Apr 24, 2026

ਚੰਡੀਗੜ- ਪੰਜਾਬ ਵਿਚ ਆਮ ਆਦਮੀ ਪਾਰਟੀ ਵਿਚ ਉਸ ਵੇਲੇ ਵੱਡਾ ਭੁਚਾਲ ਮਹਿਸੂਸ ਕੀਤਾ ਗਿਆ ਜਦੋਂ ਪਿਛਲੇ ਦਿਨੀਂ ਪਾਰਟੀ ਚੋਂ ਕੱਢੇ ਗਏ ਰਾਜ ਸਭਾ ਮੈਂਬਰ ਰਾਘਵ ਚੱਢਾ ਆਪਣੇ ਸਮੇਤ ਆਪ ਦੇ 7 ਹੋਰ ਰਾਜ ਮੈਂਬਰਾਂ ਨਾਲ ਭਾਜਪਾ ਵਿਚ ਚਲੇ ਗਏ। ਉਹਨਾਂ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪਾਰਟੀ ਜਿਸ ਭ੍ਰਿਸ਼ਟਾਰਚਾਰ ਮੁਕਤ ਇੰਡੀਆ ਦਾ ਸੰਕਲਪ ਲੈਕੇ ਸਿਆਸਤ ਵਿਚ ਆਈ ਸੀ, ਪਾਰਟੀ ਆਪਣੇ ਮੁਢਲੇ ਸਿਧਾਂਤ ਛੱਡ ਚੁੱਕੀ ਹੈ  ਅਤੇ ਪਾਰਟੀ ਹੁਣ ਮੁਲਕ ਦੇ ਹਿੱਤਾਂ ਵਾਸਤੇ ਨਹੀ ਬਲਕਿ ਨਿੱਜੀ ਲਾਭਾਂ ਲਈ ਕੰਮ ਕਰ ਰਹੀ ਹੈ। ਇਹ ਸਿਆਸੀ ਘਟਨਾਕ੍ਰਾਰਮ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ‘ਆਪ’ ਦੇ ਡਿਪਟੀ ਲੀਡਰ ਵਜੋਂ ਹਟਾਏ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ। ਉਹਨਾਂ ਉਪਰ ਪਾਰਟੀ ਨੇ ਦੋਸ਼ ਲਗਾਇਆ ਸੀ ਕਿ ਉਹ ਸਰਕਾਰ ਵਿਰੁੱਧ ਮੁੱਖ ਮੁੱਦੇ ਉਠਾਉਣ ਵਿੱਚ ਅਸਫਲ ਰਹੇ ਹਨ।

ਚੱਢਾ ਨੇ ਅੱਜ ਆਪਣੇ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਰਾਜ ਸਭਾ ਵਿੱਚ ‘ਆਪ’ ਨਾਲ ਸਬੰਧਤ ਦੋ-ਤਿਹਾਈ ਮੈਂਬਰ ਭਾਜਪਾ ਵਿੱਚ ਰਲ ਰਹੇ ਹਨ, ਇਸ ਤਰ੍ਹਾਂ ਇਹ ਭਾਰਤ ਦੇ ਸੰਵਿਧਾਨ ਦੇ ਉਪਬੰਧਾਂ ਮੁਤਾਬਿਕ ਦਲਬਦਲੀ ਨਹੀ ਹੈ।ਚੱਢਾ ਤੋਂ ਇਲਾਵਾ, ਭਾਜਪਾ ਵਿੱਚ ਰਲਣ ਵਾਲੇ ਛੇ ਹੋਰ ‘ਆਪ’ ਸੰਸਦ ਮੈਂਬਰਾਂ ਵਿੱਚ ਆਪ ਦੇ ਮੋਢੀ ਆਗੂ ਸੰਦੀਪ ਪਾਠਕ, ਜਲੰਧੜ ਤੋਂ ਅਸ਼ੋਕ ਮਿੱਤਲ, ਕ੍ਰਿਕਟਰ ਹਰਭਝਨ ਸਿੰਘ, ਉਦਯੋਗਪਤੀ ਰਾਜਿੰਦਰ ਗੁਪਤਾ, ਵਿਕਰਮ ਸਾਹਨੀ ਅਤੇ ਸਵਾਤੀ ਮਾਲੀਵਾਲ ਸ਼ਾਮਲ ਹਨ। ਆਮ ਆਦਮੀ ਪਾਰਟੀ ਦੇ 10 ਰਾਜ ਸਭਾ ਸੰਸਦ ਮੈਂਬਰਾਂ ਵਿੱਚੋਂ ਹੁਣ ਸਿਰਫ਼ ਤਿੰਨ ਹੀ ਪਾਰਟੀ ਨਾਲ ਰਹਿ ਗਏ ਹਨ ਜਿਨ੍ਹਾਂ ਵਿੱਚ ਸੰਜੈ ਸਿੰਘ, ਐਨ.ਡੀ. ਗੁਪਤਾ ਅਤੇ ਬਲਬੀਰ ਸਿੰਘ ਸੀਚੇਵਾਲ ਸ਼ਾਮਲ ਹਨ।

ਇਸੇ ਦੌਰਾਨ, ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਹ ਚੱਢਾ, ਮਿੱਤਲ ਅਤੇ ਪਾਠਕ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਉੱਚ ਸਦਨ ਤੋਂ ਅਯੋਗ ਠਹਿਰਾਉਣ ਦੀ ਮੰਗ ਕਰਨਗੇ। ਉਧਰ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਪਾਰਟੀ ਛੱਡਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਜਦੋਂ ਵਿਰੋਧੀਆਂ ਨੂੰ ਉਨ੍ਹਾਂ ਦੇ ਖ਼ਿਲਾਫ਼ ਕੁਝ ਨਹੀਂ ਲੱਭਿਆ ਤਾਂ ਉਨ੍ਹਾਂ ਨੇ ‘ਆਪ’ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਭਰੋਸਾ ਜਤਾਇਆ ਕਿ ਪੰਜਾਬ ਦੇ ਲੋਕ ਅਜੇ ਵੀ ਪਾਰਟੀ ਦੇ ਨਾਲ ਹਨ ਅਤੇ ਉਹ ਮਜ਼ਬੂਤੀ ਨਾਲ ‘ਆਪ’ ਦੇ ਹੱਕ ਵਿੱਚ ਖੜ੍ਹੇ ਹਨ।

ਮੁੱਖ ਮੰਤਰੀ ਨੇ ਪਾਰਟੀ ਛੱਡਣ ਵਾਲੇ ਸੰਸਦ ਮੈਂਬਰਾਂ ਨੂੰ ਪੰਜਾਬ ਦੇ ‘ਗੱਦਾਰ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੋ 6-7 ਲੋਕ ਪਾਰਟੀ ਛੱਡ ਕੇ ਗਏ ਹਨ, ਉਨ੍ਹਾਂ ਨਾਲ ਪੰਜਾਬ ਖ਼ਤਮ ਨਹੀਂ ਹੁੰਦਾ, ਕਿਉਂਕਿ ਪਾਰਟੀ ਕਿਸੇ ਵੀ ਵਿਅਕਤੀ ਨਾਲੋਂ ਵੱਡੀ ਹੁੰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਡਾ ਜਥੇਬੰਦਕ ਢਾਂਚਾ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਇਨ੍ਹਾਂ ਲੋਕਾਂ ਦੇ ਜਾਣ ਨਾਲ ਪਾਰਟੀ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਦਾ ਕੋਈ ਆਧਾਰ ਨਹੀਂ ਹੈ ਅਤੇ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਤੋਂ ਡਰੀ ਹੋਈ ਹੈ। ਮਾਨ ਨੇ ਕਿਹਾ, “ਪੰਜਾਬੀ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ ਜੋ ਉਨ੍ਹਾਂ ਨਾਲ ਧੋਖਾ ਕਰਦੇ ਹਨ।” ਉਨ੍ਹਾਂ ਕਿਹਾ ਕਿ ਲੋਕਾਂ ਨੇ ਸੁਖਪਾਲ ਖਹਿਰਾ, ਮਾਸਟਰ ਬਲਦੇਵ ਸਿੰਘ, ਕੰਵਰ ਸੰਧੂ ਅਤੇ ਜਗਦੇਵ ਕਮਾਲੂ ਨੂੰ ਉਦੋਂ ਸਬਕ ਸਿਖਾਇਆ ਸੀ ਜਦੋਂ ਉਨ੍ਹਾਂ ਨੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ।

 

Leave a Reply

Your email address will not be published. Required fields are marked *