Jun 12, 2026

ਟੋਰਾਂਟੋ ( ਦੇ ਪ੍ਰ ਬਿ)- ਅੱਜ ਸਵੇਰੇ ਪੰਜਾਬ ਤੋਂ ਟੋਰਾਂਟੋ ਏਅਰਪੋਰਟ ਤੇ ਪੁੱਜੇ ਸੀਨੀਅਰ ਯੂਥ ਅਕਾਲੀ ਆਗੂ  ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਰੋਕੇ ਜਾਣ ਅਤੇ ਪੁੱਛ ਪੜਤਾਲ ਉਪਰੰਤ ਵਾਪਿਸ ਭੇਜੇ ਜਾਣ ਦੀ ਖਬਰ ਹੈ। ਸੂਤਰਾਂ ਮੁਤਾਬਿਕ ਉਹ ਸ੍ਰੋਮਣੀ ਅਕਾਲੀ ਦਲ ਵੈਸਟ ਕੈਨੇਡਾ ਅਤੇ ਯੂਥ ਅਕਾਲੀ ਵਰਕਰਾਂ ਵਲੋਂ ਵੱਖ ਵੱਖ ਸ਼ਹਿਰਾਂ ਵਿਚ ਕਰਵਾਏ ਜਾਣ ਵਾਲੇ ਐਨ ਆਰ ਆਈ ਸਮਰਥਕਾਂ ਦੇ ਇਕੱਠਾਂ ਵਿਚ ਸ਼ਾਮਲ ਹੋਣ ਆ ਰਹੇ ਸਨ। ਖਬਰ ਹੈ ਕਿ ਅਕਾਲੀ ਆਗੂ ਨੇ ਏਅਪੋਰਟ ਤੇ ਪੁੱਛਗਿਛ ਦੌਰਾਨ ਭਾਵੇਂ ਆਪਣਾ ਇਥੇ ਆਉਣ ਦਾ ਮਕਸਦ ਸੋਸ਼ਲ ਵਿਜਟ ਦੱਸਿਆ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਉਪਰ ਜਾਰੀ ਹੋਏ ਅਕਾਲੀ ਆਗੂਆਂ ਦੀ ਕੈਨੇਡਾ ਫੇਰੀ ਸਬੰਧੀ ਪੋਸਟਰਾਂ ਦੇ ਹਵਾਲੇ ਨਾਲ ਇਸਨੂੰ ਕੈਨੇਡੀਅਨ ਨਿਯਮਾਂ ਦੇ ਵਿਰੁਧ ਦਸਦਿਆਂ ਐਂਟਰੀ ਤੋਂ ਇਨਕਾਰ ਕਰ ਦਿੱਤਾ। ਉਹਨਾਂ ਖਿਲਾਫ ਪੰਜਾਬ ਵਿਚ ਕੋਈ ਕੇਸ ਦਰਜ ਹੋਣ ਦਾ ਵੀ ਜਿਕਰ ਕੀਤਾ ਗਿਆ ਜਿਸ ਲਈ ਉਹਨਾਂ ਕੋਲ ਵਿਦੇਸ਼ ਆਉਣ ਲਈ ਪੁਲਿਸ ਕਲੀਅਰੈਂਸ ਨਹੀ ਸੀ। ਉਹਨਾਂ ਨੂੰ ਏਅਰਪੋਰਟ ਤੇ ਰੋਕੇ ਜਾਣ ਦਾ ਪਤਾ ਲੱਗਣ ਦੇ ਉਹਨਾਂ ਦੇ ਕੁਝ ਨੇੜਲੇ ਸਾਥੀਆਂ ਅਤੇ ਇਕ ਸਥਾਨਕ ਐਮ ਪੀ ਵਲੋਂ ਏਅਰਪੋਰਟ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ। ਸੂਤਰਾਂ ਮੁਤਾਬਿਕ ਤੜਕੇ ਸਵੇਰੇ ਏਅਰਪੋਰਟ ਤੇ ਪੁੱਜੇ ਅਕਾਲੀ ਆਗੂ ਨੂੰ ਦੁਪਹਿਰ ਤੱਕ ਵਾਪਸੀ ਫਲਾਈਟ ਤੇ ਰਵਾਨਾ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਅਕਾਲੀ ਦਲ ਦੇ ਸਮਰਥਕਾਂ ਵਲੋਂ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਵਿਚ ਅਕਾਲੀ ਦਲ ਦੇ 10 ਮੈਂਬਰੀ ਵਫਦ ਦੇ ਸਵਾਗਤ ਅਤੇ ਸਿਆਸੀ ਕਾਨਫਰੰਸਾਂ ਕੀਤੇ ਜਾਣ ਲਈ ਪ੍ਰੋਗਰਾਮ ਐਲਾਨੇ ਗਏ ਹਨ। ਇਹਨਾਂ ਮੁਤਾਬਿਕ ਅਕਾਲੀ ਆਗੂਆਂ ਵਲੋਂ ਅਕਾਲੀ ਦਲ ਦੇ ਐਨ ਆਰ ਆਈ ਸਮਰਥਕਾਂ ਨਾਲ ਸਰੀ, ਲੈਂਗਲੀ, ਕੈਲਗਰੀ, ਐਡਮਿੰਟਨ, ਵਿੰਨੀਪੈਗ, ਓਟਵਾ ਅਤੇ ਬਰੈਂਪਟਨ ਵਿਚ ਪ੍ਰੋਗਰਾਮ ਰੱਖੇ ਗਏ ਹਨ। ਅਕਾਲੀ ਆਗੂਆਂ ਦੇ ਵਫਦ ਵਿਚ ਸ਼ਾਮਿਲ  ਹੁਣ ਤੱਕ ਸ ਗੁਰਪ੍ਰੀਤ ਸਿੰਘ ਝੱਬਰ, ਬਰਜਿੰਦਰ ਸਿੰਘ ਮੱਖਣ ਬਰਾੜ, ਹਰਜਾਪ ਸਿੰਘ ਸੰਘਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਸਤਵਿੰਦਰ ਸਿੰਘ ਢੱਟ ਦੇ ਇਥੇ ਪੁੱਜਣ ਦੀ ਖਬਰ ਹੈ।

 

 

 

Leave a Reply

Your email address will not be published. Required fields are marked *