ਚੰਡੀਗਡ਼੍ਹ-
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਕਾ ਨੀਲਾ ਤਾਰਾ ਬਾਰੇ ਮਹਾਰਾਸ਼ਟਰ ਦੇ ਮੰਤਰੀ ਵੱਲੋਂ ਦਿੱਤੇ ਬਿਆਨ ਨੂੰ ਉਨ੍ਹਾਂ ਦਾ ਨਿੱਜੀ ਵਿਚਾਰ ਦੱਸਿਆ ਹੈ। ਸ਼ਾਹ ਇਥੇ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਨਿਤਿਨ ਨਬੀਨ ਵੱਲੋਂ ਸੰਪਾਦਕਾਂ ਤੇ ਸੀਨੀਅਰ ਪੱਤਰਕਾਰਾਂ ਨਾਲ ਮੋਦੀ ਸਰਕਾਰ ਦੀਆਂ 12 ਸਾਲਾਂ ਦੀਆਂ ਉਪਲਬਧੀਆਂ ਬਾਰੇ ਰੱਖੇ ਸਮਾਗਮ ਦੌਰਾਨ ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਵੱਲੋਂ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਕੌਸ਼ਲ ਨੇ ਸਵਾਲ ਕੀਤਾ ਸੀ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਦਮਦਮੀ ਟਕਸਾਲ ਦੇ ਸਮਾਗਮ ਦੌਰਾਨ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਗਿਰੀਸ਼ ਮਹਾਜਨ ਨੇ ‘ਸਾਕਾ ਨੀਲਾ ਤਾਰਾ’ ਨੂੰ ਹਮਲਾ ਦੱਸਿਆ ਸੀ। ਮੰਤਰੀ ਨੇ 6 ਜੂਨ ਨੂੰ ਇਕ ਸਮਾਗਮ ਦੌਰਾਨ ਸਾਕਾ ਨੀਲਾ ਤਾਰਾ ਦੌਰਾਨ ਫੌਜ ਵੱਲੋਂ ਲੜਨ ਵਾਲਿਆਂ ਨੂੰ ਸ਼ਹੀਦ ਤੇ ਫੌਜੀ ਕਾਰਵਾਈ ਨੂੰ ਹਮਲਾ ਕਰਾਰ ਦਿੱੱਤਾ ਸੀ। ਮਹਾਜਨ ਦੇ ਇਸ ਬਿਆਨ ਨਾਲ ਪੰਜਾਬ ਵਿੱਚ ਪੈਰ ਲਾਉਣ ਲਈ ਜ਼ੋਰ ਅਜ਼ਮਾਈ ਕਰ ਰਹੀ ਭਾਜਪਾ ਮੁਸ਼ਕਲ ਵਿੱਚ ਫਸ ਗਈ ਸੀ।
ਐੱਨ ਡੀ ਏ ਸਰਕਾਰ ਦੇ 12 ਸਾਲ ਪੂਰੇ ਹੋਣ ’ਤੇ ਮਹੱਤਵਪੂਰਨ ਮੀਟਿੰਗ ਭਲਕੇ ਦਿੱਲੀ ਵਿੱਚ ਹੋਵੇਗੀ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਸਭ ਤੋਂ ਲੰਮੇ ਸਮੇਂ ਤੱਕ ਚੁਣੇ ਗਏ ਪ੍ਰਧਾਨ ਮੰਤਰੀ ਰਹਿਣ ਦਾ ਜਸ਼ਨ ਮਨਾਇਆ ਜਾਵੇਗਾ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਸਮੇਤ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅਤੇ ਐੱਨ ਡੀ ਏ ਭਾਈਵਾਲਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਮੌਕੇ ਪ੍ਰਸਤਾਵ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਵਿੱਚ ਮੋਦੀ ਦੀ ਇਸ ਉਪਲਬਧੀ ਦੀ ਪ੍ਰਸ਼ੰਸਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਜੂਨ ਨੂੰ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ 4,399 ਦਿਨਾਂ ਤਕ ਲਗਾਤਾਰ ਪ੍ਰਧਾਨ ਮੰਤਰੀ ਰਹਿਣ ਦਾ ਰਿਕਾਰਡ ਤੋੜਨਗੇ। 2014 ਵਿੱਚ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਅਤੇ 2019 ਤੇ 2024 ਵਿੱਚ ਉਹ ਮੁੜ ਚੁਣੇ ਗਏ। ਇਹ ਮੀਟਿੰਗ ਦਿੱਲੀ ਦੇ ਭਾਰਤ ਮੰਡਪਮ ਵਿੱਚ ਹੋਵੇਗੀ, ਜਿਸ ਵਿੱਚ 22 ਐੱਨ ਡੀ ਏ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸ਼ਾਮਲ ਹੋਣਗੇ। ਕੇਂਦਰੀ ਮੰਤਰੀਆਂ ਵਿੱਚ ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਹੋਰ ਆਗੂ ਵੀ ਹਾਜ਼ਰ ਰਹਿਣਗੇ।
