ਗਊ ਗਰੀਬ ਦੀ ਰੱਖਿਆ ਤੋਂ ਪਾਬੰਦੀ ਤੱਕ ਪੁੱਜੀ ਆਵਾਜ਼–
–ਮਨਿੰਦਰ ਸਿੰਘ ਗਿੱਲ—
ਸਰੀ (ਕੈਨੇਡਾ)- ਪੰਜ ਕਕਾਰ ਇੱਕ ਸਿੱਖ ਦੀ ਧਾਰਮਿਕ ਪਹਿਚਾਣ ਦਾ ਅਨਿਖੜਵਾਂ ਅੰਗ ਹਨ, ਇਹਨਾਂ ਪੰਜੇ ਕਕਾਰਾਂ ਵਿੱਚੋਂ ਕਿਰਪਾਨ ਇਤਿਹਾਸਿਕ ਰੂਪ ਵਿੱਚ ਦਸਮੇਸ਼ ਪਿਤਾ ਵੱਲੋਂ ਸਾਨੂੰ ਜ਼ੁਲਮ ਦਾ ਟਾਕਰਾ ਕਰਨ ਲਈ ਬਖਸ਼ੀ ਗਈ ਸੀ। ਸ਼ਸਤਰ ਨਾਮ ਮਾਲਾ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ “ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ, ਸਾਹਿਬ ਸਰੋਹੀ ਸਹਥੀ ਯਹੈ ਹਮਾਰੇ ਪੀਰ”, ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਹੇਤ ਚੁੱਕੇ ਗਏ ਸਾਰੇ ਹੀ ਸ਼ਸਤਰਾਂ ਨੂੰ ਆਪਣੇ ਪੀਰ ਦਾ ਦਰਜਾ ਦੇ ਕੇ ਸ਼ਾਸਤਰਾਂ ਨੂੰ ਇੱਕ ਬਹੁਤ ਹੀ ਸਤਿਕਾਰਤ ਸਥਾਨ ਦਿੱਤਾ ਹੈ। ਆਧੁਨਿਕ ਕਾਲ ਵਿੱਚ ਸਿੱਖ ਭਾਈਚਾਰੇ ਨੇ ਸਾਰੀ ਦੁਨੀਆਂ ਵਿੱਚ ਪ੍ਰਵਾਸ ਕੀਤਾ ਅਤੇ ਆਪਣੀਆਂ ਜੜਾਂ ਪੱਛਮੀ ਮੁਲਕਾਂ ਵਿੱਚ ਵੀ ਲਾਈਆਂ। ਇਸ ਸਮੇਂ ਤੱਕ ਕਿਰਪਾਨ ਸਾਡੀ ਮਰਿਆਦਾ ਦੇ ਕਾਰਨ ਇੱਕ ਸਾਬਤ ਸੂਰਤ ਸਿੱਖ ਦਾ ਮੰਨੋ ਸਰੀਰ ਦਾ ਹੀ ਇੱਕ ਅੰਗ ਬਣ ਚੁੱਕੀ ਸੀ, ਇਸ ਲਈ ਸਾਰੇ ਪੱਛਮੀ ਮੁਲਕਾਂ ਵਿੱਚ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਦੇ ਚਲਦੇ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਮਿਲਿਆ ਸੀ ਤੇ ਇਸ ਅਧਿਕਾਰ ਲਈ ਸਿੱਖਾਂ ਨੂੰ ਲੰਮੇ ਸੰਘਰਸ਼ ਵੀ ਕਰਨੇ ਪਏ ਸਨ। ਹਾਲ ਹੀ ਵਿੱਚ ਯੂਕੇ ਵਿੱਚ ਹੋਏ ਹੈਨਰੀ ਨੋਵੈਕ ਕਤਲ ਕਾਂਡ, ਜਿਸ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਵਿਕਰਮ ਦਿਗਬਾ ਵੱਲੋਂ ਇੱਕ ਕਿਰਚ ਨੁਮਾ ਹਥਿਆਰ ਨਾਲ ਵਾਰ ਕਰਕੇ ਹੈਨਰੀ ਨੋਬੈਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਹੈਨਰੀ ਨੋਵੈਕ ਉੱਤੇ ਨਸਲੀ ਹਮਲਾ ਕਰਨ ਦੇ ਝੂਠੇ ਇਲਜ਼ਾਮ ਲਗਾ ਦਿੱਤੇ ਗਏ, ਜਿਸ ਦੇ ਚਲਦੇ ਜਖਮੀ ਪਏ 18 ਸਾਲ ਦੇ ਹੈਨਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਹੈਨਰੀ ਨੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਇੰਗਲੈਂਡ ਅਤੇ ਸਾਰੀ ਦੁਨੀਆਂ ਵਿੱਚ ਜਿੱਥੇ ਪਹਿਲਾਂ ਹੀ ਸੱਜੇ ਪੱਖੀ ਸਿਆਸਤ ਦੇ ਕਾਰਨ ਪ੍ਰਵਾਸੀ ਭਾਈਚਾਰੇ ਦੇ ਖਿਲਾਫ ਨਫਰਤ ਅਤੇ ਹਿੰਸਾ ਉਭਾਰ ਵਿੱਚ ਸੀ, ਉੱਥੇ ਇਸ ਘਟਨਾ ਨੂੰ ਕੁਝ ਸੱਜੇ ਪੱਖੀ ਸਿਆਸਤਦਾਨਾਂ ਵੱਲੋਂ ਇੱਕ ਬਹਾਨਾ ਬਣਾ ਕੇ ਸਿੱਖਾਂ ਦੀਆਂ ਧਾਰਮਿਕ ਆਜ਼ਾਦੀਆਂ ਖੋਹਣ ਦੀ ਮੰਗ ਕੀਤੀ ਜਾ ਰਹੀ ਹੈ। ਇੰਗਲੈਂਡ ਦੀ ਰੀਸਟੋਰ ਪਾਰਟੀ ਦੇ ਐਮਪੀ ਰੂਪਰਟ ਲੋਅ ਨੇ ਤਾਂ ਕਿਰਪਾਨ ਉੱਤੇ ਬੈਨ ਲਾਉਣ ਦੀ ਮੰਗ ਤੱਕ ਕਰ ਦਿੱਤੀ। ਰੂਪਰਟ ਲੋਅ ਦੇ ਇਹਨਾਂ ਵਿਤਕਰੇ ਭਰੇ ਬਿਆਨਾਂ ਨੂੰ ‘ਐਕਸ’ ਦੇ ਮਾਲਕ ਈਲੋਨ ਮਸਕ ਨੇ ਰੀਟਵੀਟ ਕਰਕੇ ਇੱਕ ਭਰੋਸੇਯੋਗਤਾ ਦਿੱਤੀ, ਉਥੇ ਇਹ ਮਸਲਾ ਅਮਰੀਕਾ ਅਤੇ ਯੂਕੇ ਵਿੱਚ ਡਿਪਲੋਮੈਟਿਕ ਤਣਾਅ ਦਾ ਕਾਰਨ ਵੀ ਬਣ ਗਿਆ ਕਿਉਂਕਿ ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇਡੀ ਵੈਨਸ ਨੇ ਇਸ ਮਸਲੇ ਨੂੰ ਉਭਾਰ ਕੇ ਆਪਣੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕੀਤਾ ਤਾਂ ਯੂਕੇ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੂੰ ਇੱਕ ਬਿਆਨ ਦੇ ਕੇ ਜੇਡੀ ਵੈਂਸ ਨੂੰ ਯੂਕੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦੇਣ ਦੀ ਤਾਕੀਦ ਕਰਨੀ ਪਈ।
ਯੂਕੇ ਦਾ ਸਿੱਖ ਭਾਈਚਾਰਾ ਇਸ ਮਸਲੇ ਦੇ ਇੰਨੀ ਤੂਲ ਫੜ ਜਾਣ ਤੋਂ ਬਾਅਦ ਫਿਕਰਾਂ ਵਿੱਚ ਡੁੱਬਿਆ ਹੋਇਆ ਹੈ ਕਿ ਇਸ ਮਸਲੇ ਨੂੰ ਜਰੀਆ ਬਣਾ ਕੇ ਉਹਨਾਂ ਦੇ ਖਿਲਾਫ ਇੱਕ ਨਫਰਤ ਦੀ ਲਹਿਰ ਨਾ ਉੱਠ ਪਵੇ। ਲੇਬਰ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਬਾਰ-ਬਾਰ ਇਹ ਦੁਹਰਾਇਆ ਹੈ ਕਿ ਇਹ ਇੱਕ ਆਪਸੀ ਝਗੜੇ ਦੀ ਘਟਨਾ ਨੂੰ ਲੈ ਕੇ ਸਮੁੱਚੇ ਭਾਈਚਾਰੇ ਦੇ ਖਿਲਾਫ ਨਫਰਤ ਨਾ ਫੈਲਾਈ ਜਾਵੇ ਪਰ ਨਫਰਤ ਦੀ ਰਾਜਨੀਤੀ ਕਰਨ ਵਾਲੇ ਅਤੇ ਸਮਾਜ ਦੇ ਵਿੱਚ ਧਰੁਵੀਕਰਨ ਕਰਨ ਵਾਲੀਆਂ ਤਾਕਤਾਂ ਇਸ ਮਸਲੇ ਨੂੰ ਸਿਆਸੀ ਤੌਰ ਉੱਤੇ ਵਰਤਣ ਲਈ ਤਤਪਰ ਹਨ।
ਇੱਥੇ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ ਯੂਕੇ ਵਿੱਚ ਕੋਈ ਵੀ ਲਿਖਤੀ ਸੰਵਿਧਾਨ ਨਹੀਂ ਹੈ ਤੇ ਯੂਕੇ ਦਾ ਪਾਰਲੀਮੈਂਟ ਪੂਰੀ ਤਰ੍ਹਾਂ ਕਾਨੂੰਨ ਬਣਾਉਣ ਲਈ ਆਜ਼ਾਦ ਹੈ। ਯੂਕੇ ਵਿੱਚ ਸਿੱਖਾਂ ਦੀ ਕਿਰਪਾਨ ਧਾਰਨ ਕਰਨ ਦੀ ਆਜ਼ਾਦੀ ਦਾ ਮੁੱਢ ਉਥੋਂ ਦੇ ਫੌਜਦਾਰੀ ਕਾਨੂੰਨਾਂ ਵਿੱਚ ਸਿੱਖਾਂ ਨੂੰ ਦਿੱਤੀ ਹੋਈ ਛੋਟ ਹੈ। ਅੱਜ ਲੇਬਰ ਸਰਕਾਰ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਧਾਰਮਿਕ ਅਧਿਕਾਰਾਂ ‘ਤੇ ਪਾਬੰਦੀ ਲਾਉਣ ਦੇ ਰੌਂਅ ਵਿੱਚ ਨਹੀਂ ਪਰ ਜੇ ਕੱਲ੍ਹ ਨੂੰ ਯੂਕੇ ਵਿੱਚ ਰਿਸਟੋਰ ਜਾਂ ਰਿਫੋਰਮ ਵਰਗੀ ਪਾਰਟੀ ਦਾ ਉਭਾਰ ਹੁੰਦਾ ਹੈ ਤਾਂ ਸਿੱਖਾਂ ਦੀ ਧਾਰਮਿਕ ਆਜ਼ਾਦੀ ਖਤਰੇ ਵਿੱਚ ਪੈ ਸਕਦੀ ਹੈ। ਜੇ ਗੱਲ ਕੈਨੇਡਾ ਦੀ ਕਰੀਏ ਤਾਂ ਕੈਨੇਡਾ ਇੱਕ ਅਜਿਹਾ ਮੁਲਕ ਹੈ ਜਿੱਥੇ ਧਾਰਮਿਕ ਆਜ਼ਾਦੀ ਨੂੰ ਚਾਰਟਰ ਰਾਈਟਸ ਰਾਹੀਂ ਸੁਰੱਖਿਅਤ ਕੀਤਾ ਗਿਆ ਹੈ ਚਾਰਟਰ ਰਾਈਟਸ ਦੀ ਧਾਰਾ-2 ਜਿੱਥੇ ਲੋਕਾਂ ਨੂੰ ਧਾਰਮਿਕ ਆਜ਼ਾਦੀ ਪ੍ਰਦਾਨ ਕਰਦੀ ਹੈ ਉੱਥੇ ਹੀ ਧਾਰਾ-1 ਸਰਕਾਰ ਨੂੰ ਧਾਰਮਿਕ ਆਜ਼ਾਦੀ ਉੱਤੇ ਜਾਇਜ਼ ਪਾਬੰਦੀਆਂ ਲਾਉਣ ਦਾ ਅਧਿਕਾਰ ਦਿੰਦੀ ਹੈ। ਕੈਨੇਡਾ ਵਿੱਚ ਕਿਰਪਾਨ ਦਾ ਮਸਲਾ ਉਦੋਂ ਬਹਿਸ ਵਿੱਚ ਆਇਆ ਸੀ ਜਦੋਂ ਗੁਰਬਾਜ ਸਿੰਘ ਮੁਲਤਾਨੀ ਨਾਮ ਦੇ ਇੱਕ ਵਿਦਿਆਰਥੀ ਦੇ ਕਿਰਪਾਨ ਧਾਰਨ ਕਰਨ ਦੇ ਅਧਿਕਾਰ ‘ਤੇ ਕਿਊਬਿਕ ਦੇ ਇੱਕ ਸਕੂਲ ਬੋਰਡ ਨੇ ਰੋਕ ਲਗਾ ਦਿੱਤੀ ਸੀ। ਗੁਰਬਾਜ ਸਿੰਘ ਮੁਲਤਾਨੀ ਇਸ ਫੈਸਲੇ ਖਿਲਾਫ ਕੈਨੇਡਾ ਦੀ ਸੁਪਰੀਮ ਕੋਰਟ ਵਿੱਚ ਗਿਆ ਸੀ ਜਿੱਥੋਂ ਅਦਾਲਤ ਨੇ ਫੈਸਲਾ ਗੁਰਬਾਜ ਸਿੰਘ ਮੁਲਤਾਨੀ ਦੇ ਹੱਕ ਵਿੱਚ ਕਰ ਦਿੱਤਾ ਅਤੇ ਇਹ ਗੱਲ ਆਖੀ ਕਿ ਕਿਰਪਾਨ ਧਾਰਨ ਕਰਨਾ ਉਸ ਦੀ ਧਾਰਮਿਕ ਆਜ਼ਾਦੀ ਹੈ ਪਰ ਕਿਰਪਾਨ ਦੇ ਉੱਤੇ ਜਾਇਜ਼ ਨਿਯਮ ਸਰਕਾਰ ਲਾਗੂ ਕਰ ਸਕਦੀ ਹੈ, ਜਿਸ ਤਰ੍ਹਾਂ ਕਿਰਪਾਨ ਦੀ ਲੰਬਾਈ ਅਤੇ ਇਹ ਕਿਹਾ ਗਿਆ ਕਿ ਮੁਲਤਾਨੀ ਕਿਰਪਾਨ ਕੱਪੜਿਆਂ ਦੇ ਅੰਦਰ ਹੀ ਧਾਰਨ ਕਰੇਗਾ ਅਤੇ ਉਸਨੂੰ ਕੱਪੜੇ ਦੇ ਨਾਲ ਸਿਉ ਕੇ ਰੱਖਿਆ ਜਾਵੇਗਾ ਸੋ ਅਦਾਲਤ ਦੇ ਫੈਸਲਿਆਂ ਦੀ ਰੌਸ਼ਨੀ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਕੈਨੇਡਾ ਵਿੱਚ ਸਿੱਖਾਂ ਦੇ ਧਾਰਮਿਕ ਅਧਿਕਾਰ ਸੁਰੱਖਿਅਤ ਹਨ। ਜੇ ਗੱਲ ਅਸੀਂ ਭਾਰਤ ਦੀ ਕਰੀਏ ਤਾਂ ਭਾਰਤ ਦੇ ਸੰਵਿਧਾਨ ਦੀ ਧਾਰਾ 25 ਸਿੱਖਾਂ ਨੂੰ ਕਿਰਪਾਨ ਪਹਿਨਣ ਅਤੇ ਧਾਰਨ ਕਰਨ ਦੋਹਾਂ ਦੀ ਆਜ਼ਾਦੀ ਪ੍ਰਤੱਖ ਰੂਪ ਵਿੱਚ ਦਿੰਦੀ ਹੈ। ਦੁਨੀਆ ਵਿੱਚ ਕਿਰਪਾਨ ਧਾਰਨ ਕਰਨ ਦੇ ਕਾਨੂੰਨੀ ਅਧਿਕਾਰ ਨੂੰ ਇੱਕ ਸੰਵਿਧਾਨਿਕ ਜਾਮਾ ਪਹਿਨਾਉਣ ਵਾਲਾ ਭਾਰਤ ਇੱਕੋ ਇੱਕ ਮੁਲਕ ਹੈ ਜਿੱਥੇ ਸਿੱਖਾਂ ਦਾ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਸਭ ਤੋਂ ਜਿਆਦਾ ਮਜਬੂਤੀ ਨਾਲ ਕਾਨੂੰਨ ਹੀ ਨਹੀਂ ਬਲਕਿ ਸੰਵਿਧਾਨ ਵਿੱਚ ਵੀ ਦਰਜ ਹੈ। ਇੱਥੇ ਵਿਡੰਬਨਾ ਇਹ ਹੈ ਕਿ ਜਿਹੜੀ ਧਾਰਾ 25 ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਸੰਵਿਧਾਨਿਕ ਹੱਕ ਦਿੰਦੀ ਹੈ ਉਸੇ ਧਾਰਾ 25 ਦੇ ਖਿਲਾਫ ਸਿੱਖਾਂ ਦੀਆਂ ਸਿਆਸੀ ਪਾਰਟੀਆਂ ਨੇ ਝੰਡਾ ਚੁੱਕੀ ਰੱਖਿਆ ਹੈ ਤੇ ਸਿੱਖਾਂ ਨੂੰ ਧਾਰਾ 25 ਸਬੰਧੀ ਭੰਬਲਭੂਸੇ ਵਿੱਚ ਪਾਇਆ। ਇਨ੍ਹਾਂ ਸਿਆਸੀ ਲੋਕਾਂ ਨੇ ਸਦਾ ਇਹ ਗਲਤ ਪ੍ਰਚਾਰ ਕੀਤਾ ਕਿ ਧਾਰਾ 25 ਸਿੱਖਾਂ ਨੂੰ ਹਿੰਦੂ ਕਹਿੰਦੀ ਹੈ ਅਤੇ ਸਿੱਖ ਧਰਮ ਦੇ ਵੱਖਰੇ ਹੋਣ ਨੂੰ ਮਾਨਤਾ ਨਹੀਂ ਦਿੰਦੀ ਜੋਕਿ ਸਰਾਸਰ ਗਲਤ ਬਿਆਨੀ ਹੈ, ਕਿਉਂਕਿ ਧਾਰਾ 25 ਵਿੱਚ ਹਿੰਦੂ, ਸਿੱਖ, ਜੈਨ ਅਤੇ ਬੌਧ ਧਰਮ ਨੂੰ ਸਿਰਫ ਇੱਕ ਵਿਸ਼ੇਸ਼ ਸੰਦਰਭ ਲਈ ਹੀ ਹਿੰਦੂ ਦੀ ਪਰਿਭਾਸ਼ਾ ਵਿੱਚ ਰੱਖਿਆ ਗਿਆ ਹੈ ਅਤੇ ਉਹ ਵਿਸ਼ੇਸ਼ ਧਰਮ ਹੈ ਧਾਰਮਿਕ ਸਥਾਨਾਂ ਉੱਤੇ ਜਾਤ ਪਾਤ ਖਤਮ ਕਰਨਾ ਅਤੇ ਧਾਰਮਿਕ ਸਥਾਨਾਂ ਨੂੰ ਹਰੇਕ ਜਾਤੀ ਦੇ ਵਿਅਕਤੀ ਦੇ ਲਈ ਖੋਲਣਾ। ਸਿੱਖ ਧਰਮ ਸਥਲ ਤਾਂ ਪਹਿਲਾਂ ਹੀ ਚਹੁੰ ਵਰਨਾਂ ਦੇ ਲਈ ਖੁੱਲੇ ਹਨ ਸੋ ਇਸ ਵਿਸ਼ੇਸ਼ ਸੰਦਰਭ ਨੂੰ ਲੈ ਕੇ ਵੀ ਸਿੱਖਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਘਬਰਾਹਟ ਨਹੀਂ ਹੋਣੀ ਚਾਹੀਦੀ ਸੀ। ਜਦੋਂ ਧਾਰਾ 25 ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਦੇ ਰਹੀ ਹੈ ਹੈ ਤਾਂ ਕੀ ਕੋਈ ਕਿਰਪਾਨ ਧਾਰਨ ਕਰਨ ਵਾਲਾ ਵਿਅਕਤੀ ਹਿੰਦੂ ਰਹਿ ਸਕਦਾ ਹੈ ਜਾਂ ਫਿਰ ਉਹ ਖਾਲਸਾ ਪੰਥ ਦੇ ਵਿੱਚ ਸ਼ਮੂਲੀਅਤ ਕਰ ਜਾਂਦਾ ਹੈ ? ਇਹ ਸਵਾਲ ਦਾ ਜਵਾਬ ਧਾਰਮਿਕ ਵਿਦਵਾਨ ਸਿੱਖਾਂ ਨੂੰ ਜਰੂਰ ਦੇਣ ਕਿ ਕਿਉਂ ਇਸ ਧਾਰਾ 25 ਨੂੰ ਲੈ ਕੇ ਸਿੱਖਾਂ ਨੂੰ ਪਿਛਲੇ ਪੰਜ ਦਹਾਕਿਆਂ ਤੋਂ ਅੱਜ ਤੱਕ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਬੇਲੋੜੇ ਸ਼ੰਕੇ ਸਿੱਖ ਮਨਾਂ ਦੇ ਵਿੱਚ ਪਾ ਕੇ ਅਲਹਿਦਗੀ ਅਤੇ ਬੇਗਾਨਗੀ ਦੀ ਭਾਵਨਾ ਨੂੰ ਬੇਲੋੜਾ ਪ੍ਰਬਲ ਕੀਤਾ ਜਾ ਰਿਹਾ ਹੈ?
ਇੱਥੇ ਇੱਕ ਵੱਡਾ ਸਵਾਲ ਇਹ ਵੀ ਉਠਦਾ ਹੈ ਕਿ ਕਦੇ ਗਊ ਗਰੀਬ ਦੀ ਰੱਖਿਆ ਲਈ ਕਿਰਪਾਨ ਨੂੰ ਇੱਕ ਪਵਿੱਤਰ ਹਥਿਆਰ ਵੱਜੋਂ ਮਾਨਤਾ ਮਿਲਦੀ ਸੀ ਬਾਰੇ ਤੇਜ਼ੀ ਨਾਲ ਬਦਲ ਰਹੀ ਲੋਕ ਰਾਇ ਦਾ ਆਖਰ ਕਾਰਨ ਕੀ ਹੈ ? ਇਸ ਸਵਾਲ ਤੇ ਸਾਨੂੰ ਵੀ ਆਪਣੇ ਅੰਦਰ ਝਾਤ ਪਾਉਣ ਦੀ ਲੋੜ ਹੈ ਕਿਉਂਕਿ ਅਸੀਂ ਜਿਸ ਤਰ੍ਹਾਂ ਆਪਸੀ ਝਗੜਿਆਂ ਤੇ ਗੋਲਕਾਂ ਦੇ ਵਿਵਾਦ ‘ਤੇ ਕਿਰਪਾਨਾਂ ਲਹਿਰਾ ਕੇ ਖਰੂਦ ਪਾਉਂਦੇ ਹਾਂ ਉਸਨੇ ਸਥਾਨਿਕ ਭਾਈਚਾਰਿਆਂ ਵਿੱਚ ਇਸ ਪਵਿੱਤਰ ਕਕਾਰ ਨੂੰ ਡਰ ਦਾ ਬਿੰਬ ਬਣਾ ਦਿੱਤਾ ਹੈ। ਉਹ ਵੀ ਵੇਲਾ ਸੀ ਜਦੋਂ ਕਿਸੇ ਬੱਸ ਜਾਂ ਪੂਰੀ ਰੇਲ ਗੱਡੀ ਵਿਚ ਜੇਕਰ ਇੱਕ ਵੀ ਸਿੱਖ ਸਵਾਰੀ ਮੌਜੂਦ ਹੁੰਦੀ ਸੀ ਤਾਂ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਸੀ ਪਰ ਅੱਜ ਅਸੀਂ ਆਪਣੀਆਂ ਹਰਕਤਾਂ ਕਰਕੇ ਇਸ ਨਿਆਰੇ ਰੂਪ ਨੂੰ ਤ੍ਰਿਸਕਾਰ ੜਾ ਪਾਤਰ ਬਣਾ ਦਿੱਤਾ ਹੈ। ਅਸੀਂ ਸਿਰ ਜੋੜਕੇ ਕਿਉਂ ਨਹੀਂ ਸੋਚਦੇ ਕਿ ਜਦੋਂ ਦੁਨੀਆਂ ਭਰ ਦੇ ਸਮਾਜ ਵਿਰੋਧੀ ਕਾਰੇ ਚਾਹੇ ਉਹ ਲੁੱਟ ਖੋਹ ਹੋਵੇ, ਨਸ਼ੇ ਦੀ ਤਸਕਰੀ ਹੋਵੇ ਜਾਂ ਚੋਰੀ ਦੀਆਂ ਵਾਰਦਾਤਾਂ ਵਿਚ ਸਾਡੇ ਹੀ ਭਾਈਵੰਦਾ ਦੀਆਂ ਦਸਤਾਰ ਅਤੇ ਗਾਤਰਿਆਂ ਸਮੇਤ ਤਸਵੀਰਾਂ ਕਿਉਂ ਛਪਦੀਆਂ ਹਨ ?
ਇਹ ਸਾਰੇ ਵਿਵਾਦ ਵਿੱਚ ਅੱਜ ਸਰਬੱਤ ਦੇ ਭਲੇ ਦੇ ਫਲਸਫੇ ਮੁਤਾਬਿਕ ਦੇਸ਼ਾਂ ਵਿਦੇਸ਼ਾਂ ਵਿੱਚ ਵੱਸੀ ਸਿੱਖ ਸੰਗਤ ਨੂੰ ਇਕੱਤਰਿਤ ਹੋ ਕੇ ਆਪਣੇ ਧਾਰਮਿਕ ਚਿੰਨਾਂ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਾਂਤਮਈ ਢੰਗ ਦੇ ਨਾਲ ਆਪਣਾ ਪੱਖ ਰੱਖਣਾ ਚਾਹੀਦਾ ਹੈ ਅਤੇ ਹਰੇਕ ਭਾਈਚਾਰੇ ਨੂੰ ਸਿੱਖਾਂ ਦੇ ਸਮਾਜ ਨਿਰਮਾਣ ਵਿੱਚ ਯੋਗਦਾਨ ਅਤੇ ਧਾਰਮਿਕ ਅਕੀਦੇ ਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਸਿੱਖਾਂ ਨੂੰ ਨਾ ਸਿਰਫ ਆਪਣੀ ਧਾਰਮਿਕ ਆਜ਼ਾਦੀ ਬਲਕਿ ਹੋਰ ਜਿੰਨੇ ਵੀ ਪਰਤਾੜਿਤ ਹੋ ਰਹੇ ਪ੍ਰਵਾਸੀ ਭਾਈਚਾਰੇ ਨੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨਾ ਚਾਹੀਦਾ ਹੈ ਤਾਂ ਕਿ ਇੱਕ ਅਜਿਹਾ ਸਮਾਜ ਸਿਰਜਿਆ ਜਾ ਸਕੇ ਜਿੱਥੇ ਹਰੇਕ ਵਿਅਕਤੀ ਨੂੰ ਸ਼ਾਂਤਮਈ ਢੰਗ ਨਾਲ ਆਪਣੇ ਧਰਮ ਨੂੰ ਮੰਨਣ ਔਰ ਆਪਣੇ ਧਾਰਮਿਕ ਅਕੀਦੇ ਦਾ ਆਦਰ ਮਾਣ ਕਰਨ ਦੀ ਖੁੱਲ ਹੋਵੇ।
ਮੈਨਜਿੰਗ ਡਾਇਰੈਕਟਰ,
ਰੇਡੀਓ ਇੰਡੀਆ, ਸਰੀ (ਬੀਸੀ) ਕੈਨੇਡਾ

