ਡਾ. ਸੁਖਦੇਵ ਸਿੰਘ ਝੰਡ (ਫ਼ੋਨ : +1 647-567-9128 )-
ਗੁਰਚਰਨ ਸਿੰਘ ਬਨਵੈਤ ਦਾ ਜਨਮ ਫਿਲੌਰ ਤੋਂ ਨਵਾਂ ਸ਼ਹਿਰ ਜਾਣ ਵਾਲੀ ਸੜਕ ਦੇ ਕਿਨਾਰੇ ਪੈਂਦੇ ਜਲੰਧਰ ਜ਼ਿਲੇ ਦੇ ਛੋਟੇ ਜਿਹੇ ਕਸਬੇ ਉੜਾਪੁੜ ਵਿੱਚ ਸ. ਭਾਗ ਸਿੰਘ ਅਤੇ ਸਰਦਾਰਨੀ ਧੰਨ ਕੌਰ ਦੇ ਘਰ 27 ਜਨਵਰੀ 1948 ਨੂੰ ਹੋਇਆ। ਉਨ੍ਹਾਂ ਦੇ ਪਿਤਾ ਇਸ ਕਸਬੇ ਵਿੱਚ ਅੱਠ ਏਕੜ ਜ਼ਮੀਨ ਵਿੱਚ ਖੇਤੀਬਾੜੀ ਦਾ ਪਿਤਾ-ਪੁਰਖ਼ੀ ਕੰਮ ਕਰਦੇ ਸਨ। ਉਨ੍ਹਾਂ ਦੇ ਘਰ ਚਾਰ ਪੁੱਤਰਾਂ ਅਤੇ ਚਾਰ ਧੀਆਂ ਨੇ ਜਨਮ ਲਿਆ। ਗੁਰਬਚਨ ਸਿੰਘ ਬਨਵੈਤ ਆਪਣੇ ਭੈਣ ਭਰਾਵਾਂ ਵਿੱਚ ਚੌਥੇ ਨੰਬਰ ‘ਤੇ ਹਨ। ਪੰਜਾਬ ਦੇ ਦੁਆਬੇ ਏਰੀਏ ਵਿੱਚ ਮਾਝੇ ਅਤੇ ਮਾਲਵੇ ਦੇ ਮੁਕਾਬਲੇ ਜ਼ਿਮੀਂਦਾਰਾਂ ਕੋਲ ਜ਼ਮੀਨਾਂ ਕਾਫ਼ੀ ਘੱਟ ਸਨ ਅਤੇ ਵਾਹੀ-ਖੇਤੀ ਤੋਂ ਉਨ੍ਹਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ। ਏਸੇ ਲਈ ਹੀ ਸ਼ਾਇਦ ਦੁਆਬੇ ਦੇ ਲੋਕਾਂ ਨੇ ਸੱਭ ਤੋਂ ਪਹਿਲਾਂ ਵਿਦੇਸ਼ ਜਾਣਾ ਸ਼ੁਰੂ ਕੀਤਾ ਸੀ।ਵੀਹਵੀਂ ਸਦੀ ਦੇ ਸੱਠਵਿਆਂ ਵਿੱਚ ਉਹ ਇੰਗਲੈਂਡ, ਅਮਰੀਕਾ, ਸਿੰਗਾਪੁਰ, ਹਾਂਗਕਾਂਗ, ਮਲੇਸ਼ੀਆ, ਥਾਈਲੈਂਡ, ਅਫ਼ਰੀਕਾ, ਆਦਿ ਦੇਸ਼ਾਂ ਵੱਲ ਜਾਣੇ ਸ਼ੁਰੂ ਹੋ ਗਏ ਸਨ।
ਉਦੋਂ ਵਿਦੇਸ਼ ਜਾਣਾ ਏਨਾ ਮੁਸ਼ਕਲ ਨਹੀਂ ਸੀ ਅਤੇ ਇਸਦੇ ਲਈ ਵੀਜ਼ਾ, ਵਗ਼ੈਰਾ ਲੈਣ ਦੀ ਜ਼ਰੂਰਤ ਨਹੀਂ ਸੀ। ਦੂਸਰੇ ਮੁਲਕਾਂ ਵਿੱਚ ਜਾਣ ਦੇ ਚਾਹਵਾਨ ਵਿਅੱਕਤੀ ਹਵਾਈ ਜਹਾਜ਼ ਜਾਂ ਸਮੁੰਦਰੀ ਜਹਾਜ਼ਾਂ ਦੀ ਟਿਕਟ ਲੈ ਕੇ ਇਨ੍ਹਾਂ ਦੇਸ਼ਾਂ ਵਿੱਚ ਪਹੁੰਚ ਜਾਂਦੇ ਸਨ। ਅਲਬੱਤਾ! ਕੈਨੇਡਾ ਵਿੱਚ ਉਸ ਸਮੇਂ ਦੀ ਬ੍ਰਿਟਿਸ਼-ਪੱਖੀ ਸਰਕਾਰ ਵੱਲੋਂ ਕਈ ਕਈ ਤਰ੍ਹਾਂ ਦੀਆਂ ਅੜਿਚਣਾਂ ਪੈਦਾ ਕੀਤੀਆਂ ਗਈਆਂ ਸਨ। ਅਸੀਂ ਸਾਰੇ ਭਲੀ ਭਾਂਤ ਜਾਣਦੇ ਹਾਂ ਕਿ ਬਾਬਾ ਗੁਰਦਿੱਤ ਸਿੰਘ ਸਰਹਾਲੀ ਵੱਲੋਂ ‘ਲੀਜ਼’ (ਕਿਰਾਏ) ‘ਤੇ ਲਏ ਗਏ ‘ਗੁਰੂ ਨਾਨਕ ਜਹਾਜ਼’ (ਕਾਮਾਗਾਟਾ ਮਾਰੂ ਜਹਾਜ਼) ਰਾਹੀਂ 376 ਪੰਜਾਬੀਆਂ ਨੂੰ ਕੈਨੇਡਾ ਲੈ ਕੇ ਜਾ ਰਹੇ ਇਸ ਜਹਾਜ਼ ਨੂੰ ਵੈਨਕੂਵਰ ਦੇ ਪੱਛਮੀ ਤੱਟ ‘ਤੇ ਕੰਢੇ ਉੱਤਰਨ ਦੀ ਆਗਿਆ ਨਹੀਂ ਦਿੱਤੀ ਗਈ ਸੀ ਅਤੇ ਇਸ ਜਹਾਜ਼ ਨੂੰ ਦੋ ਮਹੀਨੇ ਉੱਥੇ ਹੀ ਖੜੇ ਰੱਖਣ ਤੋਂ ਬਾਅਦ ਬ੍ਰਿਟਿਸ਼-ਪੱਖੀ ਕੈਨੇਡਾ ਸਰਕਾਰ ਵੱਲੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ।
ਗੁਰਚਰਨ ਸਿੰਘ ਬਨਵੈਤ ਨੇ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਉੜਾਪੁੜ ਤੋਂ ਹਾਸਲ ਕੀਤੀ। ਅੱਗੋਂ ਦਸਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਚੱਕਦਾਨਾ ਵਿੱਚ ਕੀਤੀ। ਹਾਈ ਸਕੂਲ ਦੀ ਪੜ੍ਹਾਈ ਦੌਰਾਨ ਉਨ੍ਹਾਂ ਆਪਣੇ ਸਾਥੀਆਂ ਨਾਲ ਪਿੰਡਾਂ ਵਿੱਚ ਉਸ ਸਮੇਂ ਪ੍ਰਚੱਲਤ ਖੇਡਾਂ ਕਬੱਡੀ, ਘੋਲ, ਖਿੱਦੋ-ਖੂੰਡੀ ਅਤੇ ਫੁੱਟਬਾਲ ਖੇਡੀਆਂ। ਉਹ ਦੱਸਦੇ ਹਨ ਕਿ ਸਕੂਲ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਪਸ਼ੂਆਂ ਦੇ ਲਈ ਸਵੇਰੇ ਖੇਤਾਂ ਵਿੱਚੋਂ ਪੱਠੇ ਵੱਢ ਕੇ ਲਿਆਉਣੇ ਪੈਂਦੇ ਸਨ ਅਤੇ ਕਈ ਵਾਰ ਉਹ ਉਨ੍ਹਾਂ ਨੂੰ ਕੁਤਰ ਕੇ ਪਸ਼ੂਆਂ ਦੀਆਂ ਖੁਰਲੀਆਂ ਵਿੱਚ ਪਾ ਕੇ ਸਕੂਲ ਪਹੁੰਚਦੇ ਸਨ। .
ਬਚਪਨ ਵਿੱਚ ਚਾਨਣੀਆਂ ਰਾਤਾਂ ‘ਚ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ‘ਲੁਕਣ-ਮੀਚੀ’, ‘ਚੋਰ-ਸਿਪਾਹੀ’, ‘ਬਾਂਦਰ-ਕਿੱਲਾ’, ‘ਕਾਵਾਂ-ਘੋੜੀ, ‘ਪਿੱਠੂ-ਗਰਮ’ ਤੇ ‘ਬਿੱਲੀ ਬੱਚਿਆਂ ਦੀ ਮਾਂ’ ਵਰਗੀਆਂ ਖੇਡਾਂ ਖੇਡੀਆਂ। ਕਈ ਸ਼ਰਾਰਤਾਂ ਵੀ ਕੀਤੀਆਂ ਅਤੇ ਉਨ੍ਹਾਂ ਕਰਕੇ ਕਈ ਵਾਰ ‘ਕੁੱਟ’ ਵੀ ਖਾਧੀ। ‘ਗੁਰਦੁਆਰਾ ਸ਼ਹੀਦਾਂ’ ਜਾ ਕੇ ਝੱਗੇ ਨਾਲ ਹੱਥ ਪੂੰਝ-ਪੂੰਝ ਕੇ ਬਾਰ-ਬਾਰ ‘ਕੜਾਹ-ਪ੍ਰਸ਼ਾਦਿ’ ਵੀ ਲਿਆ ਅਤੇ ਸੁਆਦ ਨਾਲ ਛਕਿਆ। ਇਸ ਗੁਰਦੁਆਰਾ ਸਾਹਿਬ ਬਾਰੇ ਉਹ ਦੱਸਦੇ ਹਨ ਕਿ ਇੱਥੇ ਬੋਹੜ, ਪਿੱਪਲ, ਨਿੰਮ, ਆਦਿ ਰੁੱਖਾਂ ਦੀ ਸੰਘਣੀ ‘ਝਿੜੀ’ ਸੀ ਜਿਸਦਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਨਾਲ ਜੁੜਦਾ ਸੀ। ਦਰਅਸਲ, ਇਹ ਝਿੜੀ ਉਸ ਸਮੇਂ ਸਿੰਘਾਂ ਦੀ ਠਾਹਰ ਸੀ ਅਤੇ ਇਸ ਨੂੰ ਉਦੋਂ ‘ਖਾਲਸੇ ਦੀ ਝਿੜੀ’ ਵੀ ਕਿਹਾ ਜਾਂਦਾ ਸੀ। ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਦੇ ‘ਖ਼ਾਸ-ਉਲ-ਖ਼ਾਸ’ ਰਹੇ ਸੁੱਚਾ ਨੰਦ ਦਾ ਪਿੰਡ ‘ਔੜ’ ਇਸਦੇ ਨੇੜੇ ਹੀ ਸੀ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਰਾਹੋਂ ਦੇ ਨਵਾਬ ਨਾਲ ਇਤਿਹਾਸਕ ਲੜਾਈ ਲੜੀ ਗਈ ਸੀ ਜਿਸ ਵਿੱਚ ਉਸਦੀ ਹਾਰ ਹੋਈ ਅਤੇ ਰਾਹੋਂ ਨੂੰ ਬਾਬਾ ਬੰਦਾ ਬਹਾਦਰ ਵੱਲੋਂ ਕਾਇਮ ਕੀਤੇ ਗਏ ‘ਖਾਲਸਾ ਰਾਜ’ ਵਿੱਚ ਮਿਲ਼ਾ ਲਿਆ ਗਿਆ ਸੀ।
ਸਿੱਖ ਇਤਿਹਾਸ ਦੀ ਇਹ ਵੱਡੀ ਤ੍ਰਾਸਦੀ ਜਾਂ ਬਦਕਿਸਮਤੀ ਹੈ ਕਿ ਇਤਿਹਾਸਕ ਥਾਵਾਂ ‘ਤੇ ਗੁਰਦੁਆਰੇ ਉਸਾਰਨ ਸਮੇਂ ਉੱਥੋਂ ਦੀ ਇਤਿਹਾਸਕ ਮਹੱਤਤਾ ਨੂੰ ਦਰ-ਕਿਨਾਰ ਕਰਕੇ ਉੱਥੇ ਇੱਟਾਂ, ਪੱਥਰਾਂ ਅਤੇ ਸੰਗਮਰਮਰ ਦੇ ਵੱਖ-ਵੱਖ ਡੀਜ਼ਾਈਨਾਂ ਵਾਲੀਆਂ ਇਮਾਰਤਾਂ ਖੜੀਆਂ ਕਰ ਦਿੱਤੀ ਗਈਆਂ ਹਨ। ‘ਚਮਕੌਰ ਦੀ ਕੱਚੀ ਗੜੀ’ ਅੱਜ ‘ਸੰਗਮਰਮਰ ਦੇ ਪੱਕੀ ਗੁਰਦੁਆਰੇ’ ਦੇ ਰੂਪ ਵਿੱਚ ਵਿਖਾਈ ਦਿੰਦੀ ਹੈ। ਫ਼ਤਿਹਗੜ੍ਹ ਸਾਹਿਬ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੁਝਾਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਨੂੰ ਦੀਵਾਰ ਵਿੱਚ ਚਿਣਵਾਇਆ ਗਿਆ, ‘ਸਰਹੰਦ ਦੀ ਉਹ ਇਤਿਹਾਸਕ ਦੀਵਾਰ’ ਕਿਧਰੇ ਨਹੀਂ ਦਿਸਦੀ ਅਤੇ ਨਾ ਹੀ ‘ਠੰਢਾ ਬੁਰਜ’ ਕਿਧਰੇ ਦਿਖਾਈ ਦਿੰਦਾ ਹੈ। ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਜਦੋਂ ਏਨੀਆਂ ਮਹਾਨ ਇਤਿਹਾਸਕ ਯਾਦਗਾਰਾਂ ਸੰਗਮਰਮਰ ਹੇਠ ਛੁਪਾ ਦਿੱਤੀਆਂ ਗਈਆਂ ਤਾਂ ‘ਖਾਲਸੇ ਦੀ ਝਿੜੀ’ ਵਿਚਾਰੀ ਕੀਹਦੇ ਪਾਣੀਹਾਰ ਸੀ? ਉਹ ਫਿਰ ਇਸ ‘ਮਾਰ’ ਤੋਂ ਕਿਵੇਂ ਬਚ ਸਕਦੀ ਸੀ। ਉੱਥੇ ਕਾਲਜ ਦੀ ਇਮਾਰਤ ਖੜੀ ਕਰ ਦਿੱਤੀ ਗਈ ਹੈ ਅਤੇ ਕਾਲਜ ਦੀ ਉਸਾਰੀ ਸ਼ੁਰੂ ਕਰਨ ਸਮੇਂ ਸੱਭ ਤੋਂ ਪਹਿਲਾਂ ਇਸ ਝਿੜੀ ਦਾ ਨਾਮੋ-ਨਿਸ਼ਾਨ ਮਿਟਾਇਆ ਗਿਆ। .
ਦਸਵੀਂ ਪਾਸ ਕਰਨ ਤੋਂ ਬਾਅਦ ਬਨਵੈਤ ਹੁਰਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਅੱਗੋਂ ਹੋਰ ਪੜ੍ਹਾਉਣ ਦੀ ਬਜਾਏ ਉਨ੍ਹਾਂ ਨੂੰ ਗ੍ਰਹਿਸਥ ਆਸ਼ਰਮ ਵਿੱਚ ਦਾਖ਼ਲ ਕਰਵਾਉਂਦਿਆਂ 19 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦਾ ਵਿਆਹ ਕਰ ਦਿੱਤਾ। ਸੁਸ਼ੀਲ ਤੇ ਸੁਘੜ-ਸਿਆਣੀ ਬੀਬਾ ਸੁਰਜੀਤ ਕੌਰ ਉਨ੍ਹਾਂ ਦੇ ਜੀਵਨ ਸਾਥੀ ਬਣੇ ਜਿਨ੍ਹਾਂ ਦੀ ਉਮਰ ਉਸ ਸਮੇਂ 17 ਸਾਲ ਸੀ। ਗੁਰਚਰਨ ਬਨਵੈਤ ਹੁਰਾਂ ਦੇ ਦੋ ਵੱਡੇ ਭਰਾ ਬਿਹਾਰ ਦੇ ਸ਼ਹਿਰ ਰਾਂਚੀ ਵਿੱਚ ਟਰੱਕ ਚਲਾਉਂਦੇ ਸਨ। ਉਨ੍ਹਾਂ ਨੂੰ ਉੱਥੇ ਵੱਡੇ ਭਰਾਵਾਂ ਕੋਲ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਨੇ ਇਨ੍ਹਾਂ ਨੂੰ ਆਪਣੇ ਇੱਕ ਜਾਣਕਾਰ ਮੋਟਰ ਮਕੈਨਿਕ ਦੇ ਨਾਲ ‘ਹੈੱਲਪਰ’ ਰੱਖਵਾ ਦਿੱਤਾ। ਮਕੈਨਕੀ ਦਾ ਕੰਮ ਵੀ ਕੁਝ ਹੱਦ ਤੀਕ ਕਰਨਾ ਆ ਗਿਆ, ਪਰ ਇਸ ਦੇ ਨਾਲ ਉਨ੍ਹਾਂ ਦੇ ਮਨ ਨੂੰ ਸੰਤੁਸ਼ਟੀ ਨਾ ਹੋਈ। ਫਿਰ ਵੱਡੇ ਭਰਾ ਦੇ ਨਾਲ ਟਰੱਕ ‘ਤੇ ਚੜ੍ਹ ਪਏ। ਟਰੱਕ ਡਰਾਇਵਰੀ ਸਿੱਖੀ ਪਰ ਜਲਦੀ ਹੀ ਲੰਮੇਂ ਸਫ਼ਰਾਂ ਦੀਆਂ ਦੁਸ਼ਵਾਰੀਆਂ, ਭੁੱਖ, ਤ੍ਰੇਹ ਅਤੇ ਰਾਤਾਂ ਦੇ ਉਨੀਦਰਿਆਂ ਨੇ ਇਸ ਪੇਸ਼ ਤੋਂ ਮਨ ਉਚਾਟ ਕਰ ਦਿੱਤਾ ਅਤੇ 1968 ਵਿੱਚ ਰਾਂਚੀ ਛੱਡ ਕੇ ਘਰ ਵਾਪਸ ਆ ਗਏ। ਪਰਿਵਾਰ ਦੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਕੇ ਬੰਗਾ ਸ਼ਹਿਰ ਵਿਖੇ ਮੋਟਰ ਮਕੈਨਿਕ ਵਰਕਸ਼ਾਪ ਬਣਾ ਲਈ ਅਤੇ ਨਾਲ ਹੀ ਤੇਲ ਦਾ ਡਿਪੂ ਬਣਾ ਲਿਆ ਪਰ ਇਸ ਕੰਮ ਵਿੱਚ ਵੀ ਮਨ ਪੂਰੀ ਤਰ੍ਹਾਂ ਨਾ ਖੁਭ ਸਕਿਆ। ਇਸਦੀ ਭਟਕਣਾ ਉਵੇਂ ਹੀ ਚੱਲਦੀ ਰਹੀ ਤੇ ਇਹ ਉਦੋਂ ਹੀ ਸ਼ਾਂਤ ਹੋਈ ਜਦੋਂ ਉਹ 1971 ਵਿੱਚ ਕੈਨੇਡਾ ਦੇ ਸ਼ਹਿਰ ਮਾਂਟਰੀਆਲ ਪਹੁੰਚ ਗਏ। ਇੱਥੇ ਆ ਕੇ ਟਰੱਕ ਡਰਾਈਵਰੀ ਸ਼ੁਰੂ ਕੀਤੀ ਅਤੇ ਕੁਝ ਦੇਰ ਬਾਅਦ ਆਪਣਾ ਟਰੱਕ ਲੈ ਲਿਆ। ਪ੍ਰਮਾਤਮਾ ਦੀ ਕਿਰਪਾ ਨਾਲ ਕਾਰੋਬਾਰ ਵਿੱਚ ਵਾਧਾ ਹੁੰਦਾ ਗਿਆ ਅਤੇ ਸਮਾਂ ਪਾ ਕੇ ਟਰੱਕ ਅੱਠ ਹੋ ਗਏ ਤੇ ਆਪਣਾ ਦਫ਼ਤਰ ਵੀ ਬਣਾ ਲਿਆ।
1977 ਵਿੱਚ ਨਾਨਕਸਰ ਸੰਪਰਦਾ ਦੇ ਬਾਬਾ ਹਰਦੇਵ ਸਿੰਘ ਕੋਲੋਂ ਅੰਮ੍ਰਿਤ ਛਕਿਆ ਅਤੇ ਸੁਹਿਰਦਤਾ ਨਾਲ ਸਿੱਖੀ ਮਾਰਗ ਵੱਲ ਚੱਲ ਪਏ। 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿੱਚ ਮੇਨ ਰੇਲਵੇ ਲਾਈਨ ਦੇ ‘ਰੀਗੋ ਬਰਿੱਜ’ ਦੇ ਨੇੜੇ ਖੁੱਲ੍ਹੇ ਮੈਦਾਨ ਵਿੱਚ ਨਿਰੰਕਾਰੀਆਂ ਦੀ ਜੱਥੇਬੰਦੀ ਵੱਲੋਂ ਕਰਵਾਈ ਗਈ ਕਾਨਫ਼ਰੰਸ ਦੌਰਾਨ ਭਿਆਨਕ ਗੋਲ਼ੀ ਕਾਂਡ ਵਾਪਰਿਆ ਜਿਸ ਵਿੱਚ ‘ਅਖੰਡ ਕੀਰਤਨੀ ਜੱਥੇ’ ਦੇ ਆਗੂ ਫ਼ੌਜਾ ਸਿੰਘ ਸਮੇਤ ਇਸ ਜੱਥੇ ਦੇ 14 ਸਿੰਘ ਨਿਰੰਕਾਰੀਆਂ ਵੱਲੋਂ ਚਲਾਈਆਂ ਗਈਆਂ ਗੋਲ਼ੀਆਂ ਨਾਲ ਸਹੀਦ ਹੋ ਗਏ ਸਨ। ਇਸ ਘਟਨਾ ਨਾਲ ਹਰੇਕ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਅਤੇ ਗੁਰਚਰਨ ਸਿੰਘ ਬਨਵੈਤ ਵੀ ਉਨ੍ਹਾਂ ਵਿੱਚੋਂ ਇੱਕ ਸਨ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਖਾੜਕੂ ਸੋਚ ਦਾ ਗੰਭੀਰ ਅਸਰ ਇਨ੍ਹਾਂ ਦੇ ਮਨ ‘ਤੇ ਹੋਇਆ ।
ਅੰਮ੍ਰਿਤਸਰ ਵਿਖੇ ਜੂਨ 1984 ਦੇ ਘੱਲੂਘਾਰੇ ਨਾਲ ਸਿੱਖਾਂ ਦੀ ਭਾਰਤ ਸਰਕਾਰ ਨਾਲ ਨਾਰਾਜ਼ਗੀ ਅਤੇ ਨਫ਼ਰਤ ਹੋਰ ਵੀ ਵੱਧ ਗਈ। ਪੰਜਾਬ ਵਿੱਚ ਸਾਲ ਤੋਂ ਵਧੇਰੇ ਸਮੇਂ ਤੱਕ ਕਰਫ਼ਿਊ ਲੱਗਿਆ ਰਿਹਾ। ਗਰਮ ਖ਼ਿਆਲੀ ਜੱਥੇਬੰਦੀਆਂ ਮੁੜ ਸਰਗਰਮ ਹੋ ਗਈਆਂ ਅਤੇ ਭਾਈ ਤਲਵਿੰਦਰ ਸਿੰਘ ਦੀ ਜੱਥੇਬੰਦੀ ਉਨ੍ਹਾਂ ਮੋਹਰਲੀਆਂ ਜੱਥੇਬੰਦੀ ਵਿੱਚੋਂ ਸੀ। ਬਨਵੈਤ ਸਾਹਿਬ ਦਾ ਝੁਕਾਅ ਇਸ ਜੱਥੇਬੰਦੀ ਵੱਲ ਹੋ ਗਿਆ। ਇਸ ਦੌਰਾਨ ਕੈਨੇਡਾ ਵਿਚਲਾ ਟਰੱਕਾਂ ਵਾਲਾ ਬਿਜ਼ਨੈੱਸ ਭਾਵੇਂ ਕਾਫ਼ੀ ਢਿੱਲਾ ਪੈ ਗਿਆ ਪਰ ਫਿਰ ਵੀ ਉਹ ਇਸ ਜੱਥੇਬੰਦੀ ਨੂੰ ਸਰਦਾ ਬਣਦਾ ਯੋਗਦਾਨ ਦਿੰਦੇ ਰਹੇ। ਜੱਥੇਬੰਦੀ ਦੇ ਕਈ ਮੈਂਬਰ ਉਨ੍ਹਾਂ ਕੋਲ ਉਨ੍ਹਾਂ ਕੋਲ ਆਉਂਦੇ ਅਤੇ ਉਹ ਉਨ੍ਹਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ। ਉਹ ਕਈ ਵਾਰ ਉਹ ਰਾਤ ਵੀ ਉਨ੍ਹਾਂ ਦੇ ਘਰ ਰਹਿੰਦੇ ਸਨ ਅਤੇ ਉਨ੍ਹਾਂ ਦੇ ਲੈਂਡ-ਲਾਈਨ ਫ਼ੋਨ ਦੀ ਵਰਤੋਂ ਵੀ ਕਰਦੇ ਸਨ।
ਫਿਰ ਜਦੋਂ ਇਸ ਜੱਥੇਬੰਦੀ ਦੇ ਪੰਜ ਸਰਗ਼ਰਮ ਮੈਂਬਰ ਪੋਲੀਸ ਵੱਲੋਂ ਫੜੇ ਗਏ ਤਾਂ ਇੱਕ ਰਾਤ ਪੋਲੀਸ ਨੇ ਬਨਵੈਤ ਹੁਰਾਂ ਨੂੰ ਵੀ ਆਣ ਦਬੋਚਿਆ। ਇਸ ਦੀ ਇੱਥੇ ਸਿੱਖ ਭਾਈਚਾਰੇ ਵਿੱਚ ਉਦੋਂ ਕਾਫ਼ੀ ਚਰਚਾ ਹੋਈ ਅਤੇ ਲੱਗਭੱਗ ਸਾਰਾ ਹੀ ਭਾਈਚਾਰਾ ਉਨ੍ਹਾਂ ਦੀ ਪਿੱਠ ‘ਤੇ ਆ ਗਿਆ। ਉਨ੍ਹਾਂ ਸਾਰਿਆਂ ਦੀ ਹਮਦਰਦੀ ਗ੍ਰਿਫ਼ਤਾਰ ਹੋਏ ਸਿੱਖਾਂ ਦੇ ਨਾਲ ਸੀ। ਮੁਕੱਦਮਾ ਸ਼ੁਰੂ ਹੋਇਆ। ਬਨਵੈਤ ਸਾਹਿਬ ਦਾ ਕਸੂਰ ਕੇਵਲ ਏਨਾ ਹੀ ਗਿਣਿਆ ਗਿਆ ਕਿ ਉਸ ਖਾੜਕੂ ਜੱਥੇਬੰਦੀ ਦੇ ਸਿੰਘ ਇਨ੍ਹਾਂ ਦੇ ਘਰ ਆਉਂਦੇ ਸਨ ਅਤੇ ਉੱਥੇ ਪ੍ਰਸ਼ਾਦਾ-ਪਾਣੀ ਛਕਦੇ ਸਨ। ਪੋਲੀਸ ਵੱਲੋਂ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਇਸ ਲਈ ਉਨ੍ਹਾਂ ਨੂੰ ਕੇਵਲ ਇੱਕ ਮਹੀਨੇ ਦੀ ਹੀ ਜੇਲ੍ਹ ਹੋਈ, ਜਦਕਿ ਬਾਕੀ ਮੈਂਬਰਾਂ ਨੂੰ ਪੰਜ-ਪੰਜ ਸਾਲ ਜੇਲ੍ਹ ਦੀ ਸਜ਼ਾ ਦਿੱਤੀ ਗਈ।
ਬਨਵੈਤ ਸਾਹਿਬ ਦੱਸਦੇ ਹਨ ਕਿ ਸਿੱਖ ਭਾਈਚਾਰੇ ਦੀ ਉਨ੍ਹਾਂ ਨਾਲ ਏਨੀ ਹਮਦਰਦੀ ਸੀ ਕਿ ਇੱਕ ਕਾਰ ਡੀਲਰ ਅਮਰ ਸਿੰਘ ਸੰਧੂ ਨੇ ਉਨ੍ਹਾਂ ਦੀ 2 ਲੱਖ ਡਾਲਰ ਦੀ ਜ਼ਮਾਨਤ ਦਿੱਤੀ ਅਤੇ ਉਹ ਜੇਲ੍ਹ ਤੋਂ ਬਾਹਰ ਆ ਗਏ। ਪਰ ਕੈਨੇਡੀਅਨ ਪੋਲੀਸ ਗਾਹੇ-ਬਿਗਾਹੇ ਉਨ੍ਹਾਂ ਨੂੰ ਤੰਗ ਕਰਨ ਲੱਗ ਪਈ। ਉਨ੍ਹਾਂ ਉੱਪਰ ‘ਟੈਰਰਿਸਟ’ ਦਾ ਠੱਪਾ ਲੱਗ ਗਿਆ ਅਤੇ 22 ਸਾਲ ਉਨ੍ਹਾਂ ਨੂੰ ਭਾਰਤ ਜਾਣ ਦੀ ਆਗਿਆ ਨਾ ਦਿੱਤੀ ਗਈ। ਇੱਥੋਂ ਤੱਕ ਕਿ 1995 ਵਿੱਚ ਉਨ੍ਹਾਂ ਨੇ ਨਵਾਂ ਸ਼ਹਿਰ ਵਿਖੇ ਆਪਣੀ ਛੋਟੀ ਬੇਟੀ ਦੇ ਵਿਆਹ ਦਾ ਕਾਰਜ ਰਚਾਉਣ ਲਈ ਜਦੋਂ ਉਹ ਦਿੱਲੀ ਏਅਰਪੋਰਟ ‘ਤੇ ਪਹੁੰਚੇ ਤਾਂ ਭਾਰਤੀ ਇਮੀਗਰੇਸ਼ਨ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਦਿੱਲੀ ਤੋਂ ਹੀ ਵਾਪਸ ਕੈਨੇਡਾ ਭੇਜ ਦਿੱਤਾ ਗਿਆ। ਬਨਵੈਤ ਹੁਰੀਂ ਕਹਿੰਦੇ ਹਨ ਕਿ ਭਾਰਤ ਦੀ ਪੱਥਰ-ਦਿਲ ਹਕੂਮਤ ਨੇ ਧੀ ਦੇ ਵਿਆਹ ‘ਤੇ ਜਾਣ ਤੋਂ ਰੋਕ ਕੇ ਇਕ ਬਾਪ ਦੀਆਂ ਸੱਧਰਾਂ ਅਤੇ ਅਰਮਾਨਾਂ ਦਾ ਕਤਲ ਕਰ ਦਿੱਤਾ। ਉਹ ਦੱਸਦੇ ਹਨ ਕਿ ਵੱਡੀ ਬੇਟੀ ਦਾ ਵਿਆਹ ਵੀ ਮਾਂਟਰੀਆਲ ਵਿੱਚ ਸਾਧ ਸੰਗਤ ਨੇ ਹੀ ਮਿਲ਼ ਕੇ ਕੀਤਾ, ਕਿਉਂਕਿ ਉਦੋਂ ਵੀ ਉਹ ਕੈਨੇਡਾ ਦੀ ਜੇਲ੍ਹ ਵਿੱਚ ਬੰਦ ਸਨ। ਇਹ ਇੱਕ ਬਾਪ ਲਈ ਕਿੱਡੀ ਵੱਡੀ ਅਤੇ ਅਸਹਿ ਪੀੜਾ ਸੀ।
2021 ਵਿੱਚ ਦਿੱਲੀ ਦੀਆਂ ਬਰੂਹਾਂ ‘ਤੇ ਚੱਲਿਆ ਕਿਸਾਨ ਮੋਰਚਾ ਸੰਸਾਰ-ਭਰ ਦੇ ਕਿਸਾਨ ਮੋਰਚਿਆਂ ਨਾਲੋਂ ਸੱਭ ਤੋਂ ਲੰਮਾ ਸਮਾਂ ਚੱਲਿਆ ਮੋਰਚਾ ਸੀ। ਇਸ ਦੌਰਾਨ ਜਿੱਥੇ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਵੱਲੋਂ ਖਾਣ-ਪੀਣ ਅਤੇ ਹੋਰ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ, ਉੱਥੇ ਉਨ੍ਹਾਂ ਵੱਲੋਂ ਬਣਾਈ ਗਈ ‘ਇੰਟਰਨੈਸ਼ਨਲ ਪੰਜਾਬੀ ਫ਼ਾਊਂਡੇਸ਼ਨ’ ਵੱਲੋਂ ਉੱਥੇ ‘ਬਦਾਮਾਂ ਦਾ ਲੰਗਰ’ ਲਗਾਇਆ ਗਿਆ ਸੀ ਅਤੇ ਇਸਦੀ ਉਹਨੀਂ ਦਿਨੀਂ ਬੜੀ ਚਰਚਾ ਹੋਈ ਸੀ।
ਚੱਲ ਰਹੇ ਇਨ੍ਹਾਂ ਮਾੜੇ ਹਾਲਾਤ ਤੋਂ ਨਿਰਾਸ਼ ਹੋ ਕੇ ਗੁਰਚਰਨ ਬਨਵੈਤ ਹੁਰਾਂ ਨੇ 1992 ਵਿੱਚ ਗਰਮਦਲੀ ਜੱਥੇਬੰਦੀਆਂ ਤੋਂ ਕਿਨਾਰਾ ਕਰ ਲਿਆ ਅਤੇ ਉਹ ਇੱਕ ਵੱਖਰੀ ਸੋਚ ਦੇ ਧਾਰਨੀ ਬਣ ਗਏ। ਉਨ੍ਹਾਂ ਦਾ ਧਿਆਨ ਦਰਦਮੰਦਾਂ ਤੇ ਲੋੜਵੰਦਾਂ ਦੀ ਸੇਵਾ ਕਰਨ ਵੱਲੋ ਹੋ ਗਿਆ। ਇਸ ਤੋਂ ਪਹਿਲਾਂ ਉਹ ਅੱਠ ਟਰੱਕਾਂ ਦੀ ਕੰਪਨੀ ਦੇ ਮਾਲਕ ਸਨ ਅਤੇ ਆਪਣੇ ਦਫ਼ਤਰ ਵਿੱਚ ਬੈਠ ਕੇ ਆਪਣੇ ਇਸ ਬਿਜ਼ਨੈੱਸ ਨੂੰ ਬਾਖ਼ੂਬੀ ਚਲਾ ਰਹੇ ਸਨ। .
ਭਾਈ ਤਲਵਿੰਦਰ ਸਿੰਘ ਦੀ ਖਾੜਕੂ ਜੱਥੇਬੰਦੀ ਨਾਲ ਸਬੰਧ ਰਹੇ ਹੋਣ ਕਾਰਨ ਉਨ੍ਹਾਂ ਭਾਰਤ ਭਾਰਤ ਜਾਣ ‘ਤੇ ਪਾਬੰਦੀ ਸੀ। ਇਸ ਲਈ ਉਨ੍ਹਾਂ ਨੇ ਆਪਣੀ ‘ਪੰਜਾਬੀ ਇੰਟਰਨੈਸ਼ਨਲ ਫ਼ੈੱਡਰੇਸ਼ਨ’ ਰਾਹੀ ਲੋਕ-ਸੇਵਾ ਕਰਨ ਦਾ ਮਨ ਬਣਾ ਲਿਆ ਅਤੇ ਇਹ ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਕਰ ਲਿਆ। ਉਹ ਉਦੋਂ ਤੋਂ ਹਰ ਸਾਲ ਉੱਥੇ ਜਾਂਦੇ ਹਨ ਅਤੇ ਸਥਾਨਕ ਸਾਥੀਆਂ ਦੀ ਮਦਦ ਨਾਲ ਅੱਖਾਂ ਦੇ ਚੈੱਕ-ਅੱਪ ਤੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨਾਂ ਲਈ ਕੈਂਪ ਲਗਾਉਂਦੇ ਹਨ। ਇਨ੍ਹਾਂ ਕੈਂਪਾਂ ਵਿੱਚ ਡਾਕਟਰਾਂ ਦੀਆਂ ਫ਼ੀਸਾਂ ਤੇ ਲੈਂਨਜ਼ ਪਵਾਉਣ, ਮਰੀਜ਼ਾਂ ਲਈ ਦਵਾਈਆਂ, ਐਨਕਾਂ, ਆਦਿ ਦਾ ਖ਼ਰਚਾ ਆਪਣੇ ਪੱਲਿਉਂ ਕਰਦੇ ਹਨ ਅਤੇ ਆਪਰੇਸ਼ਨ ਕਰਵਾਉਣ ਤੋਂ ਬਾਅਦ ਘਰਾਂ ਨੂੰ ਵਾਪਸ ਜਾਣ ਲੱਗਿਆਂ ਉਨ੍ਹਾਂ ਦੀ ਨਕਦ ਸਹਾਇਤਾ ਵੀ ਕਰਦੇ ਹਨ। ਇਸ ਤੋਂ ਇਲਾਵਾ ਉਨਾਂ ਸਰਗੋਧਾ, ਕਰਤਾਰਪੁਰ ਸਾਹਿਬ, ਫ਼ੈਸਲਾਬਾਦ ਅਤੇ ਕਈ ਹੋਰ ਸ਼ਹਿਰਾਂ ਵਿੱਚ ਵੀ ਅੱਖਾਂ ਦੇ ਕੈਂਪ ਲਗਾਉਂਦੇ ਹਨ।
ਇਨ੍ਹਾਂ ਕੈਂਪਾਂ ਵਿੱਚੋਂ ਇੱਕ ਦੌਰਾਨ ਹੋਈ ਦਿਲਚਸਪ ਘਟਨਾ ਬਿਆਨ ਕਰਦਿਆਂ ਬਨਵੈਤ ਹੁਰਾਂ ਦੱਸਿਆ ਕਿ 2005 ਵਿੱਚ ਨਨਕਾਣਾ ਸਾਹਿਬ ਵਿਖੇ ਲਗਾਏ ਗਏ ਕੈਂਪ ਵਿੱਚ 842 ਮਰੀਜ਼ਾਂ ਦੇ ਚੈੱਕ-ਅੱਪ ਤੋਂ ਬਾਅਦ ਲੋੜਵੰਦਾਂ ਦੀਆਂ ਅੱਖਾਂ ਦੇ ਓਪਰੇਸ਼ਨ ਹੋ ਚੁੱਕੇ ਸਨ। ਕੈਂਪ ਦਾ ਕੰਮ ਭਾਵੇਂ ਸਮਾਪਤ ਹੋ ਚੁੱਕਾ ਸੀ ਪਰ ਡਾਕਟਰ ਅਜੇ ਉੱਥੇ ਹੀ ਸਨ। ਉਸ ਸਮੇਂ ਸਾਹੋ-ਸਾਹੀ ਹੋਈ ਇੱਕ ਬਜ਼ੁਰਗ ਮਾਤਾ ਉੱਥੇ ਆਈ। ਜੁੱਤੀ ਉਸਨੇ ਆਪਣੇ ਹੱਥਾਂ ਵਿੱਚ ਫੜੀ ਹੋਈ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਏਨੀ ਦੇਰੀ ਨਾਲ ਕਿਉਂ ਆਈ ਹੈ ਤਾਂ ਉਹ ਕਹਿਣ ਲੱਗੀ, “ਪੁੱਤ, ਪੈਦਲ ਆਈ ਹਾਂ। ਤੁਰੀ ਤਾਂ ਸਵੇਰ ਦੀ ਹੀ ਆਂ।” ਬਨਵੈਤ ਸਾਹਿਬ ਨੇ ਉਸ ਨੂੰ ਬਿਠਾਇਆ। ਡਾਕਟਰਾਂ ਕੋਲੋਂ ਉਸ ਦੀਆਂ ਅੱਖਾਂ ਦਾ ਚੈੱਕ-ਅੱਪ ਕਰਵਾਇਆ ਅਤੇ ਅੱਖਾਂ ਵਿੱਚ ਪਾਉਣ ਲਈ ਦਾਰੂ ਦਿੱਤਾ ਅਤੇ ਜਾਣ ਲੱਗੀ ਨੂੰ ਕੁਝ ਮਾਇਆ ਅਤੇ ਪਾਣੀ ਦੀ ਬੋਤਲ ਦਿੰਦਿਆਂ ਉਸਨੂੰ ਕਿਹਾ ਕਿ ਉਹ ਪਿੰਡ ਵਾਪਸ ਬੱਸ ਵਿੱਚ ਜਾਵੇ। ਪਾਣੀ ਦੀ ਬੋਤਲ ਵੇਖ ਕੇ ਉਸ ਨੂੰ ਇਸ ਗੱਲੋਂ ਬੜੀ ਹੈਰਾਨੀ ਹੋਈ ਕਿ ਪਾਣੀ ਬੋਤਲਾਂ ਵਿੱਚ ਵੀ ਆਉਂਦਾ ਹੈ।
2022 ਵਿੱਚ ਜਦੋਂ ਪਾਕਿਸਤਾਨ ਦੇ ਵਿੱਚ ਕਈ ਥਾਵਾਂ ‘ਤੇ ਜ਼ਬਰਦਸਤ ਹੜ੍ਹ ਆਇਆ ਤਾਂ ਬਨਵੈਤ ਹੁਰਾਂ ਨੇ ਜਦੋਂ ਇਹ ਥਾਵਾਂ ਪਾਣੀ ਵਿੱਚ ਡੁੱਬੀਆਂ ਵੇਖੀਆਂ ਤਾਂ ਉਨ੍ਹਾਂ ਦਾ ਮਨ ਕੁਰਲਾ ਉੱਠਿਆ ਅਤੇ ਉਹ ਹੜ੍ਹ-ਪੀੜਤ ਲੋਕਾਂ ਦੀ ਮਦਦ ਲਈ ਚੱਲ ਪਏ। ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਦਵਾਈਆਂ, ਤੰਬੂ ਅਤੇ ਖਾਣ-ਪੀਣ ਦਾ ਸਮਾਨ ਲੈ ਕੇ ਆਪਣੀ ਟੀਮ ਨਾਲ ਉੱਥੇ ਪਹੁੰਚ ਗਏ। ਉਨ੍ਹਾਂ ਨੂੰ ਇਹ ਚੀਜ਼ਾਂ ਵੰਡਣ ਦੇ ਨਾਲ ਨਾਲ ਉਹ ਉਸ ਸਮੇਂ ਉਨ੍ਹਾਂ ਨੂੰ ਡੇਢ ਕਰੋੜ ਰੁਪਏ ਨਕਦ ਵੀ ਦੇ ਕੇ ਆਏ। ਹੜ-ਪੀੜਤਾਂ ਲਈ ਲੋੜੀਂਦੇ ਸਮਾਨ ਦੀ ਖ਼੍ਰੀਦ ਉੱਪਰ ਵੀ ਏਨਾ ਕੁ ਖ਼ਰਚ ਤਾਂ ਜ਼ਰੂਰ ਆਇਆ ਹੀ ਹੋਵੇਗਾ।
ਇਸਤੋਂ ਪਹਿਲਾਂ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ 1998 ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਵਿੱਚ ਵੀ ਉਨ੍ਹਾਂ ਨੇ ਭਰਵਾਂ ਯੋਗਦਾਨ ਪਾਇਆ। ਇਸ ਕਮੇਟੀ ਦੇ ਬਣਨ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਹਾਲਤ ਵਿੱਚ ਵੱਡੇ ਪੈਮਾਨੇ ‘ਤੇ ਸੁਧਾਰ ਹੋਇਆ। ਇਸ ਤੋਂ ਪਹਿਲਾਂ ਪਾਕਿਸਤਾਨ ਪੋਲੀਸ ਦੇ ਇੱਕ ਅਫ਼ਸਰ ਦੀ ਮਦਦ ਨਾਲ ਉਨ੍ਹਾਂ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੀ ਇਮਾਰਤ ਉੱਪਰ ਇੱਕ ਪਰਿਵਾਰ ਵੱਲੋਂ ਕੀਤਾ ਗਿਆ ਨਾਜਾਇਜ਼ ਕਬਜ਼ਾ ਛੁਡਵਾਇਆ ਅਤੇ ਇੰਗਲੈਂਡ ਤੋਂ ਗਈ ਸੰਗਤ ਦੇ ਇਕ ਗਰੁੱਪ ਵੱਲੋਂ ਪ੍ਰਾਪਤ ਹੋਈ ਮਾਇਕ ਸਹਾਇਤਾ ਨਾਲ ਇਸ ਦੀ ਸ਼ਾਨ ਮੁੜ ਬਹਾਲ ਕੀਤੀ ਗਈ।
2005 ਵਿੱਚ ਵਿੱਚ ਉਨ੍ਹਾਂ ਵੱਲੋਂ ਕੈਨੇਡਾ ਤੋਂ ਗਏ ਇੱਕ ਗਰੁੱਪ ਦੇ ਨਾਲ ਸ੍ਰੀ ਨਨਕਾਣਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ‘ਸਿੱਖ ਕੌਮ ਤੋਂ ਸਿੱਖ ਧਰਮ ਮਾਰਚ’ ਨਾਂ ਹੇਠ ਨਗਰ ਕੀਰਤਨ ਦਾ ਸਫ਼ਲ ਆਯੋਜਨ ਕੀਤਾ ਗਿਆ। ਇਹ ਵੱਖਰੀ ਗੱਲ ਹੈ ਇਸ ਦੌਰਾਨ ਉਨ੍ਹਾਂ ਦੇ ਜੱਥੇ ਦੇ ਦੋ ਮੈਂਬਰ ਹਰਭਜਨ ਸਿੰਘ ਸੈਣੀ ਅਤੇ ਸੁਜੀਤ ਸਿੰਘ ਪਾਹਵਾ ਜੱਥੇ ਵਿੱਚੋਂ ਹੀ ਖਿਸਕ ਗਏ ਜਿਸ ਕਾਰਨ ਬਨਵੈਤ ਸਾਹਿਬ ਦੇ ਭਾਰਤ ਜਾਣ ਉੱਪਰ ਫਿਰ ਸੱਤ ਸਾਲ ਲਈ ‘ਬੈਨ’ ਲੱਗ ਗਿਆ ਸੀ।
ਗੁਰਚਰਨ ਸਿੰਘ ਬਨਵੈਤ ਇਸ ਸਮੇਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਰਹਿ ਰਹੇ ਹਨ। 78 ਸਾਲ ਦੀ ਉਮਰ ਵਿੱਚ ਵੀ ਉਹ ਰਿਸ਼ਟ-ਪੁਸ਼ਟ ਤੇ ਚੁਸਤ-ਦਰੁੱਸਤ ਦਿਖਾਈ ਦਿੰਦੇ ਹਨ। ਲੋਕ-ਭਲਾਈ ਦੇ ਕੰਮਾਂ ਲਈ ਸਦਾ ਤਤਪਰ ਰਹਿੰਦੇ ਹਨ। ਪ੍ਰਮਾਤਮਾ ਉਨ੍ਹਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖ਼ਸ਼ੇ!

