ਲੇਖਕ:–ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ, ਗੁਰੂ ਕੀ ਵਡਾਲੀ-ਛੇਹਰਟਾ ( 9988066466)
—ਖਾਲਸਾ ਕਾਲਜ ਅੰਮ੍ਰਿਤਸਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸ਼ਾਟਪੁੱਟ ਖੇਡ ਵਿੱਚ ਉਚਾ ਨਾਮਣਾ ਖੱਟਣ ਵਾਲੇ, ਕੌਮਾਂਤਰੀ ਖੇਡਾਂ ਵਿਚ ਭਾਰਤ ਦਾ ਝੰਡਾ ਉਚਾ ਕਰਨ ਵਾਲੇ ਅਰਜਨਾ ਅਵਾਰਡੀ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਪ੍ਰਾਪਤ ਕਰਨ ਵਾਲੇ ਗੁਰਸਿੱਖ ਖਿਡਾਰੀ ਬਾਬਾ ਬਲਵਿੰਦਰ ਸਿੰਘ ਧਾਲੀਵਾਲ 1 ਜੂਨ 2026 ਨੂੰ ਸਾਢੇ 67 ਸਾਲ ਦੀ ਚੜਦੀਕਲਾ ਦੀ ਉਮਰ ਭੋਗਕੇ ਚੰੜੀਗੜ ਵਿਖੇ ਅਕਾਲ ਚਲਾਣਾ ਕਰ ਗਏ ਹਨ ।
(ਪਰਿਵਾਰਕ ਪਿਛੋਕੜ):–ਸਵ: ਬਾਬਾ ਬਲਵਿੰਦਰ ਸਿੰਘ ਧਾਲੀਵਾਲ ਦਾ ਜਨਮ 5 ਦਸੰਬਰ 1958 ਈ: ਨੂੰ ਪਿਤਾ ਤਾਰਾ ਸਿੰਘ ਧਾਲੀਵਾਲ ਦੇ ਗ੍ਰਹਿ ਅਤੇ ਮਾਤਾ ਹਰਬੰਸ ਕੌਰ ਦੀ ਕੁਖੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘਰਾਲਾ (ਨੇੜੇ ਦੀਨਾਨਗਰ) ਵਿਖੇ ਹੋਇਆ ਸੀ । ਉਨ੍ਹਾਂ ਨੇ ਦਸਵੀਂ ਤਕ ਦੀ ਵਿਦਿਆ ਪਿੰਡ ਘਰਾਲਾ ਦੇ ਸਕੂਲ ਤੋਂ ਪ੍ਰਾਪਤ ਕੀਤੀ । ਸੰਨ 1978 ਈ: ਵਿਚ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਆ ਦਾਖਲ ਹੋਏ ਜਿਥੇ ਉਨ੍ਹਾਂ ਨੂੰ ਕਾਲਜ ਦੇ ਡੀਪੀਈ ਅਮਰੀਕ ਸਿੰਘ ਬਾਜਵਾ ਅਤੇ ਸਹਾਇਕ ਡੀਪੀਈ ਕੇਐਸ ਚਿਮਨੀ ਵਲੋਂ ਆਪ ਦੇ ਰਿਸ਼ਟ ਪੁਸ਼ਟ ਤੇ ਡੀਲਡੌਲ ਵਾਲੇ ਜੁਸੇ ਨੂੰ ਵੇਖਕੇ ਸ਼ਾਟਪੁੱਟ ਦੀ ਖੇਡ ਵਿੱਚ ਹੋਰ ਉਚ ਪਦਵੀਂਆਂ ਪ੍ਰਾਪਤ ਕਰਨ ਲਈ ਐਥਲੈਟਿਕਸ ਖੇਡਾਂ ਦੇ ਉਸਤਾਦ ਅਜੀਤ ਸਿੰਘ ਦੀ ਸਪੁੱਰਦੀ ਹੇਠ ਖਾਲਸਾ ਕਾਲਜ ਅੰਮ੍ਰਿਤਸਰ ਦੀ ਗਰਾਊਂਡ ਵਿੱਚ ਸਵੇਰੇ ਸ਼ਾਮ ਸ਼ਾਟਪੁੱਟ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰਵਾਈ । ਉਹ 7 ਭਰਾਵਾਂ ਅਤੇ 2 ਭੈਣਾ ਵਿਚੋਂ ਪੰਜਵੇਂ ਸਥਾਨ ‘ਤੇ ਸਨ ।
ਬਾਬਾ ਧਾਲੀਵਾਲ ਦਾ ਪਰਿਵਾਰ:–ਉਨ੍ਹਾਂ ਦਾ ਵਿਆਹ ਗੋਬਿੰਦ ਸਦਨ ਦਿਲੀ ਵਾਲੇ ਬਾਬਾ ਵਿਰਸਾ ਸਿੰਘ ਜੀ ਸਰਾਵਾਂ ਵਾਲਿਆਂ ਨੇ ਬਟਾਲਾ ਨਿਵਾਸੀ ਹਰਬੰਸ ਸਿੰਘ ਰੰਧਾਵਾ ਅਤੇ ਅਮਰਜੀਤ ਕੌਰ ਦੀ ਸੁੱਘੜ ਸਿਆਣੀ ਸਪੁੱਤਰੀ ਬੀਬਾ ਹਰਦੀਸ਼ ਕੌਰ ਨਾਲ 1 ਦਸੰਬਰ 1986 ਈ: ਨੂੰ ਕਰਵਾਇਆ ਸੀ । ਸਵ: ਧਾਲੀਵਾਲ ਦੀ ਸੁਪੱਤਨੀ ਵਿਆਹ ਤੋਂ ਪਹਿਲਾਂ ਬਟਾਲਾ ਵਿਖੇ ਡੀਏਵੀ ਸਕੂਲ ਵਿੱਚ ਪ੍ਰਿੰਸੀਪਲ ਰਹੇ ਅਤੇ ਵਿਆਹ ਤੋਂ ਬਾਅਦ ਆਪਣੇ ਪਤੀ ਬਾਬਾ ਧਾਲੀਵਾਲ ਨਾਲ ਟਾਟਾਨਗਰ ਵਿਖੇ ਟਾਟਾ ਸਟੀਲ ਫਰਮ (ਜਮਸ਼ੇਦਪੁਰ, ਝਾਰਖੰਡ ਸਟੇਟ) ਚਲੇ ਗਏ ਜਿਥੇ ਉਨ੍ਹਾਂ ਨੇ ਵੀ ਉਚ ਪਦਵੀ ‘ਤੇ ਸਰਵਿਸ ਕੀਤੀ। ਬਾਬਾ ਧਾਲੀਵਾਲ ਅਤੇ ਬੀਬੀ ਹਰਦੀਸ਼ ਕੌਰ ਦੇ ਗ੍ਰਹਿ ਵਿਖੇ ਇਕ ਬੇਟੇ ਪਰਮਜੀਤ ਸਿੰਘ ਅਤੇ ਦੋ ਬੇਟੀਆਂ ਤਰਨਦੀਪ ਕੌਰ ਤੇ ਹਰਮਨ ਕੌਰ ਨੇ ਜਨਮ ਲਿਆ । ਬੇਟੇ ਪਰਮਜੀਤ ਸਿੰਘ ਧਾਲੀਵਾਲ ਨੇ ਪਿਤਾ ਜੀ ਦੀ ਵਿਰਾਸਤ ਨੂੰ ਸਾਂਭਣ ਲਈ ਸ਼ਾਟਪੁੱਟ ਖੇਡ ਵਿੱਚ ਨੈਸ਼ਨਲ ਜਿਤਾਂ ਪ੍ਰਾਪਤ ਕਰਦੇ ਹੋਏ ਖੇਡਾਂ ਵਿਚ ਹੀ ਪੀਐਚਡੀ ਕੀਤੀ ਅਤੇ ਅੱਜ ਕਲ ਚੰਡੀਗੜ੍ਹ ਵਿਖੇ ਹੀ ਇੰਟਰਨੈਸ਼ਨਲ ਸ਼ਾਟਪੁੱਟ ਕੋਚ ਵਜੋਂ ਸੇਵਾਵਾਂ ਨਿਭਾਅ ਰਹੇ ਹਨ । ਬੇਟੀ ਤਰਨਦੀਪ ਕੌਰ ਵਿਆਹ ਤੋਂ ਪਹਿਲਾਂ ਦਿਲੀ ਵਿਚ ਸ੍ਰੀ ਗੰਗਾਰਾਮ ਹਸਪਤਾਲ ਵਿਚ ਰੀਸਰਚ ਅਫਸਰ ਦੀ ਪੋਸਟ ‘ਤੇ ਰਹੇ ਹਨ ਅਤੇ ਪਰਦੀਪ ਸਿੰਘ ਕੁੰਦਲ ਨਾਲ ਵਿਆਹ ਤੋਂ ਬਾਅਦ ਪਰਿਵਾਰ ਦੀਆਂ ਜੁੰਮੇਵਾਰੀਆਂ ਨੂੰ ਬਾਖੂਬੀ ਨਿਭਾਅ ਰਹੀ ਹੈ । ਛੋਟੀ ਬੇਟੀ ਹਰਮਨ ਕੌਰ ਵੀ ਵਿਆਹੀ ਹੋਈ ਹੈ ਜੋ ਇੰਗਲੈਂਡ ਵਿਚ ਆਪਣੇ ਜੀਵਨ ਸਾਥੀ ਪ੍ਰਤਾਪ ਸਿੰਘ ਨਾਲ ਸੁਖੀ ਜੀਵਨ ਬਤੀਤ ਕਰ ਰਹੀ ।
ਧਾਲੀਵਾਲ ਦੀਆਂ ਸ਼ਾਟਪੁੱਟ ਖੇਡ ਵਿਚ ਨੈਸ਼ਨਲ ਅਤੇ ਇੰਟਰਨੈਸ਼ਨਲ ਉਪਲੱਬਧੀਆਂ:—ਬਾਬਾ ਧਾਲੀਵਾਲ ਦੀਆਂ ਖੇਡਾਂ ਦੇ ਖੇਤਰ ਵਿਚ ਨਾ ਗਿਣੀਆਂ ਜਾਣ ਵਾਲੀਆਂ ਪ੍ਰਾਪਤੀਆਂ ਹਨ ਪਰ ਫਿਰ ਵੀ ਉਚ ਪੱਧਰੀ ਉਪਲੱਬਧੀਆਂ ਦਾ ਵੇਰਵਾ ਦੇ ਰਹੇ ਹਾਂ । ਸੰਨ 1978 ‘ਚ ਨੈਸ਼ਨਲ ਸਕੂਲ ਗੇਮਜ਼ ‘ਚ ਗੋਲਡ ਮੈਡਲ, 1980 ਆਲ ਇੰਡੀਆ ਇੰਟਰ ਯੂਨੀਵਰਸਿਟੀ ਗੇਮਜ਼ ‘ਚ ਗੋਲਡ ਮੈਡਲ, 1980 ਤੋਂ 1990 ਤੱਕ 11 ਵਾਰ ਇੰਡੀਅਨ ਨੈਸ਼ਨਲ ਚੈਂਪੀਅਨਸ਼ਿਪ ‘ਚ ਨੈਸ਼ਨਲ ਚੈਂਪੀਅਨ, 1981-1992 ਤਕ ਇੰਡੀਅਨ ਨੈਸ਼ਨਲ ਅਥਲੈਟਿਕਸ ਮੀਟ ‘ਚ ਲਗਾਤਾਰ 10 ਵਾਰ ਨੈਸ਼ਨਲ ਚੈਂਪੀਅਨ, 1982 ‘ਚ ਏਸ਼ੀਅਨ ਗੇਮਜ਼ ਨਵੀਂ ਦਿੱਲੀ ਵਿਖੇ ਚੌਥੀ ਪੁਜੀਸ਼ਨ, ਕਾਮਨਵੈਲਥ ਗੇਮਜ਼ 1982 ਤੇ 1990 ‘ਚ ਭਾਗ ਲਿਆ, 1983 ‘ਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਕੁਵੈਤ ਵਿਖੇ ਸਿਲਵਰ ਮੈਡਲ, ਉਲੰਪਿਕ 1984 ‘ਚ ਲੋਸ ਏਂਜਲਸ ਵਿਖੇ ਵਰਡ ਕੱਪ ਐਥਲੈਟਿਕਸ ‘ਚ 7ਵੀਂ ਪੁਜੀਸ਼ਨ, 1985 ‘ਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਜਕਾਰਤਾ ਵਿਖੇ ਗੋਲਡ ਮੈਡਲ, 1986 ‘ਚ ਏਸ਼ੀਅਨ ਕਾਂਟੀਨੈਂਟਲ ਗੇਮਜ਼ ‘ਚ ਕਾਂਟੀਨੈਂਟਲ ਚੈਂਪੀਅਨ, 1987 ‘ਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਸਿੰਗਾਪੁਰ ਵਿਖੇ ਬਰੌਂਜ ਮੈਡਲ, 1989 ‘ਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦਿਲੀ ਵਿਖੇ ਗੋਲਡ ਮੈਡਲ ਜਿੱਤਿਆ । ਬਾਬਾ ਧਾਲੀਵਾਲ ਨੇ ਖੇਡਾਂ ਦੇ ਖੇਤਰ ‘ਚ ਕਈ ਸਰਵੋਤਮ ਅਵਾਰਡ ਪ੍ਰਾਪਤ ਕੀਤੇ:-
ਬਾਬਾ ਧਾਲੀਵਾਲ ਨੇ ਕੌਮੀ ਅਤੇ ਕੌਮਾਂਤਰੀ ਖੇਡਾਂ ਦੇ ਖੇਤਰਾਂ (ਉਲੰਪਿਕਸ ਗੇਮਜ਼, ਏਸੀਅਨ ਗੇਮਜ਼, ਕਾਮਨਵੈਲਥ ਗੇਮਜ਼) ਆਦਿ ਵਿਚ ਸ਼ਾਟਪੁੱਟ ਖੇਡ ‘ਚ ਕਈ ਰਿਕਾਰਡ ਪੈਦਾ ਕੀਤੇ ਹਨ ਜਿਸ ਕਰਕੇ ਉਨ੍ਹਾਂ ਨੂੰ ਖੇਡਾਂ ਦੇ ਖੇਤਰ ਵਿਚ ਕਈ ਉਚ ਅਵਾਰਡ ਪ੍ਰਾਪਤ ਹੋਏ । ਸੰਨ 1983 ਨੂੰ ਪੰਜਾਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਖੇਡ ਅਵਾਰਡ ਅਤੇ 1987 ਨੂੰ ਭਾਰਤ ਸਰਕਾਰ ਦੇ ਰਾਸ਼ਟਰਪਤੀ ਸ੍ਰੀ ਆਰ ਵੈਂਕਟਾਰਤਨਮ ਵਲੋਂ ਅਰਜਨਾ ਐਵਾਰਡ ਦੇਕੇ ਸਨਮਾਨਿਤ ਕੀਤਾ ਗਿਆ । ਉਨ੍ਹਾਂ ਨੂੰ ਸੰਨ 1988 ਨੂੰ ਲਿਮਕਾ ਬੁੱਕ ਆਫ ਰਿਕਾਰਡ, ਪੰਜਾਬ ਪੁਲਿਸ ਵਲੋਂ 2007 ‘ਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਅਤੇ 2010 ‘ਚ ਟਾਟਾ ਸਟੀਲ ਵਲੋਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇਕੇ ਸਨਮਾਨਿਤ ਕੀਤਾ ਗਿਆ ।
ਬਾਬਾ ਧਾਲੀਵਾਲ ਵੱਖ ਵੱਖ ਵਿਭਾਗਾਂ ‘ਚ ਉਚ ਅਹੁੱਦਿਆਂ ‘ਤੇ ਅਫਸਰ ਰਹੇ-:— ਭਾਰਤ ਦੇ ਕੌਮੀ ਅਤੇ ਕੌਮਾਂਤਰੀ ਰਿਕਾਰਡ ਹੋਲਡਰ ਸ਼ਾਟਪੁੱਟ ਅਥਲੀਟ ਬਾਬਾ ਧਾਲੀਵਾਲ ਨੂੰ 1981 ਵਿਚ ਪੰਜਾਬ ਪੁਲਿਸ ‘ਚ ਬਤੌਰ ਸਬ ਇੰਸਪੈਕਟਰ ਦੀ ਸੇਵਾ ਪ੍ਰਾਪਤ ਹੋਈ ਜਿਸ ਨੂੰ ਉਨ੍ਹਾਂ ਨੇ 2 ਸਾਲ ਬਾਅਦ ਛੱਡ ਦਿੱਤਾ । ਸੰਨ 1983 ਤੋਂ 2002 ਤਕ ਉਨ੍ਹਾਂ ਨੇ ਜਮਸ਼ੇਦਪੁਰ (ਝਾਰਖੰਡ) ਟਾਟਾ ਨਗਰ ਵਿਖੇ ਬਾਤੌਰ ਟਾਟਾ ਸਟੀਲ ਸਪੋਰਟਸ ਆਫ਼ੀਸਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਸ਼ਾਟਪੁੱਟ ਖੇਡ ਵਿਚ ਇੰਟਰਨੈਸ਼ਨਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ । ਟਾਟਾਨਗਰ ਤੋਂ ਚੰਡੀਗੜ੍ਹ ਆਕੇ ਬਾਬਾ ਵਿਰਸਾ ਸਿੰਘ ਜੀ ਗੋਬਿੰਦ ਸਦਨ ਦਿਲੀ ਵਾਲਿਆਂ ਦੀਆਂ ਅਸੀਸਾਂ ਸਦਕਾ ਗੁ: ਨਾਨਕ ਸਾਗਰ ਸਾਹਿਬ ਸੈਕਟਰ 39-ਸੀ ਨੂੰ ਲੰਮੀ ਜਦੋਜਹਿਦ ਬਾਅਦ ਪੰਥ ਦੋਖੀਆਂ ਕੋਲੋਂ ਅਜ਼ਾਦ ਕਰਵਾਇਆ ਤਾਂ ਬਾਬਾ ਜੀ ਨੇ ਉਨ੍ਹਾਂ ਨੂੰ ਗੁ: ਸਾਹਿਬ ਦੇ ਮੁੱਖ ਸੇਵਾਦਾਰ ਦੀਆਂ ਸੇਵਾਵਾਂ ਸੌਂਪ ਦਿੱਤੀਆਂ । ਗੁ: ਸਾਹਿਬ ਦੀਆਂ ਸੇਵਾਵਾਂ ਦੇ ਨਾਲ ਨਾਲ ਉਨ੍ਹਾਂ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸ਼ਾਟਪੁੱਟ ਖੇਡ ਸੈਂਟਰ ਵਿਚ ਸ਼ਾਟਪੁੱਟ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ ।
ਲੇਖਕ-ਪ੍ਰੋ ਬਾਬਾ ਨਿਰਮਲ ਸਿੰਘ ਰੰਧਾਵਾ


