Jun 9, 2026

Screenshot

(ਕੈਰੀ ਲਿਨ ਫਿਨਲੀ 30 ਮਈ ਸਨਿੱਚਰਵਾਰ ਨੂੰ ਬੀ ਸੀ ਦੀ ਕਨਜ਼ਰਵੇਟਿਵ ਪਾਰਟੀ ਦੀ ਲੀਡਰ ਚੁਣੀ ਗਈ ਹੈ। ਉਸ ਰਾਤ ਨੂੰ ਇਕ ਚਿੱਟੇ ਕੌਮਵਾਦੀ (ਵਾਈਟ ਨੈਸ਼ਨਲਿਸਟ) ਨੌਜਵਾਨ ਟਿੱਪਣੀਕਾਰ ਨਾਲ ਖਿਚਵਾਈ ਗਈ ਇਕ ਫੋਟੋ ਦੇ ਸਾਹਮਣੇ ਆਉਣ `ਤੇ ਫੋਟੋ ਬਾਰੇ ਇਕ ਵਿਵਾਦ ਖੜ੍ਹਾ ਹੋ ਗਿਆ। ਇਸ ਸੰਬੰਧ ਵਿੱਚ ਆਨਲਾਈਨ ਸਾਈਟ ‘ਟਾਈ” ਉੱਤੇ 3 ਜੂਨ ਨੂੰ ਇਕ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਹੈ। ਪੰਜਾਬੀ ਪਾਠਕਾਂ ਲਈ ਇਸ ਰਿਪੋਰਟ ਦਾ ਅਨੁਵਾਦ ਪੇਸ਼ ਹੈ।)

ਲੇਖਕ: ਜੈਨ ਸਟੀ ਡੈਨਿਸ

ਅਨੁਵਾਦ: ਸੁਖਵੰਤ ਹੁੰਦਲ

ਕੈਰੀ-ਲਿਨ ਫਿਨਲੀ ਵਲੋਂ ਬੀ. ਸੀ. ਦੀ ਕੰਜ਼ਰਵੇਟਿਵ ਪਾਰਟੀ ਦੀ ਲੀਡਰ ਬਣਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਪਹਿਲਾਂ ਹੀ ਨਸਲੀ ਕਰਾਰ ਦਿੱਤਾ ਜਾ ਰਿਹਾ ਸੀ, ਜਦੋਂ ਉਸ ਨੇ ਲੀਡਰ ਦੀ ਚੋਣ ਵਾਲੀ ਰਾਤ ਨੂੰ ਇਕ ਚਿੱਟੇ ਕੌਮਵਾਦੀ (ਵਾਈਟ ਨੈਸ਼ਨਲਿਸਟ) ਨੌਜਵਾਨ ਟਿੱਪਣੀਕਾਰ ਨਾਲ ਫੋਟੋ ਖਿਚਵਾਈ।

ਪਾਰਟੀ ਦਾ ਕਹਿਣਾ ਹੈ ਕਿ ਫਿਨਲੀ ਨੂੰ ਸ਼ਨੀਵਾਰ ਸ਼ਾਮ ਨੂੰ ਫੋਟੋ ਖਿੱਚੇ ਜਾਣ ਵੇਲੇ ਪਤਾ ਨਹੀਂ ਸੀ ਕਿ ਮੈਕਸ ਜਿਨੈਸਟ ਕੌਣ ਸੀ, ਜਿਹੜਾ ਉਹਨਾਂ ਦਰਜਨਾਂ ਉਤਸ਼ਾਹੀ ਸਮਰਥਕਾਂ ਵਿੱਚ ਸ਼ਾਮਲ ਸੀ ਜੋ ਨਵੀਂ ਆਗੂ ਨਾਲ ਸੈਲਫੀ ਲੈਣ ਲਈ ਉਤਸੁਕ ਸਨ।

ਪਰ ਇਹ ਫੋਟੋ ਆਪਣੇ ਚਿੱਟੇ ਕੌਮਵਾਦੀ ਵਿਚਾਰਾਂ ਬਾਰੇ ਆਨਲਾਈਨ ਖੁੱਲ੍ਹ ਕੇ ਗੱਲਬਾਤ ਕਰਨ ਵਾਲੇ ਨੌਜਵਾਨ ਸੋਸ਼ਲ ਮੀਡੀਆ ਟਿੱਪਣੀਕਾਰ ਜਿਨੈਸਟ ਲਈ ਇੱਕ ਟਰਾਫੀ ਸੀ। ਜਿਨੈਸਟ ਵਾਰ-ਵਾਰ ਚਿੱਟੇ ਲੋਕਾਂ ਦੀ ਘੱਟ ਰਹੀ ਅਬਾਦੀ ਦੇ ਖਤਰਿਆਂ ਬਾਰੇ ਪੋਸਟਾਂ ਪਾਉਂਦਾ ਹੈ, ਕੈਨੇਡਾ ਦੇ ਸਾਊਥ ਏਸ਼ੀਅਨ ਸਿਆਸਤਦਾਨਾਂ ਨੂੰ ਡਿਪੋਰਟ ਕਰਨ ਦੀ ਗੱਲ ਕਰਦਾ ਹੈ, ਇੰਮੀਗ੍ਰੈਂਟਾਂ ਨੂੰ ਵੱਡੀ ਪੱਧਰ `ਤੇ ਡਿਪੋਰਟ ਕੀਤੇ ਜਾਣ ਦਾ ਸਮਰਥਨ ਕਰਦਾ ਹੈ ਅਤੇ ਸਮਲਿੰਗੀ ਲੋਕਾਂ ਵਿਰੋਧੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ।

ਮਈ ਮਹੀਨੇ ਵਿੱਚ ਐਕਸ ‘ਤੇ ਪਾਈ ਇੱਕ ਪੋਸਟ ਵਿੱਚ ਜਿਨੈਸਟ ਨੇ ਇੱਕ ਮੂਲਵਾਸੀ ਕਾਰਕੁਨ ਨੂੰ ਕਿਹਾ, “ਚਿੱਟੇ ਯੂਰਪੀਅਨਾਂ ਤੋਂ ਬਿਨਾਂ, ਤੁਸੀਂ ਅਜੇ ਵੀ ਪੱਥਰ ਯੁੱਗ ਦੇ ਜੰਗਲੀਆਂ ਵਾਂਗ ਰਹਿ ਰਹੇ ਹੋਣਾ ਸੀ।” ਐਕਸ `ਤੇ ਹੀ 16 ਮਈ ਨੂੰ ਕਿਸੇ ਵਲੋਂ ਪਾਈ ਗਈ ਇਕ ਪੋਸਟ, ਜਿਸ ਵਿੱਚ ਪੁੱਛਿਆ ਗਿਆ ਸੀ ਕਿ ਕੀ ਭਾਰਤ ਤੋਂ ਆਉਣ ਵਾਲੇ ਸੈਲਾਨੀ ਕੈਨੇਡਾ ਵਿੱਚ ਸੁਰੱਖਿਅਤ ਮਹਿਸੂਸ ਕਰਨਗੇ, ਦੇ ਜਵਾਬ ਵਿੱਚ ਉਸ ਨੇ ਲਿਖਿਆ ਸੀ, “ਸਾਡਾ ਨਸਲਵਾਦ ਨੂੰ ਵਧਾਉਣ ਦਾ ਕਾਰਜ ਕੰਮ ਕਰ ਰਿਹਾ ਹੈ। ਹਿਮਾਇਤ ਕਰਨ ਵਾਲਿਓ ਆਪਣਾ ਕੰਮ ਜਾਰੀ ਰੱਖੋ।”

ਲੀਡਰਸ਼ਿੱਪ ਦੀਆਂ ਵੋਟਾਂ ਵਾਲੇ ਦਿਨ, ਜਿਨੈਸਟ ਨੇ ਲੀਡਰ ਦੀ ਚੋਣ ਵਾਲੀ ਵੈਨਕੂਵਰ ਵਿਚਲੀ ਥਾਂ ਦੇ ਅੰਦਰੋਂ ਤਸਵੀਰਾਂ ਪੋਸਟ ਕੀਤੀਆਂ, ਅਤੇ ਫਿਰ ਫਿਨਲੀ ਨਾਲ ਬੈਠੇ ਦੀ ਆਪਣੇ ਇੱਕ ਤਸਵੀਰ ਪੋਸਟ ਕੀਤੀ, ਜਿਸ ਦੇ ਹੇਠਾਂ ਲਿਖਿਆ ਸੀ, “ਅੱਜ ਰਾਤ ਅਸੀਂ @KoryCPC ਨੂੰ ਵਾਪਸ ਓਨਟਾਰੀਓ ਨੂੰ ਡਿਪੋਰਟ ਕਰ ਦਿੱਤਾ ਹੈ।” ਕੋਰੀ ਟੈਨੇਕੀ ਸਟੀਫਨ ਹਾਰਪਰ ਦੀ ਸਰਕਾਰ ਵਿੱਚ ਇੱਕ ਤਾਕਤਵਰ ਸ਼ਖ਼ਸੀਅਤ ਸੀ ਅਤੇ ਓਨਟਾਰੀਓ ਵਿੱਚ ਡੱਗ ਫੋਰਡ ਦੀਆਂ ਦੋ ਸਫਲ ਚੋਣ ਮੁਹਿੰਮਾਂ ਦਾ ਮੈਨੇਜਰ ਸੀ, ਅਤੇ ਲੀਡਰਸ਼ਿੱਪ ਦੀ ਦੌੜ ਦੇ ਚੌਥੇ ਦੌਰ ਵਿੱਚ ਮਾਮੂਲੀ ਫਰਕ ਨਾਲ ਹਾਰਨ ਵਾਲੀ ਕੈਰੋਲਾਈਨ ਇਲੀਅਟ ਦੀ ਚੋਣ ਮੁਹਿੰਮ ਦਾ ਮੈਨੇਜਰ ਸੀ।

ਜਿਨੈਸਟ ਨੇ ਟਾਈ ਦੁਆਰਾ ਇੰਟਰਵਿਊ ਲਈ ਭੇਜੀ ਗਈ ਬੇਨਤੀ ਦਾ ਕੋਈ ਜਵਾਬ ਨਹੀਂ ਦਿੱਤਾ।

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਐਗਜ਼ੈਕਟਿਵ ਡਾਇਰੈਕਟਰ ਐਂਜਲੋ ਇਸੀਦੋਰੂ ਨੇ ਟਾਈ ਨੂੰ ਈਮੇਲ ਰਾਹੀਂ ਦੱਸਿਆ “ਸ਼੍ਰੀਮਤੀ ਫਿਨਲੀ ਉਸ ਵਿਅਕਤੀ ਬਾਰੇ ਨਹੀਂ ਜਾਣਦੀ ਜਿਸ ਬਾਰੇ ਸਵਾਲ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਆਗੂਆਂ ਵਾਂਗ, ਉਹ ਹਰੇਕ ਵਿਅਕਤੀ ਦੇ ਪਿਛੋਕੜ ਬਾਰੇ ਜਾਣੇ ਬਿਨਾਂ ਸੈਂਕੜੇ ਲੋਕਾਂ ਨਾਲ ਤਸਵੀਰਾਂ ਖਿਚਵਾਉਂਦੀ ਹੈ।”

ਜਦੋਂ ਟਾਈ ਨੇ ਇਸੀਦੋਰੂ ‘ਤੇ ਦਬਾਅ ਪਾਇਆ ਕਿ ਕੀ ਪਾਰਟੀ ਜਿਨੈਸਟ ਦੇ ਪ੍ਰਗਟਾਏ ਵਿਚਾਰਾਂ ਬਾਰੇ ਕੋਈ ਬਿਆਨ ਦੇਣਾ ਚਾਹੁੰਦੀ ਹੈ, ਤਾਂ ਉਸ ਨੇ ਲਿਖਿਆ, “ਅਸੀਂ ਕਿਸੇ ਵੀ ਨਸਲੀ ਜਾਂ ਪੱਖਪਾਤੀ ਵਿਚਾਰਾਂ ਨੂੰ ਰੱਦ ਕਰਦੇ ਹਾਂ।”

ਬੀ. ਸੀ. ਦੇ ਇਕ ਕੰਜ਼ਰਵੇਟਿਵ ਜੌਨਾਥਨ ਰੌਸ ਨੇ ਐਕਸ ‘ਤੇ ਕਿਹਾ ਸੀ ਕਿ ਜਿਨੈਸਟ ਦਾ ਪਾਰਟੀ ਦੀ ਲੀਡਰਸਿ਼ੱਪ ਦੇ ਚੋਣ ਸਮਾਗਮ ਵਿੱਚ “ਸੁਆਗਤ ਨਹੀਂ” ਸੀ। ਉਸ ਨੇ ਟਾਈ ਨੂੰ ਦੱਸਿਆ, “ਮੈਂ ਉਸ ਦੇ ਘਿਣਾਉਣੇ ਵਿਚਾਰਾਂ ਨੂੰ ਪੂਰੇ ਦਿਲ ਨਾਲ ਰੱਦ ਕਰਦਾ ਹਾਂ ਅਤੇ ਬ੍ਰਿਟਿਸ਼ ਕੋਲੰਬੀਆ ਦੀ ਕੰਜ਼ਰਵੇਟਿਵ ਪਾਰਟੀ ਅਤੇ ਇਸ ਦੀ ਨਵੀਂ ਲੀਡਰ ਕੈਰੀ ਲਿਨ ਫਿਨਲੀ ਵੀ ਇਸ ਤਰ੍ਹਾਂ ਕਰਦੀ ਹੈ।”

ਕੈਨੇਡੀਅਨ ਐਂਟੀ-ਹੇਟ ਨੈੱਟਵਰਕ ਦੇ ਐਗਜ਼ੈਕਟਿਵ ਡਾਇਰੈਕਟਰ ਈਵਾਨ ਬਾਲਗੋਰਡ ਨੇ ਕਿਹਾ ਕਿ ਜਿਨੈਸਟ ਦਾ ਵਿਹਾਰ ਚਿੱਟੇ ਕੌਮਵਾਦੀਆਂ (ਵਾਈਟ ਨੈਸ਼ਨਲਿਸਟਸ) ਵਲੋਂ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਨੂੰ ਪ੍ਰਭਾਵਿਤ ਕਰਨ ਲਈ ਹਾਲ ਹੀ ਵਿੱਚ ਕੀਤੀਆਂ ਕੋਸ਼ਿਸ਼ਾਂ ਨਾਲ ਮੇਲ ਖਾਂਦਾ ਹੈ। ਕੈਨੇਡਾ ਦੀ 20 ਪ੍ਰਤੀਸ਼ਤ ਆਬਾਦੀ ਨੂੰ ਦੇਸ਼ ਨਿਕਾਲਾ ਦੇਣ ਦਾ ਸੁਨੇਹਾ ਦੇ ਰਹੀ ਇਕ ਸੰਸਥਾ ਡੁਮੀਨੀਅਨ ਸੁਸਾਇਟੀ ਨੇ ਹਾਲ ਹੀ ਵਿੱਚ ਫੈਡਰਲ ਕੰਜ਼ਰਵੇਟਿਵਾਂ ਦੀ ਕਨਵੈਨਸ਼ਨ ਵਿੱਚ ਇਕ ਬੈਨਰ ਲਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ, ਜਿਸ ਬੈਨਰ `ਤੇ ਲਿਖਿਆ ਹੋਇਆ ਸੀ “ਕੀ ਬਚਾਉਣਾ ਹੈ?” ਅਤੇ “ਹੁਣ ਹੀ ਪੁਨਰ-ਪਰਵਾਸ (ਰੀਮਾਈਗ੍ਰੇਸ਼ਨ) “।

ਚਿੱਟੇ ਕੌੰਮਵਾਦੀਆਂ ਦੀਆਂ ਸੰਸਥਾਵਾਂ “ਪੁਨਰ-ਪਰਵਾਸ (ਰੀਮਾਈਗ੍ਰੇਸ਼ਨ)” ਸ਼ਬਦ ਦੀ ਵਰਤੋਂ ਵੱਡੀ ਪੱਧਰ ‘ਤੇ ਕੀਤੇ ਜਾਣ ਵਾਲੇ ਦੇਸ਼ ਨਿਕਾਲਿਆਂ (ਮਾਸ ਡਿਪੋਰਟੇਸ਼ਨਜ਼) ਲਈ ਵਰਤਦੀਆਂ ਹਨ, ਖਾਸ ਤੌਰ ‘ਤੇ ਗੈਰ-ਚਿੱਟੇ ਇੰਮੀਗ੍ਰੈਂਟਾਂ ਦੇ ਦੇਸ਼ ਨਿਕਾਲਿਆਂ ਲਈ।

ਬਾਲਗੋਰਡ ਨੇ ਕਿਹਾ “ਉਨ੍ਹਾਂ ਦੀ ਰਣਨੀਤੀ ਇਹ ਹੈ ਕਿ ਆਪਣੀ ਸਿਆਸਤ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਵਿਚਾਰਾਂ ਨੂੰ, ਜਿਸ ਹੱਦ ਤੱਕ ਵਧਾਇਆ ਜਾ ਸਕਦਾ ਹੋਵੇ, ਉਸ ਹੱਦ ਤੱਕ ਅੱਗੇ ਵਧਾਇਆ ਜਾਵੇ, ਅਤੇ ਅਸਰ ਪਾਇਆ ਜਾਵੇ।” ਬਾਲਗੋਰਡ ਨੇ ਇਹ ਵੀ ਦੱਸਿਆ ਕਿ ਜਿਨੈਸਟ ਨੇ ਵਿਨੀਪੈੱਗ ਦੇ ਆਲੇ-ਦੁਆਲੇ ਪੋਸਟਰ ਲਗਾ ਕੇ ਡੁਮੀਨੀਅਨ ਸੁਸਾਇਟੀ ਦਾ ਸਮਰਥਨ ਕੀਤਾ ਹੈ।

ਫਿਨਲੀ ਅਤੇ ਇਲੀਅਟ ਦੋਵਾਂ ਨੇ ਲੀਡਰਸਿ਼ੱਪ ਲਈ ਆਪਣੀਆਂ ਚੋਣ ਮੁਹਿੰਮਾਂ ਦੌਰਾਨ ਇੱਕ ਸਮਾਜਿਕ ਤੌਰ ‘ਤੇ ਕਨਜ਼ਰਵੇਟਿਵ ਨਜ਼ਰੀਆ ਪੇਸ਼ ਕੀਤਾ ਸੀ, ਜਿਸ ਵਿੱਚ ਸਕੂਲਾਂ ਵਿਚਲੀ ਬੀ ਸੀ ਦੀ ਸੈਕਸੁਅਲ ਓਰੀਏਨਟੇਸ਼ਨ ਐਂਡ ਜੈਂਡਰ ਆਈਡੈਂਟਿਟੀ (ਕਾਮੁਕ ਰੁਚੀ ਅਤੇ ਲਿੰਗਕ ਪਛਾਣ) ਦੀ ਪਾਲਸੀ ਅਤੇ ਜਾਇਦਾਦ ਦੇ ਅਧਿਕਾਰਾਂ ਬਾਰੇ ਡਰ ਪੈਦਾ ਕਰਨ ਵਾਲੇ ਅਦਾਲਤੀ ਫੈਸਲਿਆਂ ਦੇ ਮੱਦੇਨਜ਼ਰ ਮੂਲਵਾਸੀ ਅਧਿਕਾਰਾਂ (ਇਨਡਿਜਨਸ ਰਾਈਟਸ) ਦਾ ਵਿਰੋਧ ਕਰਨਾ ਸ਼ਾਮਲ ਸੀ।

ਫਿਨਲੀ ਇੱਕ ਵਕੀਲ ਹੈ ਅਤੇ ਸਾਊਥ ਸਰੀ-ਵਾਈਟ ਰੌਕ ਦੇ ਹਲਕੇ ਤੋਂ ਕਨਜ਼ਰਵੇਟਿਵ ਪਾਰਟੀ ਦੀ ਸਾਬਕਾ ਐਮ ਪੀ ਰਹਿ ਚੁੱਕੀ ਹੈ ਅਤੇ ਉਸ ਨੇ ਸਟੀਫਨ ਹਾਰਪਰ ਦੀ ਸਰਕਾਰ ਵਿੱਚ ਕੈਬਿਨਟ ਮੰਤਰੀ ਵਜੋਂ ਸੇਵਾ ਨਿਭਾਈ ਸੀ। ਲੀਡਰਸ਼ਿੱਪ ਦੀ ਚੋਣ ਮੁਹਿੰਮ ਦੌਰਾਨ ਉਸ ਨੂੰ ਉਸ ਸਮੇਂ ਵਿਆਪਕ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਸ ਨੇ ਆਪਣੇ ਵਿਰੋਧੀ ਪੀਟਰ ਮਿਲੋਬਾਰ ਬਾਰੇ ਸਵਾਲ ਉਠਾਇਆ ਸੀ ਕਿ ਉਸ ਦਾ ਫਸਟ ਨੇਸ਼ਨਜ਼ ਨਾਲ ਸਬੰਧਤ ਭਵਿੱਖ ਦੇ ਸਰਕਾਰੀ ਫੈਸਲਿਆਂ ਵਿੱਚ ਹਿੱਤਾਂ ਦਾ ਟਕਰਾਅ ਹੋ ਸਕਦਾ ਹੈ ਕਿਉਂਕਿ ਉਸ ਦੇ ਪਰਿਵਾਰਕ ਮੈਂਬਰ ਮੂਲਵਾਸੀ ਹਨ।

ਫਿਨਲੀ ਦੀ ਜਿੱਤ ਦੇ ਪ੍ਰਤੀਕਰਮ ਵਜੋਂ, ਬੀ.ਸੀ. ਦੀ ਐਨ.ਡੀ.ਪੀ. ਨੇ ਉਸ ਟਿੱਪਣੀ ਕਾਰਨ ਇਕਦਮ ਉਸ ਦੀ ਮੁਹਿੰਮ ਨੂੰ ਨਸਲੀ ਕਰਾਰ ਦਿੱਤਾ ਸੀ।

ਫਿਨਲੀ ਨੇ ਇਸ ਦੇ ਜੁਆਬ ਵਿੱਚ ਕਿਹਾ “ਉਹ ਜੋ ਕਹਿੰਦੇ ਹਨ, ਕਹਿਣ ਦਿਉ। ਮੇਰਾ ਮੰਨਣਾ ਹੈ ਕਿ ਐਨ. ਡੀ. ਪੀ. ਵਾਲੇ ਵਿਚਾਰਕ ਤੌਰ `ਤੇ ਕੱਟੜ ਹਨ — ਉਹ ਅੱਤਵਾਦੀ ਹਨ।”

ਜਿਨੈਸਟ ਫਿਨਲੀ ਦੀ ਪੂਰੀ ਮੁਹਿੰਮ ਦੌਰਾਨ ਉਸ ਦਾ ਸਮਰਥਕ ਸੀ ਅਤੇ ਉਸ ਨੇ ਇੱਕ ਵੀਡੀਓ ਪੋਸਟ ਕਰਕੇ ਦੱਸਿਆ ਸੀ ਕਿ ਉਹ ਫਿਨਲੀ ਦਾ ਸਮਰਥਨ ਕਿਉਂ ਕਰਦਾ ਹੈ। ਇਸ ਵੀਡੀਓ ਵਿੱਚ ਉਹ ਕਹਿੰਦਾ ਹੈ ਕਿ ਗੌਰਡਨ ਕੈਂਬਲ ਦੀ ਸਰਕਾਰ ਦੌਰਾਨ ਵਿਧਾਨ ਸਭਾ ਦੇ ਸਟਾਫ ਦਾ ਮੈਂਬਰ ਰਹੀ ਅਤੇ ਲੰਮੇ ਸਮੇਂ ਤੋਂ ਬੀ ਸੀ ਦੀ ਲਿਬਰਲ ਪਾਰਟੀ ਲਈ ਵਾਲੰਟੀਅਰ ਵਜੋਂ ਕੰਮ ਕਰਨ ਵਾਲੀ ਇਲੀਅਟ ਨੂੰ ਫੈਡਰਲ ਕਨਜ਼ਰਵੇਟਿਵਾਂ ਦੀ “ਸਥਾਪਤੀ” ਤੋਂ ਮਿਲਿਆ ਸਮਰਥਨ ਇਸ ਗੱਲ ਦਾ ਸੰਕੇਤ ਸੀ ਕਿ ਉਸ ਦੀ ਮੁਹਿੰਮ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਉਹ ਮਿਲੋਬਾਰ ਦੇ ਮੂਲਵਾਸੀ ਪਰਿਵਾਰਕ ਮੈਂਬਰਾਂ ਬਾਰੇ ਫਿਨਲੀ ਦੀਆਂ ਟਿੱਪਣੀਆਂ ਦੀ ਆਲੋਚਨਾ ਕਰਨ ਵਾਲੇ ਦੂਜੇ ਕਨਜ਼ਰਵੇਟਿਵਾਂ ਵਲੋਂ “ਤਾਲਮੇਲ ਕਰਕੇ ਕੀਤੇ ਹਮਲਿਆਂ” ਬਾਰੇ ਵੀ ਸਿ਼ਕਾਇਤ ਕਰਦਾ ਹੈ। ਵੀਡੀਓ ਦੇ ਅੰਤ ਵਿੱਚ ਜਿਨੈਸਟ ਪ੍ਰਵਾਨਗੀ ਭਰੇ ਢੰਗ ਨਾਲ ਇਕ ਫੋਟੋ ਵਿੱਚ ਫਿਨਲੀ ਨਾਲ ਬੈਠੇ “ਨੌਜਵਾਨ ਚਿੱਟੇ ਜ਼ੂਮਰ” ਮਰਦ ਵੱਲ ਧਿਆਨ ਦਿਵਾਉਂਦਾ ਹੈ ਕਿ ਉਸ ਨੇ ਰੈੱਡ ਐਨਸਾਈਨ ਲਾਇਆ ਹੋਇਆ ਹੈ। ਜਿਨੈਸਟ ਸਮਝਦਾ ਹੈ ਕਿ ਇਹ ਨੌਜਵਾਨ ਫਿਨਲੀ ਦੀ ਮੁਹਿੰਮ ਨਾਲ ਸੰਬੰਧਿਤ ਹੈ। (ਨੋਟ ਕਰੋ ਕਿ ‘ਜ਼ੂਮਰ’ 1997 ਅਤੇ 2012 ਵਿਚਕਾਰ ਜਨਮੇ ਜਨਰੇਸ਼ਨ ਜ਼ੈੱਡ ਨਾਲ ਸੰਬੰਧਿਤ ਲੋਕਾਂ ਨੂੰ ਕਿਹਾ ਜਾਂਦਾ ਹੈ- ਅਨੁਵਾਦਕ)। ਰੈੱਡ ਐਨਸਾਈਨ (ਬਰਤਾਨੀਆ ਦਾ ਸਮੁੰਦਰੀ ਝੰਡਾ) 1967 ਵਿੱਚ ਮੇਪਲ ਦੇ ਪੱਤੇ ਵਾਲੇ ਝੰਡੇ ਦੇ ਅਪਨਾਏ ਜਾਣ ਤੋਂ ਪਹਿਲਾਂ ਕੈਨੇਡਾ ਦਾ ਝੰਡਾ ਹੁੰਦਾ ਸੀ ਜਿਸ ਨੂੰ ਚਿੱਟੇ ਕੌਮਵਾਦੀਆਂ ਵਲੋਂ ਵੱਲੋਂ ਇੱਕ ਪ੍ਰਤੀਕ ਵਜੋਂ ਅਪਣਾਇਆ ਗਿਆ ਹੈ।

ਬੀ.ਸੀ. ਦੀ ਕੰਜ਼ਰਵੇਟਿਵ ਪਾਰਟੀ ਨੇ ਟਾਈ ਵਲੋਂ ਪੁੱਛੇ ਗਏ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਕੀ ਫੋਟੋ ਵਿੱਚ ਮੌਜੂਦ ਵਿਅਕਤੀ ਫਿਨਲੀ ਦੀ ਚੋਣ ਮੁਹਿੰਮ ਦੀ ਟੀਮ ਦਾ ਮੈਂਬਰ ਹੈ।

ਬਾਲਗੋਰਡ ਨੇ ਕਿਹਾ ਕਿ ਜਦੋਂ ਅਤਿਵਾਦੀ ਵਿਚਾਰਾਂ ਵਾਲੇ ਲੋਕ ਆਪਣੇ ਆਪ ਨੂੰ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਨਾਲ ਜੋੜਨ ਵਿੱਚ ਕਾਮਯਾਬ ਹੋ ਜਾਂਦੇ ਹਨ, ਤਾਂ ਉਹਨਾਂ ਪਾਰਟੀਆਂ ਨੂੰ ਉਹਨਾਂ ਦੇ ਨਸਲਵਾਦੀ ਵਿਚਾਰਾਂ ਨੂੰ ਰੱਦ ਕਰਨ ਦੀ ਲੋੜ ਹੁੰਦੀ ਹੈ।

ਬਾਲਗੋਰਡ ਨੇ ਅੱਗੇ ਕਿਹਾ “ਉਹਨਾਂ (ਮੁੱਖ ਧਾਰਾ ਦੀਆਂ ਪਾਰਟੀਆਂ) ਨੂੰ ਉਹਨਾਂ (ਅਤਿਵਾਦੀ ਵਿਚਾਰਾਂ ਵਾਲੇ ਲੋਕਾਂ) ਦੇ ਅਜੰਡੇ ਦੀ ਸਪਸ਼ਟ ਤੌਰ `ਤੇ ਨਿਖੇਧੀ ਕਰਨੀ ਚਾਹੀਦੀ ਹੈ, ਜੋ ਸਿਰਫ ਇਹ ਕਹਿਣ ਜਿੰਨਾ ਸੌਖਾ ਹੈ ਕਿ ‘ਮੈਂ ਵਿਆਪਕ ਨਸਲਵਾਦੀ ਦੇਸ਼ ਨਿਕਾਲਿਆਂ (ਡਿਪੋਰਟਸ਼ਨਾਂ) ਦਾ ਵਿਰੋਧ ਕਰਦੀ ਹਾਂ ਅਤੇ ਇਹਨਾਂ ਦਾ ਕਦੇ ਵੀ ਸਮਰਥਨ ਨਹੀਂ ਕਰਾਂਗੀ।'”

Leave a Reply

Your email address will not be published. Required fields are marked *