ਬੁਲਾਰਿਆਂ ਵਲੋਂ ਐਨ ਆਰ ਆਈ ਭਰਾਵਾਂ ਨੂੰ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ-
ਐਡਮਿੰਟਨ (ਗੁਰਪ੍ਰੀਤ ਸਿੰਘ, ਹਰਜੀਤ ਸੰਧੂ)-ਐਡਮਿੰਟਨ ਵਸਦੇ ਅਕਾਲੀ ਵਰਕਰਾਂ ਤੇ ਸਮਰਥਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਤੋਂ ਆਏ ਵਫਦ ਨੇ ਇਥੇ ਵਿਸ਼ੇਸ਼ ਮਿਲਣੀ ਕੀਤੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਮੋਗਾ, ਐਡਵੋਕੇਟ ਰਾਜਕਮਲ ਸਿੰਘ, ਹਰਜਾਪ ਸਿੰਘ ਸੰਘਾ ਹਲਕਾ ਇੰਚਾਰਜ ਜਲੰਧਰ ਕੈਂਟ, ਮਲਕੀਅਤ ਸਿੰਘ ਢੇਸੀ ਸਿੱਖ ਯੂਥ ਐਡਮਿੰਟਨ, ਪਰਮਜੀਤ ਸਿੰਘ ਢਿਲੋਂ ਹਲਕਾ ਇੰਚਾਰਜ ਲੁਧਿਆਣਾ ਦਿਹਾਤੀ, ਸਤਿੰਦਰਪਾਲ ਸਿੰਘ ਢੱਟ ਹੁਸ਼ਿਆਰਪੁਰ ਜਨਰਲ ਸੈਕਟਰੀ ਅਕਾਲੀ ਦਲ, ਗੁਰਪ੍ਰੀਤ ਸਿੰਘ ਝੱਬਰ ਸ਼੍ਰੋਮਣੀ ਕਮੇਟੀ ਮੈਂਬਰ,ਮਨਿੰਦਰ ਪਾਲ ਸਿੰਘ ਵਿੱਕੀ ਧਾਲੀਵਾਲ ਸਰੀ ਤੇ ਹੋਰ ਬੁਲਾਰਿਆਂ ਨੇ ਪੰਜਾਬ ਅੰਦਰ ਬਣੇ ਹਾਲਾਤ ਬਾਰੇ ਗੱਲਬਾਤ ਕਰਦਿਆਂ ਭਗਵੰਤ ਮਾਨ ਸਰਕਾਰ ਦੀਆਂ ਗਲਤ ਤੇ ਲੋਕਮਾਰੂ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇਨਕਲਾਬ ਦੇ ਨਾਅਰੇ ਹੇਠ ਝੂਠੇ ਸਬਜ਼ਬਾਗ ਵਿਖਾਏ ਤੇ ਤਬਦੀਲੀ ਦੇ ਨਾਮ ਹੇਠ ਲੁੱਟ ਦਾ ਰਾਜ ਕਾਇਮ ਕਰ ਲਿਆ ਹੈ। ਇਵੇਂ ਹੀ ਪਾਰਟੀ ਨੇ ਐਨ ਆਰ ਆਈ ਭਰਾਵਾਂ ਨੂੰ ਵੀ ਤਬਦੀਲੀ ਦੇ ਨਾਮ ਹੇਠ ਗੁੰਮਰਾਹ ਕਰਦਿਆਂ ਪੰਜਾਬ ਦੀਆਂ ਜੜਾਂ ਨਾਲ ਜੁੜੇ ਅਕਾਲੀ ਦਲ ਨੂੰ ਬੇਅਦਬੀਆਂ ਦੇ ਨਾਮ ਹੇਠ ਬਦਨਾਮ ਕਰਕੇ ਆਪਣੇ ਲੋਕਾਂ ਨਾਲੋਂ ਤੋੜਨ ਦੀਆਂ ਸਾਜਿਸ਼ਾਂ ਰਚੀਆਂ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਚ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਕੀਤੇ ਗਏ ਵਿਕਾਸ ਦੇ ਕੰਮ ਜੋ ਕਿ ਪਿਛਲੇ 9 ਸਾਲਾਂ ਤੋਂ ਰੁਕੇ ਪਏ ਹਨ ਜਿਹਨਾਂ ਚ ਸਿਖਿਆ, ਖੇਡ, ਖੇਤੀਬਾੜੀ, ਫਾਸਟ ਟਰੈਕ ਸਿਸਟਮ ਤੇ ਹੋਰ ਵਿਕਾਸ ਕਾਰਜ ਸ਼ਾਮਿਲ ਹਨ। ਅਕਾਲੀ ਦਲ ਦੀ ਸਰਕਾਰ ਵਲੋ ਐਨ ਆਰ ਆਈ ਭਰਾਵਾਂ ਲਈ ਵਿਸ਼ੇਸ਼ ਪੁਲਿਸ ਥਾਣੇ, ਐਨ ਆਰ ਆਈ ਅਦਾਲਤਾਂ ਤੇ ਹਰ ਸਾਲ ਐਨ ਆਰ ਆਈ ਸੰਮੇਲਨ ਕਰਵਾਏ ਜਾਂਦੇ ਸਨ ਪਰ ਪਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਪਰਵਾਸੀਆਂ ਦਾ ਯੋਗਦਾਨ ਭੁਲ ਭੁਲਾ ਚੁੱਕੀ ਹੈ। ਉਹਨਾਂ ਐਨ ਆਰ ਆਈ ਭਰਾਵਾਂ ਨੂੰ ਪੰਜਾਬ ਨੂੰ ਤਰੱਕੀ ਅਤੇ ਵਿਕਾਸ ਦੇ ਰਸਤੇ ਤੋਰਨ ਅਤੇ ਅਕਾਲੀ ਸਰਕਾਰ ਬਣਾਉਣ ਲਈ ਸਹਿਯੋਗ ਦੇਣ ਦਾ ਸੱਦਾ ਦਿੱਤਾ।
ਇਸ ਮੌਕੇ ਐਡਮਿੰਟਨ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਜਥੇਦਾਰ ਸ ਗੁਰਦੀਪ ਸਿੰਘ ਧਾਲੀਵਾਲ, ਪਤਵੰਤ ਸਿੰਘ ਸੇਖੋਂ, ਪ੍ਰਿਤਪਾਲ ਸਿੰਘ ਸੇਖੋਂ, ਚੰਨਾ ਕਾਲਖ, ਜਸਵਿੰਦਰ ਸਿੰਘ ਗਰੇਵਾਲ, ਸੈਂਡੀ ਸ਼ੋਕਰ, ਜਸਵਿੰਦਰ ਸਿੰਘ ਢਿੱਲੋਂ ਆਲੀਵਾਲ, ਰਾਜਾ ਨਾਗਪਾਲ ਰੌਇਲ ਪੈਲੇਸ ਬੈਂਕੁਇਟ ਹਾਲ ਤੇ ਹੋਰਾਂ ਨੇ ਆਏ ਵਫਦ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਮੰਚ ਸੰਚਾਲਕ ਦੀ ਜਿੰਮੇਵਾਰੀ ਸ ਗੁਰਭਲਿੰਦਰ ਸਿੰਘ ਸੰਧੂ ਨੇ ਬਾਖੂਬੀ ਨਿਭਾਈ।ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਡਾ ਜੰਗ ਬਹਾਦਰ ਸਿੰਘ ਸਿੱਧੂ, ਰਣਦੀਪ ਸਿੰਘ ਧਾਲੀਵਾਲ, ਕੁਲਦੀਪ ਸਿੰਘ ਬਰਾੜ ਸਾਹੋਕੇ, ਮਨਜੀਤ ਸਿੰਘ ਢੇਸੀ, ਪੀਟਰ ਸੰਧੂ ਸਾਬਕਾ ਐਮ ਐਲ ਏ, ਵਿੱਕੀ ਗਰੇਵਾਲ, ਦਰਸ਼ਨ ਸਿੰਘ ਗਿੱਲ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਐਡਮਿੰਟਨ, ਕਰਨੈਲ ਸਿੰਘ ਦਿਓਲ ਪ੍ਰਧਾਨ ਸਿੱਖ ਫੈਡਰੇਸ਼ਨ ਆਫ ਐਡਮਿੰਟਨ, ਬਲਰਾਜ ਸਿੰਘ ਸਰਪੰਚ ਧਲੇਮਾ, ਕੇਵਲ ਸਿੰਘ ਆਕਲੀਆ, ਗੁਰਵਿੰਦਰ ਨਾਗਰ, ਸਤਵਿੰਦਰ ਕਾਹਲੋਂ, ਸੁਖਵਿੰਦਰ ਸਿੰਘ ਧਾਲੀਵਾਲ, ਮਨਬਿੰਦਰ ਰੰਧਾਵਾ, ਜਗਦੀਪ ਸਿੰਘ ਬਾਸੀ ਅਤੇ ਹੋਰ ਸੈਂਕੜੇ ਲੋਕ ਹਾਜ਼ਰ ਸਨ।









