ਸਰੀ- ਹੰਬਲ ਮੋਸ਼ਨ ਪਿਕਚਰ ਦੁਆਰਾ ਨਿਰਮਤ ਪੰਜਾਬੀ ਫਿਲਮ ਕੈਰੀ ਔਨ ਜੱਟਾ 4, ਇਸ 26 ਜੂਨ, 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।
ਉਘੇ ਫਿਲਮ ਨਿਰਦੇਸ਼ਕ ਸਮੀਪ ਕੰਗ ਦੁਆਰਾ ਨਿਰਦੇਸ਼ਤ, ਇਸ ਫਿਲਮ ਦੀ ਕਹਾਣੀ ਢਿੱਲੋਂ ਪਰਿਵਾਰ ਦੀ ਹਾਸਿਆਂ ਭਰੀ ਵਿਰਾਸਤ ਨੂੰ ਅੱਗੇ ਤੋਰਦੀ ਹੈ ਜਿਸ ਵਿੱਚ ਪਹਿਲਾਂ ਦੀ ਤਰਾਂ ਹੀ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਸਵਰਗੀ ਜਸਵਿੰਦਰ ਭੱਲਾ ਦਾ ਏਆਈ ਕਿਰਦਾਰ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਏਗਾ। ਫਿਲਮ ਦੇ ਗੀਤ ਹੈਪੀ ਰਾਏਕੋਟੀ ਦੇ ਲਿਖੇ ਹਨ ਤੇ ਆਵਾਜ਼ ਗਿੱਪੀ ਗਰੇਵਾਲ ਦੀ ਹੈ। ਸੰਗੀਤ ਜਤਿੰਦਰ ਸ਼ਾਹ ਦਾ ਹੈ।
ਬੀਤੇ ਦਿਨੀ ਸਰੀ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਫਿਲਮ ਦੀ ਸਟਾਰ ਕਾਸਟ ਵਿਚ ਸ਼ਾਮਿਲ ਗਿੱਪੀ ਗਰੇਵਾਲ, ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਪੱਤਰਕਾਰਾਂ ਦੇ ਰੂਬਰੂ ਹੋਏ ਤੇ ਕੈਰੀ ਆਨ ਜੱਟਾ-4 ਦੇ ਨਿਰਮਾਣ ਅਤੇ ਸ਼ੂਟਿੰਗ ਦੌਰਾਨ ਹੋਏ ਤਜੁਰਬੇ ਸਾਂਝੇ ਕੀਤੇ। ਸਵਰਗੀ ਜਸਵਿੰਦਰ ਭੱਲਾ ਦੀ ਫਿਲਮ ਵਿਚ ਹਾਜ਼ਰੀ ਸਭ ਨੂੰ ਭਾਵੁਕ ਕਰ ਦੇਣ ਵਾਲੀ ਹੈ। ਇਸ ਮੌਕੇ ਸਟਾਰ ਕਾਸਟ ਨੇ ਫਿਲਮ ਦੇ ਨਿਰਮਾਣ ਅਤੇ ਨਵੇਂ ਤਜੁਰਬਿਆਂ ਸਬੰਧਾਂ ਸਵਾਲਾਂ ਦੇ ਵਿਸਥਾਰ ਵਿਚ ਜਵਾਬ ਦਿੱਤੇ। ਪ੍ਰੈਸ ਕਾਨਫਰੰਸ ਵਿਚ ਐਮ ਪੀ ਸੁੱਖ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੰਚ ਸੰਚਾਲਨ ਦੀ ਜਿੰਮੇਵਾਰੀ ਦਵਿੰਦਰ ਬੈਨੀਪਾਲ ਨੇ ਨਿਭਾਈ।


