ਸਰੀ ( ਦੇ ਪ੍ਰ ਬਿ)- ਸਰੀ ਦੇ ਸਾਬਕਾ ਮੇਅਰ ਡੱਗ ਮੈਕੱਲਮ, ਜੋ ਵਿਵਾਦਾਂ ਅਤੇ ਪੁਲਿਸ ਜਾਂਚਾਂ ਨਾਲ ਅਕਸਰ ਚਰਚਾ ਵਿੱਚ ਰਹੇ ਹਨ, ਨੇ ਸਰੀ, ਡੈਲਟਾ ਅਤੇ ਵੈਨਕੂਵਰ ਦੀਆਂ ਸਿਟੀ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਦੋਸ਼ ਲਗਾਏ ਹਨ।
ਇਹ ਦੋਸ਼ ਬਹੁਤ ਗੰਭੀਰ ਹਨ ਅਤੇ ਇਨ੍ਹਾਂ ਦੀ ਇਲੈਕਸ਼ਨਜ਼ ਬੀ.ਸੀ. ਅਤੇ ਹੋਰ ਸਬੰਧਤ ਅਧਿਕਾਰੀਆਂ ਵੱਲੋਂ ਪੂਰੀ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਪਰ ਇਹ ਦੁੱਖ ਦੀ ਗੱਲ ਹੈ ਕਿ ਸੇਫ਼ ਸਰੀ ਕੋਲੀਸ਼ ਵੱਲੋਂ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਇੱਕ ਖ਼ਾਸ ਨਜ਼ਰੀਏ ਨਾਲ ਪੇਸ਼ ਕਰਕੇ ਰਾਜਨੀਤਿਕ ਤੌਰ ‘ਤੇ ਹਾਸ਼ੀਏ ‘ਤੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਡੱਗ ਮੈਕੱਲਮ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਕੁਝ ਕੱਟੜਪੰਥੀ ਧੜਿਆਂ ਨਾਲ ਨਜ਼ਦੀਕੀ ਸੰਬੰਧ ਹਨ, ਆਪਣੇ ਰਾਜਨੀਤਿਕ ਮਕਸਦ ਪੂਰੇ ਕਰਨ ਲਈ ਭਾਈਚਾਰਿਆਂ ਵਿਚਕਾਰ ਫ਼ੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰਵਾਸੀ ਰਾਜਨੀਤੀ ਨੂੰ ਕੈਨੇਡਾ ਦੇ ਵਿਆਪਕ ਰਾਸ਼ਟਰੀ ਹਿੱਤਾਂ ‘ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਡੱਗ ਮੈਕੱਲਮ ਦੇ ਗੈਰ-ਜ਼ਿੰਮੇਵਾਰਾਨਾ ਬਿਆਨਾਂ ਨੇ ਉਸ ਇੰਡੋ-ਕੈਨੇਡੀਅਨ ਭਾਈਚਾਰੇ ਦੀ ਸੁਰੱਖਿਆ ਅਤੇ ਭਲਾਈ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ, ਜੋ ਪਹਿਲਾਂ ਹੀ ਨਸਲਵਾਦ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਨਾਲ ਸਰੀ ਵਿੱਚ ਵਸਦੇ ਘੱਟਗਿਣਤੀ ਭਾਈਚਾਰਿਆਂ ਨੂੰ ਹੋਰ ਵੀ ਹਾਸ਼ੀਏ ‘ਤੇ ਧੱਕਿਆ ਜਾ ਸਕਦਾ ਹੈ।
ਕੈਨੇਡਾ ਅਤੇ ਭਾਰਤ ਇਸ ਵੇਲੇ ਆਪਣੇ ਦੁਵੱਲੇ ਸੰਬੰਧਾਂ ਦੇ ਇੱਕ ਮਹੱਤਵਪੂਰਨ ਪੜਾਅ ‘ਤੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਦਾ ਕੈਨੇਡਾ ਦੌਰਾ ਤੈਅ ਹੈ ਅਤੇ ਇਹ ਵਿਆਪਕ ਤੌਰ ‘ਤੇ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਦੇਸ਼ ਮੁਕਤ ਵਪਾਰ ਸਮਝੌਤੇ ਦੇ ਬਹੁਤ ਨੇੜੇ ਹਨ। ਇਸ ਸਮਝੌਤੇ ਦਾ ਸਭ ਤੋਂ ਵੱਡਾ ਲਾਭ ਸਰੀ ਨੂੰ ਹੋ ਸਕਦਾ ਹੈ, ਕਿਉਂਕਿ ਇੱਥੋਂ ਦਾ ਭਾਰਤੀ ਮੂਲ ਦਾ ਭਾਈਚਾਰਾ ਭਾਰਤ ਨਾਲ ਵਪਾਰਕ ਸੰਬੰਧ ਰੱਖਦਾ ਹੈ।
ਮੈਕੱਲਮ ਨੇ ਸਿਆਸੀ ਸੱਤਾ ਹਾਸਲ ਕਰਨ ਦੀ ਲਾਲਸਾ ਵਿੱਚ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ, ਜੋ ਇਸ ਵਧ ਰਹੇ ਵਪਾਰਕ ਰਿਸ਼ਤੇ ਵਿੱਚ ਰੁਕਾਵਟ ਪੈਦਾ ਕਰ ਸਕਦੀਆਂ ਹਨ ਅਤੇ ਸਰੀ ਦੇ ਆਰਥਿਕ ਹਿੱਤਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀਆਂ ਹਨ। ਸਰੀ ਦੀ ਜਨਤਾ ਆਉਣ ਵਾਲੀਆਂ ਮੇਅਰ ਚੋਣਾਂ ਵਿੱਚ ਉਨ੍ਹਾਂ ਤੋਂ ਇਸ ਬਾਰੇ ਜਵਾਬ ਮੰਗੇਗੀ। ਡੱਗ ਮੈਕੱਲਮ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਵਰਗੇ ਗੰਭੀਰ ਮੁੱਦੇ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ ਅਤੇ ਸਬੰਧਤ ਸੰਸਥਾਵਾਂ ਨੂੰ ਆਪਣਾ ਕੰਮ ਨਿਰਪੱਖ ਢੰਗ ਨਾਲ ਕਰਨ ਦੇਣਾ ਚਾਹੀਦਾ ਹੈ।
ਮਨਿੰਦਰ ਸਿੰਘ ਗਿੱਲ
ਮੈਨੇਜਿੰਗ ਡਾਇਰੈਕਟਰ
ਰੇਡੀਓ ਇੰਡੀਆ, ਸਰੀ (ਬੀਸੀ)
