Screenshot
ਸਰੀ-ਓਟਵਾ ਦੇ ਕੈਨੇਡੀਅਨ ਵਾਰ ਮਿਊਜ਼ਮ ਵਿਚ ਸਿੱਖ ਸੈਨਿਕਾਂ ਬਾਰੇ ਵਿਰਾਸਤੀ ਫਿਲਮ ‘ਪ੍ਰੋਮਸਿਜ਼’ ਖਾਲਸਾ ਸਾਜਨਾ ਦਿਵਸ ਮੌਕੇ 13 ਅਪ੍ਰੈਲ ਨੂੰ ਦਿਖਾਏ ਜਾਣ ਪਿੱਛੋਂ ਬ੍ਰਿਟਿਸ਼ ਕੋਲੰਬੀਆ ਵਿਚ 30 ਅਪ੍ਰੈਲ ਨੂੰ ਸ਼ਾਮ 5.30 ਵਜੇ ਸਰੀ ਆਰਟ ਸੈਂਟਰ ਵਿਖੇ ਵਿਖਾਈ ਜਾ ਰਹੀ ਹੈ। ਫਿਲਮ ਦੇ ਪ੍ਰੀਮੀਅਰ ਸ਼ੋਅ ਵਿਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਸੈਨੇਟਰ ਬਲਤੇਜ ਢਿੱਲੋਂ ਸ਼ਾਮਿਲ ਹੋਏ। ਸਿੱਖ, ਕੈਨੇਡੀਅਨ ਅਤੇ ਬ੍ਰਿਟਿਸ਼ ਦੇ ਸਾਂਝੇ ਯੁੱਧ ਸਮੇਂ ਦੇ ਇਤਿਹਾਸ ਦੇ ਉਲਟ ‘ਪ੍ਰੋਮਿਸਜ਼’ ਇਤਿਹਾਸ ਦੇ ਉਸ ਅਧਿਆਇ ਨੂੰ ਅੱਗੇ ਲਿਆਉਂਦੀ ਹੈ ਜਿਸ ਨੂੰ ਅਕਸਰ ਕੌਮੀ ਯਾਦ ਦੇ ਹਾਸ਼ੀਏ ’ਤੇ ਛੱਡ ਦਿੱਤਾ ਜਾਂਦਾ ਹੈ। ਸਿੱਖ ਸੈਨਿਕ ਇਕ ਸਾਂਝੇ ਝੰਡੇ ਹੇਠ ਉਸ ਆਜ਼ਾਦੀ ਦੀ ਰੱਖਿਆ ਲਈ ਆਪਣੇ ਲੱਖਾਂ ਭਰਾਵਾਂ ਨਾਲ ਲੜੇ ਜਿਸ ਆਜ਼ਾਦੀ ਦਾ ਕੈਨੇਡੀਅਨ ਅੱਜ ਅਨੰਦ ਮਾਣ ਰਹੇ ਹਨ। ਸਰੀ ਵਿਚ ‘ਪ੍ਰੋਮਸਿਜ਼’ ਫਿਲਮ ਉਸ ਸਮੇਂ ਦਿਖਾਈ ਜਾ ਰਹੀ ਹੈ ਜਦੋਂ ਕੈਨੇਡਾ ਵਿਚ ਸਿੱਖ ਵਿਰੋਧੀ ਨਸਲਵਾਦ ਬਾਰੇ ਚਿੰਤਾ ਵੱਧ ਰਹੀ ਹੈ। ‘ਪ੍ਰੋਮਸਿਜ਼’ ਸਿੱਖ ਸੈਨਿਕਾਂ ਨੂੰ ਇਕ ਭਾਵਨਾਤਮਿਕ ਸ਼ਰਧਾਂਜਲੀ ਹੈ ਜਿਨ੍ਹਾਂ ਦੀ ਹਿੰਮਤ ਅਤੇ ਕੁਰਬਾਨੀ ਨੇ ਸਾਡੇ ਸਾਂਝੇ ਇਤਿਹਾਸ ਨੂੰ ਆਕਾਰ ਦੇਣ ਵਿਚ ਮਦਦ ਕੀਤੀ। ਓਟਵਾ ਵਿਚ ਫਿਲਮ ਦੇਖਣ ਪਿੱਛੋਂ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਯਾਦ ਕਰਨ ਦਾ ਮਹੱਤਵਪੂਰਣ ਤਰੀਕਾ ਹੈ ਜਿਹੜਾ ਇਹ ਯਕੀਨੀ ਬਣਾਉਂਦਾ ਹੈ ਕਿ ਲੰਬੇ ਸਮੇਂ ਤੋਂ ਅਣਗੌਲੀਆਂ ਇਹ ਕਹਾਣੀਆਂ ਸਾਡੀ ਕੌਮੀ ਯਾਦ ਵਿਚ ਸਹੀ ਸਥਾਨ ਲੈਣ। ਸਰੀ ਦੀ ਉਘੀ ਸ਼ਖਸੀਅਤ ਐਡਵੋਕੇਟ ਜਗਮੋਹਣ ਸਿੰਘ ਮੁਤਾਬਿਕ ਇਸ ਫਿਲਮ ਦਾ ਨਿਰਮਾਣ ਇੰਡਸ ਮੀਡੀਆ ਫਾਉਂਡੇਸ਼ਨ ਨੇ ਬ੍ਰਿਟਿਸ਼ ਕੋਲੰਬੀਆ ਦੀ ਫਿਲਮ ਇੰਡਸਟਰੀ ਦੇ ਸਹਿਯੋਗ ਨਾਲ ਕੀਤਾ ਹੈ ਅਤੇ ਇਸ ਲਈ ਫੰਡਿੰਗ ਫੈਡਰਲ ਡਿਪਾਰਟਮੈਂਟ ਆਫ ਕੈਨੇਡੀਅਨ ਹੈਰੀਟੇਜ ਵਲੋਂ ਕੀਤੀ ਗਈ ਹੈ।
