Mar 17, 2026

ਸਰੀ, 16 ਮਾਰਚ (ਹਰਦਮ ਮਾਨ )– ਬਾਈ ਅਵਤਾਰ ਇਨਕਲਾਬੀ-ਜਮਹੂਰੀ ਅਤੇ ਤਰਕਸ਼ੀਲ ਲਹਿਰ ਦੇ ਇੱਕ ਅਜਿਹੇ ਅਣਥੱਕ ਯੋਧੇ ਸਨ, ਜਿਨ੍ਹਾਂ ਨੇ ਕੈਨੇਡਾ ਵਿੱਚ ਆਪਣੇ ਕਰੀਬ ਤਿੰਨ ਦਹਾਕਿਆਂ ਦੇ ਜੀਵਨ ਦੌਰਾਨ ਵਿਗਿਆਨਕ ਸੋਚ ਦੇ ਪਸਾਰ ਲਈ ਦਿਨ-ਰਾਤ ਇੱਕ ਕਰਕੇ ਨਵੀਆਂ ਪੈੜਾਂ ਪਾਈਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਤੇ ਦਿਨੀਂ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਤਰਕਸ਼ੀਲ ਸੁਸਾਇਟੀ ਐਬਟਸਫੋਰਡ ਅਤੇ ਸਰੀ ਦੇ ਯੂਨਿਟਾਂ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਇੱਕ ਸ਼ਰਧਾਂਜਲੀ ਸਮਾਰੋਹ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੀਤਾ।

ਸਮਾਰੋਹ ਨੂੰ ਸੰਬੋਧਨ ਕਰਦਿਆਂ ਉੱਘੇ ਲੇਖਕ ਤੇ ਸਮਾਜਿਕ ਕਾਰਕੁਨ ਸਾਧੂ ਬਿਨਿੰਗ ਨੇ ਬਾਈ ਅਵਤਾਰ ਦੀ ਇਨਕਲਾਬੀ ਵਚਨਬੱਧਤਾ ਅਤੇ ਨਰੋਈ ਸੋਚ ਵਾਲਿਆਂ ਨੂੰ ਉਤਸ਼ਾਹਿਤ ਕਰਨ ਵਰਗੇ ਨਿਵੇਕਲੇ ਗੁਣਾਂ ਦਾ ਜ਼ਿਕਰ ਕੀਤਾ। ਸੁਖਵੰਤ ਹੁੰਦਲ ਨੇ ਕਿਹਾ ਕਿ ਬਾਈ ਅਵਤਾਰ ਬਰਾਬਰੀ ਅਤੇ ਨਿਆਂ ਅਧਾਰਤ ਸਮਾਜ ਦੀ ਉਸਾਰੀ ਲਈ ਸਾਰੀ ਉਮਰ ਸੰਘਰਸ਼ਸ਼ੀਲ ਰਹੇ। ਉਨ੍ਹਾਂ ਬਾਈ ਦੀ ਜੀਵਨ ਘਾਲਣਾ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਸਾਨੂੰ ਉਨ੍ਹਾਂ ਦੇ ਅਰਥ-ਭਰਪੂਰ ਜੀਵਨ ਦੇ ਜਸ਼ਨ ਮਨਾਉਣੇ ਚਾਹੀਦੇ ਹਨ। ਪ੍ਰਸਿੱਧ ਵਿਦਵਾਨ ਡਾ. ਸਾਧੂ ਸਿੰਘ ਅਨੁਸਾਰ ਬਾਈ ਅਵਤਾਰ ਨੂੰ ਆਪਣਾ ਇਨਕਲਾਬੀ ਮਨੋਰਥ ਪੂਰੀ ਤਰ੍ਹਾਂ ਸਪੱਸ਼ਟ ਸੀ ਅਤੇ ਇਸੇ ਕਰਕੇ ਉਹ ਸਾਰੀ ਉਮਰ ਇਸੇ ਰਾਹ ‘ਤੇ ਅਡੋਲ ਚੱਲਦੇ ਰਹੇ। ਉੱਘੇ ਅਰਥ ਸ਼ਾਸਤਰੀ ਡਾ. ਅਮਰਜੀਤ ਭੁੱਲਰ ਨੇ ਕਿਹਾ ਕਿ ਬਾਈ ਅਵਤਾਰ ਅਗਾਂਹਵਧੂ ਵਿਚਾਰਾਂ ਦੇ ਪਸਾਰ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸਨ ਛੱਡਦੇ।

ਐਬਟਸਫੋਰਡ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਡਾ. ਸੁਖਦੇਵ ਮਾਨ ਨੇ ਕਿਹਾ ਕਿ ਬਾਈ ਅਵਤਾਰ ਦੀ ਜਮਹੂਰੀ ਸਿਧਾਂਤਾਂ ‘ਤੇ ਪਕੜ ਬਾ-ਕਮਾਲ ਸੀ ਅਤੇ ਉਹ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਮਾਹਰ ਸਨ। ਈਸਟ ਇੰਡੀਆ ਡੀਫੈਂਸ ਕਮੇਟੀ ਦੇ ਜਨਰਲ ਸਕੱਤਰ ਕਾ. ਹਰਭਜਨ ਚੀਮਾ ਅਨੁਸਾਰ ਬਾਈ ਅਵਤਾਰ ਦੀ ਜਥੇਬੰਦਕ ਸੂਝ-ਬੂਝ ਕਮਾਲ ਦੀ ਸੀ ਅਤੇ ਪ੍ਰੋਗਰੈਸਿਵ ਕਲਚਰਲ ਸੈਂਟਰ ਦੀ ਉਸਾਰੀ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਾਬਕਾ ਮੰਤਰੀ ਜਿੰਨੀ ਸਿੰਮਜ ਨੇ ਬਾਈ ਅਵਤਾਰ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਭਾਈਚਾਰੇ ਦੀ ਬੇਹਤਰੀ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਆਗੂਆਂ ਕੁਲਵੰਤ ਢੇਸੀ ਅਤੇ ਸੁਰਿੰਦਰ ਸੰਘਾ ਨੇ ਕਿਹਾ ਕਿ ਬਾਈ ਅਵਤਾਰ ਖੱਬੀਆਂ ਧਿਰਾਂ ਦੇ ਰਲ ਕੇ ਕੰਮ ਕਰਨ ਦੇ ਵੱਡੇ ਮੁਦਈ ਸਨ।

ਸਰੀ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਹੇਅਰ ਨੇ ਬਾਈ ਅਵਤਾਰ ਦਾ ਪਸੰਦੀਦਾ ਗੀਤ ‘ਮੇਰੀ ਮੌਤ ਤੇ ਨਾ ਰੋਇਓ-ਮੇਰੀ ਸੋਚ ਨੂੰ ਬਚਾਇਓ’ (ਉਦਾਸੀ) ਗਾ ਕੇ ਉਨ੍ਹਾਂ ਨੂੰ ਅਕੀਦਤ ਭੇਟ ਕੀਤੀ। ਪਰਮਿੰਦਰ ਸਵੈਚ ਨੇ ਆਪਣੀ ਸਿਰਜਣ ਕਲਾ ਵਿੱਚ ਬਾਈ ਅਵਤਾਰ ਦੀ ਸੇਧ ਅਤੇ ਹੌਸਲਾ-ਅਫਜ਼ਾਈ ਦਾ ਭਾਵੁਕ ਜ਼ਿਕਰ ਕੀਤਾ। ਇਸ ਮੌਕੇ ਪਰਮਜੀਤ ਸਿੰਘ, ਨਿਰਮਲ ਕਿੰਗਰਾ, ਮੱਖਣ ਟੁੱਟ, ਸਤਵੰਤ ਦੀਪਕ ਅਤੇ ਪ੍ਰੋ. ਹਰਿੰਦਰਜੀਤ ਨੇ ਵੀ ਵਿਛੜੇ ਆਗੂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਨ ਕੀਤੇ।

Leave a Reply

Your email address will not be published. Required fields are marked *