Jun 2, 2026

* ਵਰਦੇ ਮੀਂਹ ਦੇ ਬਾਵਜੂਦ ਦਰਸ਼ਕਾਂ ਵੱਲੋਂ ਮਿਲੇ ਹੁੰਗਾਰੇ ਤੋਂ ਅਦਾਕਾਰ ਤੇ ਪ੍ਰਬੰਧਕ ਬਾਗੋ ਬਾਗ-
ਐਡਮਿੰਟਨ (ਗੁਰਪ੍ਰੀਤ ਸਿੰਘ, ਹਰਜੀਤ ਸੰਧੂ)-ਬੀਤੇ ਦਿਨ ਐਡਮਿੰਟਨ ਵਿਖੇ ਪੰਧੇਰ ਪ੍ਰੋਡਕਸ਼ਨ, ਐਡਮਿੰਟਨ ਲਾਇਟ ਐਂਡ ਸਾਊਂਡ ਅਤੇ ਰੇਡੀਓ ਕੁਨੈਕਟ ਐਫ ਐਮ ਦੇ ਸਹਿਯੋਗ ਨਾਲ ਪ੍ਰਸਿੱਧ ਪੰਜਾਬੀ ਅਦਾਕਾਰ ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਵੱਲੋਂ ਪੰਜਾਬੀ ਨਾਟਕ ‘ਬੰਦੇ ਬਣੋ ਬੰਦੇ’ ਦਾ ਸਫਲ ਮੰਚਨ ਕੀਤਾ ਗਿਆ। ਭਾਰੀ  ਮੀਂਹ ਦੇ ਬਾਵਜੂਦ ਵੀ ਪਰਿਵਾਰਾਂ ਨਾਲ ਪਹੁੰਚੇ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਦੋ ਪਾਤਰੀ ਨਾਟਕ ਦਾ ਮੰਚਨ ਵਿੱਚ ਮੁਖ ਕਿਰਦਾਰ ਨਿਭਾਉਂਦਿਆਂ ਦੋਵਾਂ ਕਲਾਕਾਰਾਂ ਨੇ ਦਰਸ਼ਕਾਂ ਦੀ ਭਰਪੂਰ ਦਾਦ ਲਈ। ਦਰਸ਼ਕਾਂ ਨੇ ਇਸ ਨਾਟਕ ਦੌਰਾਨ ਮੰਚ ਤੇ ਵਿਚਰ ਰਹੇ ਕਿਰਦਾਰਾਂ ਵਲੋਂ ਖੁਦ ਨੂੰ ਜੋੜਕੇ ਸਮਝਣ ਦਾ ਅਹਿਸਾਸ ਕੀਤਾ। ਨਾਟਕ ਦੇ ਸਿਖਰ ਦੌਰਾਨ ਜਦੋਂ ਕਿਰਦਾਰਾਂ ਵੱਲੋਂ  ਦਸਤਾਰ ਦੇ ਪੰਜ ਲੜਾਂ ਦੇ ਅਰਥ ਅਤੇ ਜ਼ਿੰਮੇਵਾਰੀਆਂ ਦੇ ਜੋ ਡਾਇਲਾਗ ਬੋਲੇ ਅਤੇ ਅਦਾਕਾਰੀ ਕੀਤੀ ਤਾਂ ਸਾਰਾ ਹਾਲ ਦਰਸ਼ਕਾਂ ਦੀਆਂ ਤਾੜੀਆਂ ਨਾਲ ਲਗਾਤਾਰ ਗੁੰਜਦਾ ਰਿਹਾ। ਦਰਸ਼ਕਾਂ ਵੱਲੋਂ ਮਿਲੇ ਹੁੰਗਾਰੇ ਅਤੇ ਸਹਿਯੋਗ ਤੋਂ ਉਤਸ਼ਾਹਿਤ ਅਦਾਕਾਰ ਰਾਣਾ ਰਣਬੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਅਗਲੇ ਨਵੇਂ ਨਾਟਕ ਦੀ ਸ਼ੁਰੂਆਤ ਅਲਬਰਟਾ ਤੋਂ ਹੀ ਕਰਨਗੇ। ਇਸ ਮੌਕੇ ਪ੍ਰਬੰਧਕ ਸੰਦੀਪ ਪੰਧੇਰ, ਨਰੰਤਰ ਸਿੰਘ, ਸੁਖਜੀਤ ਚਾਹਲ, ਹਰਿੰਦਰ ਸਿੰਘ ਸਮਰਾ, ਦਵਿੰਦਰ ਸੈਣੀ ਨੇ ਸਾਰੇ ਸਪਾਂਸਰਾਂ ਅਤੇ ਦਰਸ਼ਕਾਂ ਦਾ ਵਰਦੇ ਮੀਂਹ ਦੌਰਾਨ ਪਹੁੰਚ ਕੇ ਨਾਟਕ ਨੂੰ ਪਿਆਰ ਦੇਣ ਅਤੇ ਸਫਲ ਬਣਾਉਣ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *