Jun 12, 2026

ਪਰਵਾਸੀ ਪੰਜਾਬੀਆਂ ਦੀ ਅਕਾਲੀ ਦਲ ਨਾਲ ਨੇੜਤਾ ਤੋਂ ਆਪ ਨੂੰ ਪ੍ਰੇਸ਼ਾਨੀ- 

ਚੰਡੀਗੜ- ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੂੰ ਕੈਨੇਡਾ ’ਚ ਐਂਟਰੀ ਨਾ ਮਿਲਣ ਪਿੱਛੇ ‘ਆਪ’ ਦੀ ਬੌਖਲਾਹਟ ਨੂੰ ਜਿੰਮੇਵਾਰ ਦੱਸਿਆ ਹੈ। ਅਕਾਲੀ ਦਲ ਨੇ ਕਿਹਾ ‘ਆਪ’ ਸਰਕਾਰ ਖ਼ੁਦ ਤਾਂ ਪਰਵਾਸੀ ਭਾਈਚਾਰੇ ਬਾਰੇ ਕੁੱਝ ਵੀ ਕਰ ਨਹੀਂ ਸਕੀ ਹੈ ਅਤੇ ਬੇਪਰਦ ਹੋਣ ਦੇ ਡਰੋਂ ‘ਆਪ’ ਨੇ ਅਕਾਲੀ ਆਗੂ ਰੋਮਾਣਾ ਖ਼ਿਲਾਫ਼ ਕੈਨੇਡਾ ਦੇ ਅਧਿਕਾਰੀਆਂ ਕੋਲ ਝੂਠੀ ਸ਼ਿਕਾਇਤ ਕਰ ਦਿੱਤੀ। ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਸਫ਼ਲ ਦੌਰੇ ਕੀਤੇ ਹਨ ਜਿਸ ਤੋਂ ਆਮ ਆਦਮੀ ਪਾਰਟੀ  ਦੀ ਸਰਕਾਰ  ਘਬਰਾਹਟ ’ਚ ਆ  ਗਈ ਹੈ।

ਕਲੇਰ ਨੇ ਦੱਸਿਆ ਕਿ ਕੌਂਸਲ ਚੋਣਾਂ ਦੌਰਾਨ ਫ਼ਰੀਦਕੋਟ ਵਿਖੇ ਪਰਮਬੰਸ ਸਿੰਘ ਰੋਮਾਣਾ ਦੇ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਸੀ ਜਿਸ ’ਚ ਰੋਮਾਣਾ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ ਤੇ ਉਨ੍ਹਾਂ ਨੇ ਵਿਦੇਸ਼ ਜਾਣ ਲਈ ਅਦਾਲਤ ਤੋਂ ਪ੍ਰਵਾਨਗੀ ਵੀ ਲਈ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਫ਼ਦ ਵੱਲੋਂ ਐੱਨ ਆਰ ਆਈ ਭਾਈਚਾਰੇ ਨਾਲ ਮੁਲਾਕਾਤ ਕਰਨ ਵਾਸਤੇ ਕੈਨੇਡਾ ਜਾਣ ਦਾ ਜਦੋਂ ‘ਆਪ’ ਸਰਕਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਰਾਹ ਰੋਕਣ ਵਾਸਤੇ ਝੂਠੀ ਸ਼ਿਕਾਇਤ ਭੇਜ ਦਿੱਤੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਅਕਾਲੀ ਦਲ ਦੇ ਵਫ਼ਦ ਦਾ ਦੌਰਾ ਰੋਕਣ ਵਾਸਤੇ ਪੂਰੀ ਵਾਹ ਲਗਾਈ। ‘ਆਪ’ ਦੀ ਝੂਠੀ ਸ਼ਿਕਾਇਤ ’ਤੇ ਹੀ ਰੋਮਾਣਾ ਦੀ ਕੈਨੇਡਾ ’ਚ ਐਂਟਰੀ ਰੋਕੀ ਗਈ।

ਕਲੇਰ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਅਜਿਹਾ ਕਰਨਾ ਐਨ ਆਰ ਆਈ ਭਾਈਚਾਰੇ ਦਾ ਅਪਮਾਨ ਹੈ ਜਿਨ੍ਹਾਂ ਦੇ ਸੱਦੇ ’ਤੇ ਰੋਮਾਣਾ ਕੈਨੇਡਾ ਜਾ  ਰਹੇ  ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਵਫ਼ਦ ਸਿਰਫ਼ ਐਨ ਆਰ ਆਈ ਭਾਈਚਾਰੇ ਨੂੰ ਮਿਲਣ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਐੱਨ ਆਰ ਆਈ ਸੰਮੇਲਨ ਕਰਵਾ ਕੇ ਅਤੇ ਐੱਨ ਆਰ ਆਈਜ਼ ਲਈ ਵਿਸ਼ੇਸ਼ ਪੁਲੀਸ ਥਾਣੇ ਸਥਾਪਿਤ ਕਰ ਪ੍ਵਾਸੀ ਭਾਈਚਾਰੇ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਗਿਆ ਸੀ ਪ੍ਰੰਤੂ ‘ਆਪ’ ਸਰਕਾਰ ਨੇ ਪਰਵਾਸੀ ਭਾਈਚਾਰੇ ਲਈ ਕੱਖ ਵੀ  ਨਹੀਂ ਕੀਤਾ। ਇਸ ਮੌਕੇ ਪੰਜਾਬ ਦੇ ਇਕ-ਦੋ ਚੈਨਲਾਂ ਵਲੋਂ ਪਰਮਬੰਸ ਸਿੰਘ ਰੋਮਾਣਾ ਬਾਰੇ ਝੂਠੀਆਂ ਅਤੇ ਬੇਬੁਨਿਆਦ ਖਬਰਾਂ ਚਲਾਉਣ ਲਈ ਇਸ ਦੀ ਸਖਤ ਨਿੰਦਾ ਕਰਦਿਆਂ ਉਹਨਾਂ ਨੂੰ 24 ਘੰਟੇ ਦੇ ਅੰਦਰ ਸਬੂਤ ਪੇਸ਼ ਕਰਨ ਜਾਂ ਮੁਆਫੀ ਮੰਗਣ ਦੀ ਚੇਤਾਵਨੀ ਵੀ ਦਿੱਤੀ ਹੈ।
ਕੈਨੇਡਾ ਦੀ ਪ੍ਰਭੂਸੱਤਾ ਦਾ ਦਿਲੋਂ ਸਤਿਕਾਰ ਕਰਦੇ ਹਾਂ- ਡਾ ਚੀਮਾ-

ਦੌਰਾਨ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ ਦਲਜੀਤ ਸਿੰਘ ਚੀਮਾ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਹੈ ਕਿ ਅਕਾਲੀ ਦਲ ਦੇ ਵਫਦ ਦਾ ਕੈਨੇਡਾ ਜਾਣ ਦਾ ਮਕਸਦ ਪਰਵਾਸੀ ਭਰਾਵਾਂ ਨੂੰ ਮਿਲਣਾ, ਉਥੇ ਸੰਘਰਸ਼ ਕਰ ਰਹੇ ਪੰਜਾਬੀ ਵਿਦਿਆਰਥੀਆਂ ਦਾ ਸਮਰਥਨ ਕਰਨ ਅਤੇ ਅਗਲੀ ਪੀੜ੍ਹੀ ਨੂੰ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨਾ ਸੀ।ਅਸੀਂ ਕੈਨੇਡਾ ਦੀ ਪ੍ਰਭੂਸੱਤਾ ਦਾ ਦਿਲੋਂ ਸਤਿਕਾਰ ਕਰਦੇ ਹਾਂ ਅਤੇ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦਾ ਬਿਲਕੁਲ ਵੀ ਇਰਾਦਾ ਨਹੀਂ ਰੱਖਦੇ। ਉਹਨਾਂ ਸਪੱਸ਼ਟ ਕੀਤਾ ਕਿ ਸਾਡੀ ਰਾਜਨੀਤੀ ਲੋਕਾਂ ਅਤੇ ਸਮਾਜਿਕ ਮੁੱਦਿਆਂ ਬਾਰੇ ਹੈ, ਵਿਸ਼ਵ-ਰਾਜਨੀਤੀ ਬਾਰੇ ਨਹੀਂ। ਇਸ ਫੇਰੀ ਵਿਰੁੱਧ ‘ਆਪ’ ਅਤੇ ਸਾਡੇ ਹੋਰ ਰਾਜਨੀਤਿਕ ਵਿਰੋਧੀਆਂ ਦੁਆਰਾ ਕੀਤੀ ਗਈ ਘਬਰਾਹਟ-ਅਧਾਰਤ ਗਲਤ ਜਾਣਕਾਰੀ ਮੁਹਿੰਮ ਸਿਰਫ ਇਹ ਪ੍ਰਗਟ ਕਰਦੀ ਹੈ ਕਿ ਉਹ ਦੁਨੀਆ ਭਰ ਵਿੱਚ ਪੰਜਾਬੀ ਪ੍ਰਵਾਸੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਧ ਰਹੇ ਸੰਪਰਕ ਅਤੇ ਨੇੜਤਾ ਤੋਂ ਆਪਣੇ ਆਪਨੂੰ ਖ਼ਤਰਾ ਮਹਿਸੂਸ ਕਰਦੇ ਹਨ।

 

 

Leave a Reply

Your email address will not be published. Required fields are marked *