May 30, 2026

ਰਿਪੋਰਟ  -ਮਨਜਿੰਦਰ ਪੰਨੂੰ, ਅਵਤਾਰ ਨੰਦਪੁਰੀ ( 9855000146)-
ਚੋਣ ਵਰਾ ਆਰੰਭ ਹੋ ਚੁੱਕਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਗਿਣਤੀ ਦੇ ਮਹੀਨੇ ਬਾਕੀ ਰਹਿ ਗਏ ਹਨ। ਅਜਿਹੇ ਵਿੱਚ ਹਲਕਾ ਸਾਹਨੇਵਾਲ ਦੀ ਸਿਆਸੀ ਤਸਵੀਰ ਅਜੇ ਸਪਸ਼ਟ ਹੋਣੀ ਬਾਕੀ ਹੈ।
2022 ਵਿੱਚ ਦੋਵੇਂ ਰਵਾਇਤੀ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਹਰਾ ਕੇ ਆਪ ਦੇ ਵਿਧਾਇਕ ਬਣੇ ਸ. ਹਰਦੀਪ ਸਿੰਘ ਮੁੰਡੀਆਂ ਹੁਣ ਕੈਬਨਟ ਮੰਤਰੀ ਵੀ ਹਨ ਪਰ ਲੋਕਾਂ ਦੀ ਵਿਕਾਸ ਤੇ ਸਹੂਲਤਾਂ ਪੱਖੋਂ ਤਸੱਲੀ ਹੋਣੀ ਅਜੇ ਬਾਕੀ ਹੈ, ਸਪਸ਼ਟ ਹੈ ਕਿ ਉਹ ਪਾਰਟੀ ਦੀਆਂ ਮੂਰਲੀਆਂ ਸਫਾਂ ਚ ਆਪਣੀ ਗਿਣਤੀ ਕਰਵਾ ਚੁੱਕੇ ਹਨ ਅਤੇ ਇਸ ਹਲਕੇ ਤੋਂ ਵੀ ਆਪਣੀ ਦਾਅਵੇਦਾਰੀ ਦੁਹਰਾਉਣਗੇ। ਇਸ ਵਿੱਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਪਰ ਜਿਵੇਂ 2022 ਵਿੱਚ ਕਾਂਗਰਸ ਅਤੇ ਅਕਾਲੀ ਦਲ ਦੀ ਨਾਰਾਜ਼ ਵੋਟ ਆਪ ਦੀ ਝੋਲੀ ਗਿਰੀ ਸੀ ਉਹੋ ਜਿਹਾ ਮਾਹੌਲ ਹੁਣ ਹਰਗਿਜ਼ ਨਹੀਂ ਹੈ। ਬਾਕੀ ਪਾਰਟੀ ਹਾਈ ਕਮਾਂਡ ਕੋਲ ਚੋਣਾਂ ਤੋਂ ਪਹਿਲਾਂ ਐਨ ਮੌਕੇ ‘ਤੇ ਹਲਕਿਆਂ ਦੇ ਚਿਹਰੇ ਬਦਲਣ ਦੇ ਆਪਣੇ ਦਾਅ ਪੇਚ ਹੁੰਦੇ ਹਨ।
ਕਾਂਗਰਸ ਲਈ ਵੀ ਸਥਿਤੀ ਬਹੁਤੀ ਉਤਸ਼ਾਹਜਨਕ ਨਹੀਂ ਭਾਵੇਂ ਇਥੋਂ ਸ. ਵਿਕਰਮ ਸਿੰਘ ਬਾਜਵਾ ਤੀਜੀ ਵਾਰ ਵੀ ਦਾਅਵੇਦਾਰੀ ਬਣਾਈ ਬੈਠੇ ਹਨ। ਸ. ਬਾਜਵਾ 2012 ਅਤੇ 2022 ਵਿੱਚ ਭਾਵੇਂ ਜਿੱਤ ਨਹੀਂ ਸਕੇ ਪਰ ਦੋਵੇਂ ਵਾਰ ਕਰਮਵਾਰ 50364 (37.6%) ਅਤੇ 46322 (26%) ਵੋਟਾਂ  ਲਿਜਾ ਕੇ ਦੂਜੇ ਨੰਬਰ ਤੇ ਬਣੇ ਰਹੇ ਸ. ਬਾਜਵਾ  ਨੌਜਵਾਨ ਅਤੇ ਹਲਕੇ ਵਿੱਚ ਸਰਗਰਮੀ ਨਾਲ ਵਿਚਰਦੇ ਆਗੂ ਹਨ ਜਿਨਾਂ ਨੂੰ  ਸਿਰ ਕੱਢ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰੀਮਤੀ ਰਜਿੰਦਰ ਕੌਰ ਭੱਠਲ ਨਾਲ ਨੇੜਲੇ ਰਿਸ਼ਤੇਦਾਰ ਹੋਣ ਦਾ ਸਿਆਸੀ ਫਾਇਦਾ ਰਹੇਗਾ। ਬੀਬੀ ਭੱਠਲ ਨੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਖੁੱਲ ਕੇ ਤਾਰੀਫ ਵੀ ਕੀਤੀ ਸੀ ਪਰ ਜੇ ਬਿਕਰਮ ਬਾਜਵਾ 2027 ਦੀ ਵਿਧਾਨ ਸਭਾ ਚੋਣ ਵਿੱਚ ਸਫਲ ਨਾ ਹੋਏ ਤਾਂ ਹਲਕੇ ਦੀ ਸਿਆਸਤ ਵਿੱਚ ਉਨਾਂ ਦੀ ਥਾਂ ਲੈਣ ਲਈ ਨਵੇਂ ਚਿਹਰੇ ਅੱਗੇ ਲਿਆਉਣੇ ਪਾਰਟੀ ਦੀ ਲੋੜ ਬਣ ਜਾਵੇਗੀ।
ਹਲਕੇ ਦੇ ਅਕਾਲੀ ਦਲ ਦੇ ਕੱਦਾਵਰ ਆਗੂ ਸ. ਸ਼ਰਨਜੀਤ ਸਿੰਘ ਢਿੱਲੋ ਜਿਨਾਂ ਨੇ 2012 ਅਤੇ 2017 ਵਿੱਚ ਵੱਡੇ ਅੰਤਰ ਨਾਲ ਚੋਣ ਜਿੱਤੀ ਸੀ ਪਰ 2022 ਦੀ ਚੋਣ ਵਿੱਚ  ਉਹ ਸਰਦਾਰ ਮੁੰਡੀਆਂ ਤੋਂ ਮਾਤ ਖਾ ਗਏ ਸਨ । ਹੁਣ ਉਹਨਾਂ ਦੀ ਇਹ ਚੌਥੀ ਪਾਰੀ ਹੈ ਜਿਵੇਂ ਉਹਨਾਂ 14 ਮਾਰਚ ਨੂੰ ਅਕਾਲੀ ਦਲ ਦੀ ਹਲਕਾ ਸਾਹਨੇਵਾਲ ਦੀ ਰੈਲੀ ਵਿੱਚ ਭਰਵਾਂ  ਇਕੱਠ ਤਾਂ ਕੀਤਾ ਪਰ ਉਹ ਅਕਾਲੀ ਸੁਪਰੀਮੋ ਸ ਸੁਖਬੀਰ ਸਿੰਘ ਬਾਦਲ ਵੱਲੋਂ ਉਮੀਦਵਾਰ ਥਾਪੇ ਜਾਣ ਦਾ ਐਲਾਨ ਨਾ ਕਰਵਾ ਸਕੇ ਕਿਉਂਕਿ ਸ਼ਰਨਜੀਤ ਸਿੰਘ ਢਿੱਲੋ ਦੇ ਮਜੀਠਾ ਧੜੇ ਨਾਲ ਜੁੜੇ ਰਹਿਣ ਕਾਰਨ ਹੁਣ ਪਹਿਲਾਂ ਵਾਲੀ ਗੱਲ ਨਹੀਂ ਹੈ ਜਾਂ ਸੁਖਬੀਰ ਅਜੇ ਸ ਢਿੱਲੋਂ ਦੀ ਕਾਰਗੁਜ਼ਾਰੀ ਤੇ ਵਫਾਦਾਰੀ ਨੂੰ ਹੋਰ ਪਰਖਣਾ ਚਾਹੁੰਦੇ ਹਨ ਨਹੀ ਤਾਂ ਸਾਹਨੇਵਾਲ ਹਲਕੇ ਤੋਂ ਅਕਾਲੀ ਦਲ ਵੱਲੋਂ ਕੋਈ ਸਰਪ੍ਰਾਈਜ਼ ਉਮੀਦਵਾਰ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿੰਵੇਂ ਗੁਆਂਢੀ ਹਲਕੇ ਸਮਰਾਲਾ ਅਤੇ ਖੰਨਾ ਦੇ ਹਲਕਾ ਇੰਚਾਰਜਾਂ ਨੂੰ ਪਾਰਟੀ ਦੀਆਂ ਰੈਲੀਆਂ ਦੌਰਾਨ ਸ਼ਾਬਾਸ਼ ਮਿਲੀ ਹੈ ਅਜਿਹਾ ਸਾਹਨੇਵਾਲ ਹਲਕੇ ਵਿੱਚ ਅਜੇ ਨਹੀਂ ਵਾਪਰਿਆ।
ਇਸ ਦੇ ਨਾਲ ਹੀ ਭਾਵੇਂ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਅਕਾਲੀ ਦਲ ਪੁਨਰ ਸੁਰਜੀਤੀ ਵੱਲੋਂ ਵੱਡਾ ਖੋਰਾ ਲਾਉਣ ਦਾ ਖਦਸ਼ਾ ਸੀ ਜੋ ਅੱਜ ਇਸ ਧੜੇ ਦੀ ਪਾਟੋ ਧਾੜ ਅਤੇ ਦਲ ਤੋਂ ਰੁਖਸਤ ਹੁੰਦੇ ਜਾ ਰਹੇ ਆਗੂਆਂ ਕਾਰਨ ਵੀ ਬੇਅਸਰ ਜਿਹਾ ਹੋ ਕੇ ਰਹਿ ਗਿਆ ਹੈ ਫਿਰ ਵੀ ਇਹਨਾਂ ਦੇ ਕੁਝ ਬਾਗੀ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਰਾਬਤਾ ਕਰ ਲੈਣ ਨਾਲ ਸਾਹਨੇਵਾਲ ਵਿੱਚ ਵੀ ਕੁਝ ਕੁ  ਅਕਾਲੀ ਤੇ ਸਿੱਖ ਵੋਟ ਨਵੇਂ ਚਿਹਰੇ ਵੱਲ ਖਿੱਚੀ ਜਾ ਸਕਦੀ ਹੈ ਜਿਵੇਂ ਕਿ ਅਸੀਂ ਵੇਖਦੇ ਹਾਂ ਕਿ 2022 ਦੀ ਚੋਣ ਵਿੱਚ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਛੰਦੜਾ  ਵੱਲੋਂ 10,899 ਅਤੇ ਹਰਪ੍ਰੀਤ ਸਿੰਘ ਗਰਚਾ ਵੱਲੋਂ 12134 ਕੁੱਲ 23033 ਹਾਸਿਲ ਕਰ ਲੈਣ ਨਾਲ  ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋ ਖਿਸਕ ਕੇ ਤੀਸਰੇ ਨੰਬਰ ਤੇ ਆ ਗਏ ਸਨ ਜੇ ਕੋਈ ਚੌਥੀ ਜਾਂ ਪੰਜਵੀਂ ਧਿਰ ਦਾ ਸਿੱਖ ਪਾਰਟੀ ਦਾ ਨੁਮਾਇੰਦਾ ਇੱਥੇ ਖੜਦਾ ਹੈ ਤਾਂ ਉਹ ਵਿਚਾਲੇ ਜਿੱਤ ਹਾਰ ਦੇ ਤਵਾਜਨ ਨੂੰ ਵਿਗਾੜ ਸਕਦਾ ਹੈ ਅਕਾਲੀ ਦਲ ਦਾ ਇਸ ਵਾਰ ਕਿਸੇ ਪਾਰਟੀ ਜਾਂ ਦਲ ਨਾਲ ਸਮਝੌਤਾ ਵੀ ਨਹੀਂ ਹੈ ਪਰ ਇੱਕੋ ਇੱਕ ਸੁਭਾਵਨਾ ਬਸਪਾ ਦੇ ਨਾਲ ਤਾਲਮੇਲ ਕਰਕੇ ਚੋਣਾਂ ਲੜਨ ਦੀ ਹੋ ਸਕਦੀ ਹੈ ਜਿਸ ਦਾ ਪਾਸਕੂ ਜਿੰਨਾ ਲਾਹਾ ਅਕਾਲੀ ਦਲ ਨੂੰ ਮਿਲ ਸਕਦਾ ਹੈ।
ਭਾਜਪਾ ਸਾਹਨੇਵਾਲ ਹਲਕੇ ਵਿੱਚ ਨੌਜਵਾਨ ਸਿੱਖ ਚਿਹਰਾ ਪ੍ਰਿਤਪਾਲ ਸਿੰਘ ਬਲੀਏਵਾਲ, ਜੋ ਇਸ ਦੀ ਪਾਰਟੀ ਦਾ ਬੁਲਾਰਾ ਵੀ ਹੈ, ਨੂੰ ਹਲਕਾ ਇੰਚਾਰਜ ਬਣਾ ਕੇ ਚੱਲ ਰਹੀ ਹੈ। ਭਾਜਪਾ ਲਈ ਪ੍ਰਵਾਸੀ ਫੈਕਟਰ ਲਾਹੇਵੰਦ ਹੋ ਸਕਦਾ ਹੈ ਕਿਉਂਕਿ ਹਲਕੇ ਵਿੱਚ 33 ਫੁਟਾ  ਰੋਡ ਤੇ ਪ੍ਰਵਾਸੀ ਵੋਟਾਂ ਦੀ ਚੌਖੀ ਗਿਣਤੀ ਹੈ । ਹਲਕੇ ਵਿੱਚ ਲੁਧਿਆਣੇ ਦਾ ਸਨਅਤੀ ਇਲਾਕਾ ਆਉਣ ਕਾਰਨ ਪ੍ਰਵਾਸੀਆਂ ਦੀ ਗਿਣਤੀ ਜ਼ਿਕਰ ਯੋਗ ਹੈ ਜੇ ਇਹਨਾਂ ਪ੍ਰਵਾਸੀ ਵੋਟਰਾਂ ਨੂੰ ਭਾਜਪਾ ਆਪਣੇ ਵਲ ਖਿੱਚਣ ਵਿੱਚ ਸਫਲ ਰਹੀ ਤਾਂ ਉਹ ਸਨਮਾਨਜਨਕ ਵੋਟ ਪ੍ਰਤੀਸ਼ਤ ਲਿਜਾ ਸਕਦੀ ਹੈ। ਸਾਹਨੇਵਾਲ ਹਲਕੇ ਵਿੱਚ  ਸਿਆਸੀ ਜੰਗ  ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਪ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਆਜ਼ਾਦ ਜਾਂ ਨਵੀਂ ਉੱਠੀ ਧਿਰ ਦੇ ਉਮੀਦਵਾਰ ਦਾ ਬਹੁਤੀਆਂ ਵੋਟਾਂ ਲਿਜਾਣ ਦਾ ਵਰਤਾਰਾ ਇੱਥੇ ਨਹੀਂ ਰਿਹਾ । ਅੱਜ ਦੇ ਦਿਨ ਵਿੱਚ ਸਾਹਨੇਵਾਲ ਅਸੰਬਲੀ ਹਲਕੇ ਦੀ ਸਿਆਸੀ ਤਸਵੀਰ ਅਜੈ ਸਪਸ਼ਟ ਹੋਣੀ ਬਾਕੀ ਹੈ ਪਰ ਜਿਵੇਂ ਹੀ ਇਹ ਤਸਵੀਰ ਸਾਫ ਹੋਵੇਗੀ ਤਾਂ ਅਸੀਂ ਇਸ ਹਲਕੇ ਦੀ ਦਾਅਵੇਦਾਰੀ ਚੁੱਕਣ ਵਾਲੇ ਚਿਹਰਿਆਂ ਬਾਰੇ ਹੋਰ ਪੁਖਤਾ ਮੁਲੰਕਨ ਕਰਨ ਦੇ ਨੇੜੇ ਹੋਵਾਂਗੇ।

Leave a Reply

Your email address will not be published. Required fields are marked *