Jul 31, 2026

ਕੀ ਖ਼ੁਸ਼ੀਆਂ ਵੀ ਹੁਣ ਜੇਬ ਦੇਖ ਕੇ ਵੰਡੀਆਂ ਜਾਣਗੀਆਂ ?

ਸੁਰਿੰਦਰ ਮਾਵੀ, ਵਿੰਨੀਪੈੱਗ-

ਬੱਚਿਆਂ ਦੇ ਜਨਮਦਿਨ ਕਦੇ ਸਾਦਗੀ, ਆਪਣੇ ਪਣ ਅਤੇ ਪਰਿਵਾਰਕ ਖ਼ੁਸ਼ੀ ਦਾ ਪ੍ਰਤੀਕ ਹੁੰਦੇ ਸਨ। ਘਰ ਵਿੱਚ ਬਣਿਆ ਕੇਕ, ਕੁਝ ਗ਼ੁਬਾਰੇ, ਗੁਆਂਢ ਦੇ ਬੱਚੇ, ਦੋ-ਚਾਰ ਖੇਡਾਂ ਅਤੇ ਮਾਪਿਆਂ ਦੀਆਂ ਦੁਆਵਾਂ—ਇੰਨਾ ਹੀ ਇੱਕ ਬੱਚੇ ਲਈ ਦੁਨੀਆ ਦੀ ਸਭ ਤੋਂ ਵੱਡੀ ਖ਼ੁਸ਼ੀ ਹੁੰਦੀ ਸੀ। ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਤਸਵੀਰ ਤੇਜ਼ੀ ਨਾਲ ਬਦਲੀ ਹੈ। ਜਨਮਦਿਨ ਹੁਣ ਸਿਰਫ਼ ਬੱਚੇ ਦਾ ਜਸ਼ਨ ਨਹੀਂ ਰਹੇ, ਸਗੋਂ ਮਾਪਿਆਂ ਦੀ ਸਮਾਜਿਕ ਹੈਸੀਅਤ, ਆਰਥਿਕ ਸਮਰੱਥਾ ਅਤੇ ਸੋਸ਼ਲ ਮੀਡੀਆ ‘ਤੇ ਪ੍ਰਭਾਵ ਛੱਡਣ ਦਾ ਸਾਧਨ ਬਣਦੇ ਜਾ ਰਹੇ ਹਨ।

ਕੈਨੇਡਾ ਸਮੇਤ ਕਈ ਪੱਛਮੀ ਦੇਸ਼ਾਂ ਵਿੱਚ ਬੱਚਿਆਂ ਦੀਆਂ ਪਾਰਟੀਆਂ ਹੁਣ ਟ੍ਰੈਂਪੋਲਿਨ ਪਾਰਕਾਂ, ਇੰਡੋਰ ਪਲ਼ੇ ਸੈਂਟਰਾਂ, ਵਾਟਰ ਪਾਰਕਾਂ, ਥੀਮ ਵਾਲੇ ਇਵੈਂਟਸ ਹਾਲਾਂ ਅਤੇ ਰੈਸਟੋਰੈਂਟਾਂ ਵਿੱਚ ਹੋ ਰਹੀਆਂ ਹਨ। ਇਨ੍ਹਾਂ ਸਮਾਗਮਾਂ ਵਿੱਚ ਵੈਨਿਊ ਦੀ ਬੁਕਿੰਗ, ਥੀਮ ਅਨੁਸਾਰ ਸਜਾਵਟ, ਪ੍ਰੋਫੈਸ਼ਨਲ ਫ਼ੋਟੋਗਰਾਫੀ, ਮਨੋਰੰਜਨ ਲਈ ਕਲਾਕਾਰ, ਰਿਟਰਨ ਗਿਫ਼ਟ ਅਤੇ ਵਿਸ਼ੇਸ਼ ਖਾਣ-ਪੀਣ ਦਾ ਪ੍ਰਬੰਧ ਜੁੜ ਜਾਣ ਕਾਰਨ ਖਰਚਾ ਸੈਂਕੜਿਆਂ ਤੋਂ ਲੈ ਕੇ ਹਜ਼ਾਰਾਂ ਡਾਲਰ ਤੱਕ ਪਹੁੰਚ ਜਾਂਦਾ ਹੈ। ਕਈ ਅਧਿਐਨ ਦਰਸਾਉਂਦੇ ਹਨ ਕਿ ਇੱਕ ਆਮ ਘਰੇਲੂ ਪਾਰਟੀ ਵੀ ਹੁਣ ਕੁਝ ਸੌ ਡਾਲਰ ਦੀ ਪੈਂਦੀ ਹੈ, ਜਦਕਿ ਕਿਸੇ ਵੈਨਿਊ ਵਿੱਚ ਕੀਤਾ ਸਮਾਗਮ ਇਸ ਤੋਂ ਕਾਫ਼ੀ ਮਹਿੰਗਾ ਹੋ ਸਕਦਾ ਹੈ।

ਵਧਦੀ ਮਹਿੰਗਾਈ ਅਤੇ ਜੀਵਨ ਦੀਆਂ ਲਾਗਤਾਂ ਨੇ ਇਸ ਦਬਾਅ ਨੂੰ ਹੋਰ ਵਧਾ ਦਿੱਤਾ ਹੈ। ਅਜਿਹੇ ਵਿੱਚ ਕੁਝ ਪਰਿਵਾਰਾਂ ਨੇ ਇੱਕ ਨਵਾਂ ਰਾਹ ਚੁਣਿਆ ਹੈ। ਹੁਣ ਕੁਝ ਸੱਦਾ-ਪੱਤਰਾਂ ਵਿੱਚ ਮਹਿਮਾਨਾਂ ਨੂੰ 10 ਜਾਂ 20 ਡਾਲਰ ਦੇ ਕੇ ਪਾਰਟੀ ਦੇ ਖ਼ਰਚੇ ਵਿੱਚ ਸਹਿਯੋਗ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਕਿਤੇ ‘ਟਿੱਪ ਜ਼ਾਰ’ ਰੱਖਿਆ ਜਾਂਦਾ ਹੈ, ਤਾਂ ਕਿਤੇ ਪਹਿਲਾਂ ਹੀ ਡਿਜੀਟਲ ਭੁਗਤਾਨ ਦਾ ਲਿੰਕ ਭੇਜਿਆ ਜਾਂਦਾ ਹੈ। ਹਾਲ ਹੀ ਵਿੱਚ ਇਹ ਰੁਝਾਨ ਸੋਸ਼ਲ ਮੀਡੀਆ ‘ਤੇ ਤਿੱਖੀ ਬਹਿਸ ਦਾ ਕਾਰਨ ਬਣਿਆ, ਜਿੱਥੇ ਕਈ ਮਾਪਿਆਂ ਨੇ ਇਸ ਨੂੰ ਗ਼ਲਤ ਪਰੰਪਰਾ ਕਰਾਰ ਦਿੱਤਾ, ਜਦਕਿ ਦੂਜਿਆਂ ਨੇ ਇਸ ਨੂੰ ਆਰਥਿਕ ਹਕੀਕਤ ਨਾਲ ਜੁੜਿਆ ਵਿਹਾਰਕ ਕਦਮ ਦੱਸਿਆ।

ਇਸ ਦੇ ਨਾਲ ਹੀ ‘ਫਾਈਵਰ ਪਾਰਟੀ’ ਦਾ ਰੁਝਾਨ ਵੀ ਪ੍ਰਸਿੱਧ ਹੋ ਰਿਹਾ ਹੈ। ਇਸ ਮਾਡਲ ਵਿੱਚ ਮਹਿਮਾਨ ਮਹਿੰਗੇ ਤੋਹਫ਼ਿਆਂ ਦੀ ਥਾਂ ਸਿਰਫ਼ ਪੰਜ ਡਾਲਰ ਦਾ ਯੋਗਦਾਨ ਦਿੰਦੇ ਹਨ, ਜਿਸ ਨਾਲ ਬੱਚੇ ਲਈ ਇੱਕ ਵੱਡਾ ਅਤੇ ਲੋੜੀਂਦਾ ਤੋਹਫ਼ਾ ਖ਼ਰੀਦਿਆ ਜਾਂਦਾ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਇਸ ਨਾਲ ਬੇਲੋੜੇ ਖਿਡੌਣਿਆਂ, ਪਲਾਸਟਿਕ ਦੇ ਕੂੜੇ ਅਤੇ ਮਹਿੰਗੇ ਤੋਹਫ਼ਿਆਂ ਦੀ ਦੌੜ ਤੋਂ ਬਚਿਆ ਜਾ ਸਕਦਾ ਹੈ।

ਪਰ ਇੱਥੇ ਇੱਕ ਬੁਨਿਆਦੀ ਸਵਾਲ ਖੜ੍ਹਾ ਹੁੰਦਾ ਹੈ। ਕੀ ਸਮੱਸਿਆ ਖਰਚਾ ਸਾਂਝਾ ਕਰਨ ਦੀ ਹੈ ਜਾਂ ਉਸ ਸੋਚ ਦੀ, ਜਿਸ ਨੇ ਜਨਮਦਿਨ ਨੂੰ ਇੱਕ ਮੁਕਾਬਲੇ ਵਿੱਚ ਬਦਲ ਦਿੱਤਾ ਹੈ? ਅੱਜ ਕਈ ਮਾਪੇ ਆਪਣੇ ਬੱਚੇ ਦੀ ਖ਼ੁਸ਼ੀ ਨਾਲੋਂ ਵੱਧ ਇਸ ਗੱਲ ਦੀ ਚਿੰਤਾ ਕਰਦੇ ਨਜ਼ਰ ਆਉਂਦੇ ਹਨ ਕਿ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਿਹੋ ਜਿਹੀਆਂ ਲੱਗਣਗੀਆਂ। ਇੱਕ ਪਰਿਵਾਰ ਦੀ ਸ਼ਾਨਦਾਰ ਪਾਰਟੀ ਦੂਜੇ ਪਰਿਵਾਰ ਲਈ ਦਬਾਅ ਬਣ ਜਾਂਦੀ ਹੈ। ਇਸ ਤਰ੍ਹਾਂ ਖ਼ੁਸ਼ੀ ਦਾ ਮੌਕਾ ਹੌਲੀ-ਹੌਲੀ ਆਰਥਿਕ ਮੁਕਾਬਲੇ ਵਿੱਚ ਤਬਦੀਲ ਹੋ ਜਾਂਦਾ ਹੈ।

ਪੰਜਾਬੀ ਸਮਾਜ ਦੀ ਆਪਣੀ ਸਭਿਆਚਾਰਕ ਪਰੰਪਰਾ ਵੀ ਇਸ ਬਹਿਸ ਵਿੱਚ ਮਹੱਤਵ ਰੱਖਦੀ ਹੈ। ਸਾਡੇ ਇੱਥੇ ਮਹਿਮਾਨ ਨੂੰ ‘ਰੱਬ ਦਾ ਰੂਪ’ ਮੰਨਿਆ ਜਾਂਦਾ ਹੈ। ਸੱਦਾ ਦੇਣਾ ਜ਼ਿੰਮੇਵਾਰੀ ਵੀ ਹੈ ਅਤੇ ਸਨਮਾਨ ਵੀ। ਇਸ ਲਈ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਜਿਸ ਮਹਿਮਾਨ ਨੂੰ ਸੱਦਿਆ ਜਾਵੇ, ਉਸ ਤੋਂ ਹੀ ਸਮਾਗਮ ਦਾ ਖਰਚਾ ਮੰਗਿਆ ਜਾਵੇ। ਆਲੋਚਕਾਂ ਦਾ ਤਰਕ ਹੈ ਕਿ ਜੇਕਰ ਸਮਾਗਮ ਆਪਣੀ ਸਮਰੱਥਾ ਤੋਂ ਬਾਹਰ ਹੈ ਤਾਂ ਉਸ ਨੂੰ ਛੋਟਾ ਕਰਨਾ ਬਿਹਤਰ ਹੈ, ਨਾ ਕਿ ਉਸ ਦਾ ਬੋਝ ਮਹਿਮਾਨਾਂ ‘ਤੇ ਪਾਇਆ ਜਾਵੇ।

ਇਸ ਦੇ ਉਲਟ, ਕੁਝ ਮਾਪੇ ਦਲੀਲ ਦਿੰਦੇ ਹਨ ਕਿ ਹਕੀਕਤਾਂ ਬਦਲ ਚੁੱਕੀਆਂ ਹਨ। ਇੱਕ ਪਰਿਵਾਰ ਲਈ ਸਾਲ ਭਰ ਵਿੱਚ ਕਈ ਜਨਮਦਿਨ ਪਾਰਟੀਆਂ ਵਿੱਚ ਜਾਣਾ, ਹਰ ਵਾਰ ਤੋਹਫ਼ਾ ਖ਼ਰੀਦਣਾ ਅਤੇ ਆਪਣੇ ਬੱਚੇ ਦੀ ਪਾਰਟੀ ਦਾ ਖਰਚਾ ਚੁੱਕਣਾ ਆਸਾਨ ਨਹੀਂ। ਇਸ ਲਈ ਉਹ ਖੁੱਲ੍ਹ ਕੇ ਅਤੇ ਪਹਿਲਾਂ ਹੀ ਖਰਚਾ ਸਾਂਝਾ ਕਰਨ ਦੀ ਗੱਲ ਕਰਨ ਨੂੰ ਬਿਹਤਰ ਮੰਨਦੇ ਹਨ। ਇਹ ਦਲੀਲ ਪੂਰੀ ਤਰ੍ਹਾਂ ਰੱਦ ਨਹੀਂ ਕੀਤੀ ਜਾ ਸਕਦੀ, ਪਰ ਇਹ ਵੀ ਸੱਚ ਹੈ ਕਿ ਇਸ ਨਾਲ ਰਿਸ਼ਤਿਆਂ ਦਾ ਭਾਵਨਾਤਮਕ ਪੱਖ ਕਮਜ਼ੋਰ ਪੈਣ ਦਾ ਖ਼ਤਰਾ ਰਹਿੰਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਇਸੇ ਸਮੇਂ ਇੱਕ ਵਿਰੋਧੀ ਰੁਝਾਨ ਵੀ ਉੱਭਰ ਰਿਹਾ ਹੈ। ਬਹੁਤ ਸਾਰੇ ਮਾਪੇ ਹੁਣ ਘਰਾਂ, ਪਾਰਕਾਂ ਜਾਂ ਕਮਿਊਨਿਟੀ ਸਥਾਨਾਂ ‘ਤੇ ਸਾਦੇ ਜਸ਼ਨ ਵੱਲ ਵਾਪਸ ਮੁੜ ਰਹੇ ਹਨ। ਪੀਜ਼ਾ, ਘਰੇਲੂ ਕੇਕ, ਬੋਰਡ ਗੇਮਾਂ, ਖੁੱਲ੍ਹੇ ਮੈਦਾਨ ਦੀਆਂ ਖੇਡਾਂ ਅਤੇ ‘ਨੋ-ਗਿਫ਼ਟ’ ਪਾਰਟੀਆਂ ਮੁੜ ਲੋਕਪ੍ਰਿਆ ਹੋ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਨਾ ਸਿਰਫ਼ ਆਰਥਿਕ ਦਬਾਅ ਘਟਦਾ ਹੈ, ਸਗੋਂ ਬੱਚਿਆਂ ਵਿੱਚ ਤੁਲਨਾ ਅਤੇ ਦਿਖਾਵੇ ਦੀ ਮਨੋਵ੍ਰਿਤੀ ਵੀ ਘੱਟ ਹੁੰਦੀ ਹੈ।

ਅਸਲ ਵਿੱਚ ਬੱਚਿਆਂ ਨੂੰ ਮਹਿੰਗੀ ਸਜਾਵਟ ਜਾਂ ਵਿਸ਼ਾਲ ਵੈਨਿਊ ਨਹੀਂ ਚਾਹੀਦਾ ਹੁੰਦਾ। ਉਨ੍ਹਾਂ ਨੂੰ ਆਪਣੇ ਦੋਸਤਾਂ ਨਾਲ ਹੱਸਣ-ਖੇਡਣ, ਮਾਪਿਆਂ ਦਾ ਸਮਾਂ ਅਤੇ ਇਹ ਅਹਿਸਾਸ ਚਾਹੀਦਾ ਹੈ ਕਿ ਉਹ ਇਸ ਦਿਨ ਦੇ ਕੇਂਦਰ ਵਿੱਚ ਹਨ। ਬਚਪਨ ਦੀਆਂ ਯਾਦਾਂ ਦੀ ਕੀਮਤ ਡਾਲਰਾਂ ਨਾਲ ਨਹੀਂ, ਸਗੋਂ ਰਿਸ਼ਤਿਆਂ ਦੀ ਗਰਮਾਹਟ ਨਾਲ ਮਾਪੀ ਜਾਂਦੀ ਹੈ।

ਸਵਾਲ ਇਹ ਨਹੀਂ ਕਿ ਮਹਿਮਾਨਾਂ ਨੂੰ ਪਾਰਟੀ ਦਾ ਖਰਚਾ ਦੇਣਾ ਚਾਹੀਦਾ ਹੈ ਜਾਂ ਨਹੀਂ। ਅਸਲ ਸਵਾਲ ਇਹ ਹੈ ਕਿ ਕੀ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾ ਰਹੇ ਹਾਂ ਕਿ ਖ਼ੁਸ਼ੀ ਦੀ ਕੀਮਤ ਮਹਿੰਗੇ ਇਵੈਂਟਸ ਨਾਲ ਤੈਅ ਹੁੰਦੀ ਹੈ? ਜੇ ਜਵਾਬ ‘ਹਾਂ’ ਹੈ, ਤਾਂ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਜਨਮਦਿਨ ਜੇ ਮੁੜ ਸਾਦਗੀ, ਆਪਣੇ ਪਣ ਅਤੇ ਸਾਂਝੀ ਖ਼ੁਸ਼ੀ ਦਾ ਪ੍ਰਤੀਕ ਬਣ ਜਾਣ, ਤਾਂ ਸ਼ਾਇਦ ਬੱਚੇ ਵੀ ਜ਼ਿਆਦਾ ਖ਼ੁਸ਼ ਹੋਣਗੇ ਅਤੇ ਮਾਪੇ ਵੀ ਬੇਲੋੜੇ ਆਰਥਿਕ ਦਬਾਅ ਤੋਂ ਮੁਕਤ।

Leave a Reply

Your email address will not be published. Required fields are marked *