Mar 18, 2026
ਯੋਗਤਾ ਟੈਸਟ ਅਤੇ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਲਈ ਕਰਵਾਈ ਜਾਏਗੀ ਪੜ੍ਹਾਈ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ—ਇਲਾਕਾ ਚੋਹਲਾ ਸਾਹਿਬ ਵਿੱਚ ਕੋਈ ਵੀ ਕੋਚਿੰਗ ਸੈਂਟਰ ਨਾ ਹੋਣ ਕਰਕੇ ਵਿਦਿਆਰਥੀਆਂ ਨੂੰ ਤਰਨ ਤਾਰਨ ਜਾਂ ਅੰਮ੍ਰਿਤਸਰ ਜਾ ਕੇ ਵੱਖ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਜਾਂ ਕਿਸੇ ਨੌਕਰੀ ਨੂੰ ਹਾਸਲ ਕਰਨ ਲਈ ਟੈਸਟ ਦੀ ਤਿਆਰੀ ਕਰਨੀ ਪੈਂਦੀ ਸੀ।ਇਸ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ  ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਰਿਟਾਇਰਡ ਬ੍ਰਿਗੇਡੀਅਰ ਪਾਲ ਸਿੰਘ ਸੰਧੂ ਰੱਤੋਕੇ ਅਤੇ ਰਿਟਾਇਰਡ ਡੀਆਈਜੀ ਚਰਨਜੀਤ ਸਿੰਘ ਬਰਾੜ ਵੱਲੋਂ ਪਹਿਲਕਦਮੀ ਕਰਦਿਆਂ ਰਿਟਾਇਰਡ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਦੀ ਅਗਵਾਈ ਹੇਠ ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰ ਹਾਲ ਚੋਹਲਾ ਸਾਹਿਬ ਵਿਖੇ ਫ੍ਰੀ ਕੋਚਿੰਗ ਸੈਂਟਰ ਸਥਾਪਿਤ ਕੀਤਾ ਗਿਆ ਹੈ।ਜਿਸ ਵਿੱਚ ਉੱਚ ਯੋਗਤਾ ਪ੍ਰਾਪਤ ਪੰਜ ਟੀਚਰ ਰੱਖੇ ਗਏ ਹਨ।ਇਸ ਕੋਚਿੰਗ ਸੈਂਟਰ ਵਿਚ ਵੱਖ ਵੱਖ-ਵੱਖ ਕੋਰਸਾਂ ਵਿੱਚ ਭਰਤੀ ਹੋਣ ਲਈ ਪੜ੍ਹਾਈ ਕਰਵਾਈ ਜਾਵੇਗੀ ਜਿਵੇਂ ਕਿ ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੀ ਭਰਤੀ ਦਾ ਇਸ਼ਤਿਹਾਰ ਦਿੱਤਾ ਗਿਆ ਹੈ ਤੇ ਇਸ ਭਰਤੀ ਪ੍ਰਕਿਰਿਆ ਵਿੱਚ ਨੌਜਵਾਨਾਂ ਦਾ ਲਿਖਤੀ ਇਮਤਿਹਾਨ ਵੀ ਲਿਆ ਜਾਣਾ ਹੈ ਇਸ ਕਰਕੇ ਨੌਜਵਾਨ ਇਸ ਪ੍ਰੀਖਿਆ ਦੀ ਤਿਆਰੀ ਇਸ ਸੈਂਟਰ ਵਿੱਚ ਬਿਲਕੁਲ ਮੁਫ਼ਤ ਕਰ ਸਕਦੇ ਹਨ।ਇਸ ਤੋਂ ਇਲਾਵਾ ਨਰਸਿੰਗ ਕਾਲਜ ਵਿੱਚ ਦਾਖਲਾ ਲੈਣ ਲਈ ਜਾਂ ਕਿਸੇ ਹੋਰ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਸਮੇਂ ਵੀ ਲਿਖਤੀ ਪ੍ਰੀਖਿਆ ਲਈ ਜਾਂਦੀ ਹੈ ਉਸ ਲਈ ਵੀ ਤਿਆਰੀ ਕਰਵਾਈ ਜਾਵੇਗੀ।ਈਟੀਟੀ ਜਾਂ ਬੀਐੱਡ ਦੇ ਦਾਖਲੇ ਵਾਲੇ ਵਿਦਿਆਰਥੀ ਵੀ ਇਸ ਕੋਚਿੰਗ ਸੈਂਟਰ ਵਿਖੇ ਪਹੁੰਚ ਕੇ ਮੌਕੇ ਦਾ ਲਾਭ ਲੈ ਸਕਣਗੇ।ਇਸ ਦੇ ਨਾਲ ਹੀ ਬੈਂਕ ਵਿੱਚ ਨੌਕਰੀ ਹਾਸਲ ਕਰਨ ਲਈ ਵੀ ਟੈਸਟ ਲਿਆ ਜਾਂਦਾ ਹੈ ਜਾਂ ਸਟਾਫ ਸਿਲੈਕਸਨ ਕਮਿਸ਼ਨ ਵੱਲੋਂ ਜੋ ਵੀ ਭਰਤੀਆਂ ਕੀਤੀਆਂ ਜਾਂਦੀਆਂ ਹਨ ਸਾਰਿਆਂ ਲਈ ਹੀ ਟੈਸਟ ਰੱਖੇ ਜਾਂਦੇ ਹਨ।ਇੰਨਾ ਸਾਰੇ ਟੈਸਟਾਂ ਲਈ ਮੁਫ਼ਤ ਤਿਆਰੀ ਇਸ ਸੈਂਟਰ ਵਿਖੇ ਕਰਵਾਈ ਜਾਵੇਗੀ।  ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਮੰਗ ਅਨੁਸਾਰ ਜੋ ਵੀ ਲੋੜ ਹੋਵੇਗੀ ਉਸ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ।
ਇਸ ਗ੍ਰੇਟ ਕੋਚਿੰਗ ਸੈਂਟਰ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਕਲਾਸਾਂ ਇਕ ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਇਸ ਕੋਚਿੰਗ ਸੈਂਟਰ ਬਾਰੇ ਪ੍ੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਂਟਰ ਇੰਚਾਰਜ ਕਸ਼ਮੀਰ ਸਿੰਘ ਸੰਧੂ ਨੇ ਦੱਸਿਆ ਕਿ ਸਾਡਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋ ਬਚਾ ਕੇ ਸਿੱਧੇ ਰਸਤੇ ਤੇ ਤੋਰਨਾ ਹੈ।ਨੌਜਵਾਨਾਂ ਨੂੰ ਰੋਜ਼ਗਾਰ ਲਈ ਤਿਆਰ ਕਰਕੇ  ਭਟਕਣਾ ਤੋ ਬਚਾਉਣ ਲਈ ਕੀਤੇ ਜਾ ਰਹੇ ਇਸ ਉਪਰਾਲੇ ਵਿੱਚ ਇਲਾਕੇ ਦੇ ਵੱਡੇ ਸਹਿਯੋਗ ਦੀ ਲੋੜ ਹੈ।ਸਮਾਜ ਦੇ ਹਰ ਸੂਝਵਾਨ ਵਿਅਕਤੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਸਮਰੱਥਾ ਅਨੁਸਾਰ ਸਮਾਜ ਭਲਾਈ ਲਈ ਕੰਮ ਕਰੇ। ਇਸ ਸਮੇਂ ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰ ਹਾਲ ਚੋਹਲਾ ਸਾਹਿਬ ਦੇ ਖ਼ਜ਼ਾਨਚੀ ਅਮਰੀਕ ਸਿੰਘ ਨਿੱਕਾ ਚੋਹਲਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *