿਤਾਬ “ਦਲਿਤ ਮੁਕਤੀ ਦਾ ਸਵਾਲ “ ਰੀਲੀਜ਼ ਕਰਦੇ ਹੋਏ

          2. ਨਾਟਕ ਦੀਆਂ ਵੱਖ ਵੱਖ ਝਲਕੀਆਂ