ਮੁਹਾਲੀ- ਇਥੋਂ ਦੀ ਅਦਾਲਤ ਨੇ ਸਾਢੇ ਤਿੰਨ ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਹਾਊਸਿੰਗ ਪ੍ਰਾਜੈਕਟ ਕੰਪਨੀ ਦੇ ਹਿੱਸੇਦਾਰਾਂ ਖ਼ਿਲਾਫ਼ ਚੱਲਦੇ ਕੇਸ ਵਿੱਚ ਵਿਧਾਇਕਾ ਦੇ ਪਤੀ ਸਣੇ ਤਿੰਨ ਜਣਿਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦੋ-ਦੋ ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ’ਚ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸਿੰਘ ਸੋਹੀ ਵਾਸੀ ਜ਼ੀਰਕਪੁਰ ਸਣੇ ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਸ਼ਾਮਲ ਹਨ। ਕਰੀਬ ਸੱਤ ਸਾਲ ਚੱਲੇ ਕੇਸ ਦੀ ਸੁਣਵਾਈ ਮਗਰੋਂ ਇਹ ਫ਼ੈਸਲਾ ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ ਪਰਨੀਤ ਕੌਰ ਵੱਲੋਂ ਸੁਣਾਇਆ ਗਿਆ ਹੈ। ਦੋਸ਼ੀਆਂ ਨੂੰ ਦੋ-ਦੋ ਸਾਲ ਦੀ ਸਜ਼ਾ ਅਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਮੌਕੇ ’ਤੇ ਤਿੰਨਾਂ ਨੇ ਜ਼ਮਾਨਤ ਲੈ ਲਈ। ਕਮਲਜੀਤ ਸਿੰਘ ਕਾਮਾ ਨੇ ਠੱਗੀ ਦੇ ਮਾਮਲੇ ਸਬੰਧੀ ਸਾਲ 2018 ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।
