ਸਰੀ (ਸੁਰਿੰਦਰ ਸਿੰਘ ਜੱਬਲ, ਹਰਦਮ ਮਾਨ ) -ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੰਗਤ ਵਲੋਂ ਬੜੀ ਸ਼ਰਧਾ ਤੇ ਚਾਵਾਂ ਨਾਲ ਮਨਾਇਆ ਗਿਆ।ਸੋਮਵਾਰ 3 ਨਵੰਬਰ ਨੂੰ ਆਗਮਨ ਪੁਰਬ ਦੇ ਸੰਬੰਧ ਵਿਚ ਮੇਨ ਦਰਬਾਰ ਹਾਲ ਵਿਚ ਸ੍ਰੀ ਅਖੰਡਪਾਠ ਸਾਹਿਬ ਅਰੰਭ ਕੀਤੇ ਗਏ ਤੇ 5 ਨਵੰਬਰ ਬੁੱਧਵਾਰ ਨੂੰ ਸ੍ਰੀ ਅਖੰਡਪਾਠ ਜੀ ਦੀ ਸੰਪੂਰਨਤਾ ਉਪਰੰਤ ਸਵੇਰੇ 9:30 ਵਜੇ ਤੋਂ ਲੈ ਕੇ ਸ਼ਾਮ ਦੇ 8:30 ਵਜੇ ਤੀਕ ਗੁਰਬਾਣੀ ਕੀਰਤਨ ਤੇ ਕਥਾ ਦਾ ਪ੍ਰਵਾਹ ਅਤੇ ਗੁਰੂ ਕਾ ਲੰਗਰ ਸਾਰਾ ਦਿਨ ਚੱਲਿਆ।ਬੁੱਧਵਾਰ ਕੰਮਕਾਰ ਦਾ ਦਿਨ ਹੋਣ ਕਰਕੇ ਸ਼ਾਮ ਦੇ ਪੰਜ ਵਜੇ ਤਾਂ ਸੰਗਤਾਂ ਭਾਰੀ ਗਿਣਤੀ ਵਿਚ ਦਰਬਾਰ ਹਾਲ ਵਿਚ ਪਹੁੰਚੀਆਂ।ਰਾਗੀ ਜੱਥੇ ਭਾਈ ਸਰਬਜੀਤ ਸਿੰਘ ਰਮਦਾਸ ਵਾਲੇ ਅਤੇ ਭਾਈ ਇਕਬਾਲ ਸਿੰਘ ਲੁਧਿਆਣੇ ਵਾਲਿਆਂ ਨੇ ਸਿੱਖ ਧਰਮ ਦੇ ਬਾਨੀ, ਜਾਹਰ ਪੀਰ ਜਗਤ ਗੁਰ ਬਾਬਾ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਢੋਆ, ਆਪਿ ਨਰਾਇਣੁ ਕਲਾਧਾਰ ਜੱਗ ਮਹਿ ਪਰਵਰਿਯਉ ਅਤੇ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ ਜਿਹੇ ਅਨੇਕਾਂ ਸ਼ਬਦਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਕੀਰਤੀਮਾਨ ਕੀਤਾ। ਗਿਆਨੀ ਕੁਲਵੰਤ ਸਿੰਘ ਤੇ ਗਿਆਨੀ ਸਤਵਿੰਦਰਪਾਲ ਸਿੰਘ ਨੇ ਗੁਰੂ ਸਾਹਿਬਾਨ ਜੀ ਦੇ ਜੀਵਨ ਵਿਚੋਂ ਅਹਿਮ ਘਟਨਾਵਾਂ ਨੂੰ ਬਿਆਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਂਵਾਂ ਤੇ ਚੱਲਣ ਲਈ ਪ੍ਰੇਰਿਆ।ਸਮੂਹ ਸੰਗਤ ਨੂੰ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿਤੀਆਂ ਗਈਆਂ ਅਤੇ ਗੁਰੂ ਮਹਾਰਾਜ ਜੀ ਵਲੋਂ ਸਰਬੱਤ ਦੇ ਭਲੇ ਤੇ ਸਾਝੀਂਵਾਲਤਾ ਲਈ ਪਾਈਆਂ ਪੈੜਾਂ ਅਤੇ ਸਮੁੱਚੀ ਮਾਨਵਤਾ ਦੇ ‘ਸਰਬੱਤ ਦਾ ਭਲਾ’ ਦੇ ਸੰਕਲਪ ਨੂੰ ਹੋਰ ਵੀ ਤਨਦੇਹੀ ਨਾਲ ਸਾਂਝਿਆਂ ਕਰਨ ਲਈ ਪ੍ਰੇਰਿਆ।ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀਆਂ ਸੇਵਾਦਾਰ ਬੀਬੀਆਂ, ਪੰਜਾਬੀ ਤੇ ਕੀਰਤਨ ਕਲਾਸ ਦੇ ਬੱਚੇ ਅਤੇ ਮਰਦਾਨਾ ਅਕੈਡਮੀ ਦੇ ਬੱਚੇ ਬੱਚੀਆਂ ਸਮੇਤ ਪਰਮਜੀਤ ਕੌਰ ਜੱਬਲ ਸਹਿਯੋਗ ਨਾਲ ਇਸ ਪ੍ਰਕਾਸ਼ ਪੁਰਬ ਤੇ ਅਕੈਡਮੀ ਦੇ ਬੱਚਿਆਂ ਨੇ ਰਾਗਾਂ ਵਿਚ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ।ਹਰੇਕ ਸਾਲ ਦੀ ਤਰ੍ਹਾਂ ਬੱਚਿਆਂ ਅਤੇ ਸੰਗਤ ਨੇ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ।ਸੇਵਾਦਾਰ ਬੀਬੀਆਂ ਨੇ ਸੰਗਤ ਵਾਸਤੇ ਵੱਖੋ ਵੱਖਰੀ ਤਰ੍ਹਾਂ ਦੇ ਭੋਜਨ ਬਣਾ ਕੇ ਸੰਗਤ ਅਤੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਲਿਸ਼ਕਾਰਾ ਟੀ. ਵੀ. ਦੇ ਸਥਾਨਿਕ ਸੰਚਾਲਕ ਨਿਰੰਜਨ ਸਿੰਘ ਲੇਹਲ ਵਲੋਂ ਸਾਰੇ ਸਮਾਗਮ ਵਿਚ ਸੇਵਾਦਾਰਾਂ ਦੀ ਇੰਟਰਵੀਊਆਂ ਸਮੇਤ ਵਿਡੀਓ ਬਣਾ ਕੇ ਸੰਗਤਾਂ ਨਾਲ ਸਾਂਝੀ ਵੀ ਕੀਤੀ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਸੇਵਾਦਾਰ ਪਰਿਵਾਰ ਵਲੋਂ ਰਾਤ ਸਮੇਂ ਪਹਿਰਣ ਵਾਲੀਆਂ ਤੇ ਰੌਸ਼ਨੀ ਨਾਲ ਚਮਕ ਕੇ ਸੁਚੇਤ ਕਰਨ ਵਾਲੀਆਂ ਜੈਕਟਾਂ ਵੀ ਵੰਡੀਆਂ। ਇਸੇ ਤਰ੍ਹਾਂ 7 ਨਵੰਬਰ ਤੋਂ 9 ਨਵੰਬਰ ਨੂੰ ਸੀ੍ਰ ਅਖੰਡ ਪਾਠ ਸਾਹਿਬ ਨਾਲ ਐਤਵਾਰ ਵਾਲੇ ਦਿਨ ਲੋਂਗਸ਼ੋਰਮੈਨ ਵਰਕਰਜ਼ ਅਤੇ ਸਹਿਯੋਗੀਆਂ ਸਮੇਤ ਸਮੁੱਚੀ ਸੰਗਤ ਵਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ।





