Mar 15, 2026

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) – ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਪੈਸਿਫਿਕ ਹਾਈਵੇ ਕਮਰਸ਼ੀਅਲ ਓਪਰੇਸ਼ਨਜ਼ ਬਾਰਡਰ ਕ੍ਰਾਸਿੰਗ ‘ਤੇ ਇੱਕ ਕਮਰਸ਼ੀਅਲ ਟਰੱਕ ਦੀ ਜਾਂਚ ਦੌਰਾਨ 112 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ।
CBSA ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਬਰਾਮਦੀ 9 ਜਨਵਰੀ 2026 ਨੂੰ ਉਸ ਸਮੇਂ ਹੋਈ ਜਦੋਂ ਇੱਕ ਟਰੱਕ ਡਰਾਈਵਰ ਸੰਯੁਕਤ ਰਾਜ ਅਮਰੀਕਾ ਤੋਂ ਕੈਨੇਡਾ ਵਾਪਸ ਆ ਰਿਹਾ ਸੀ। ਬਾਰਡਰ ਸਰਵਿਸ ਅਧਿਕਾਰੀਆਂ ਨੇ ਟਰੱਕ ਦੇ ਟ੍ਰੇਲਰ ਵਿੱਚ ਇੱਕ ਗੜਬੜ (ਅਨੋਮਲੀ) ਨਜ਼ਰ ਆਉਣ ‘ਤੇ ਵਧੇਰੇ ਜਾਂਚ ਕੀਤੀ।
ਜਾਂਚ ਦੌਰਾਨ ਅਧਿਕਾਰੀਆਂ ਨੂੰ ਟ੍ਰੇਲਰ ਵਿੱਚ ਕਾਰਡਬੋਰਡ ਦੇ ਡੱਬੇ ਮਿਲੇ ਜੋ ਆਮ ਤੌਰ ‘ਤੇ ਫਲ-ਸਬਜ਼ੀਆਂ ਦੀ ਢੁਆਈ ਲਈ ਵਰਤੇ ਜਾਣ ਵਾਲੇ ਪੈਕਿੰਗ ਤੋਂ ਵੱਖਰੇ ਸਨ। ਇਸ ਤੋਂ ਬਾਅਦ ਡਿਟੈਕਟਰ ਡੌਗ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਜਿਸ ਨੇ ਡੱਬਿਆਂ ‘ਤੇ ਪਾਜ਼ੀਟਿਵ ਸੰਕੇਤ ਦਿੱਤਾ।
ਅਗਲੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ 108 ਇੱਟਾਂ ਦੇ ਰੂਪ ਵਿੱਚ ਲੁਕਾਈ ਹੋਈ ਅਫੀਮ ਮਿਲੀ, ਜਿਸ ਦਾ ਕੁੱਲ ਭਾਰ ਲਗਭਗ 112 ਕਿਲੋਗ੍ਰਾਮ ਹੈ।
CBSA ਨੇ ਟਰੱਕ ਡਰਾਈਵਰ ਅਤੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਰੌਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਦੇ ਫੈਡਰਲ ਪੋਲਿਸਿੰਗ ਪੈਸਿਫਿਕ ਰੀਜਨ ਦੇ ਡਰੱਗਜ਼ ਐਂਡ ਆਰਗਨਾਈਜ਼ਡ ਕਰਾਈਮ ਸੈਕਸ਼ਨ ਦੇ ਹਵਾਲੇ ਕਰ ਦਿੱਤਾ ਹੈ। ਅਧਿਕਾਰੀਆਂ ਦੇ ਮੁਤਾਬਕ ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।

Leave a Reply

Your email address will not be published. Required fields are marked *