ਵਿਜੇ ਯਮਲਾ, ਸੁਰਮਨੀ, ਮਲਿਕਾ-ਜੋਤੀ ਤੇ ਦਿਲਰਾਜ-ਨੀਲਮ ਸਮੇਤ ਕਈ ਕਲਾਕਾਰਾਂ ਨੇ ਬੰਨੇ ਰੰਗ-
ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ)-ਕੈਨੇਡਾ ਦੀ ਧਰਤੀ ਤੇ ਜੁਲਾਈ -ਅਗਸਤ ਵਿਚ ਪੰਜਾਬੀ ਮੇਲਿਆਂ ਦੀ ਭਰਮਾਰ ਹੁੰਦੀ ਹੈ। ਇਹ ਮੇਲੇ ਲੋਅਰ ਮੇਨਲੈਂਡ ਦੇ ਵੱਖਰੇ-ਵੱਖਰੇ ਸ਼ਹਿਰਾਂ ਵਿਚ ਲਗਾਏ ਜਾਂਦੇ ਹਨ। ਵੈਨਕੂਵਰ ਦਾ ਪੰਜਾਬੀ ਮੇਲਾ ਪਿਛਲੇ ਕਈ ਸਾਲਾਂ ਤੋਂ ਜੁਲਾਈ-ਅਗਸਤ ਮਹੀਨੇ ਵਿਚ ਲਗਾਇਆ ਜਾਂਦਾ ਹੈ। ਇਸ ਵਿਚ ਪੰਜਾਬ ਤੋਂ ਨਾਮਵਰ ਗਾਇਕ ਅਤੇ ਕਲਾਕਾਰਾਂ ਨੂੰ ਸੱਦਕੇ ਮੇਲਾ ਪ੍ਰੇਮੀਆਂ ਦੇ ਰੂਬਰੂ ਕਰਵਾਇਆ ਜਾਂਦਾ ਹੈ। ਇਸ 2 ਅਗਸਤ ਨੂੰ ਵੈਨਕੂਵਰ ਪੰਜਾਬੀ ਮੇਲਾ ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰਾਂ ਮੋਬਰਲੀ ਪਾਰਕ ਤੇ ਰੌਸ ਸਟਰੀਟ ਉਪਰ ਕਰਵਾਇਆ ਗਿਆ। ਇਸ ਵਿਚ ਪੰਜਾਬ ਤੋਂ ਪੁੱਜੇ ਉਘੇ ਕਲਾਕਾਰਾਂ ਨੇ ਦਰਸ਼ਕਾਂ-ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਮੇਲੇ ਦੀ ਸ਼ੁਰੂਆਤ ਸਵਰਗੀ ਲਾਲ ਚੰਦ ਯਮਲਾ ਜੱਟ ਦੇ ਪੋਤਰੇ ਵਿਜੇ ਯਮਲਾ ਨੇ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨਾਲ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਉਸਨੇ ਯਮਲਾ ਜੱਟ ਦੇ ਸਾਰੇ ਹਰਮਨਪਿਆਰੇ ਗੀਤ ਗਾਕੇ ਸਰੋਤਿਆਂ ਦੀ ਵਾਹਵਾ ਖੱਟੀ। ਉਸਤੋਂ ਬਾਦ ਗਾਇਕਾ ਸੁਰਮਨੀ ਨੇ ਬੀਬੀਆਂ ਨੂੰ ਡਾਂਸ ਫਲੋਰ ਤੇ ਨੱਚਣ ਲਈ ਮਜਬੂਰ ਕਰ ਦਿੱਤਾ। ਗਾਇਕਾ ਭੈਣਾ ਮਲਿਕਾ-ਜੋਤੀ ਨੇ ਸਟੇਜ ਤੇ ਅਜਿਹਾ ਰੰਗ ਬੰਨਿਆਂ ਕਿ ਸਰੋਤਿਆਂ ਨੇ ਡਾਲਰਾਂ ਦੀ ਝੜੀ ਲਗਾ ਦਿੱਤੀ। ਉਹਨਾਂ ਵਲੋਂ ਗਾਏ ਗੀਤ- ਮੁੰਡਾ ਮੰਗਦਾ ਬਦਾਮਾਂ ਵਾਲੀ ਖੀਰ ਕੁੜੀਓ ਦੇ ਨਾਲ ਕਈ ਹੋਰ ਗੀਤਾਂ ਦੀ ਛਹਿਬਰ ਲਗਾ ਛੱਡੀ। ਦੋਗਾਣਾ ਜੋੜੀ ਦਿਲਰਾਜ ਤੇ ਨੀਲਮ ਨੇ ਪੇਂਡੂ ਸਭਿਆਚਾਰ ਨਾਲ ਸਬੰਧਿਤ ਆਪਣੇ ਹਿੱਟ ਗੀਤ ਗਾਕੇ ਮੇਲਾ ਲੁੱਟ ਲਿਆ। ਹੋਰ ਗਾਇਕਾਂ ਨੇ ਵੀ ਆਪਣੀ ਆਪਣੀ ਵਧੀਆ ਹਾਜ਼ਰੀ ਲਗਵਾਈ ਤੇ ਮੇਲੇ ਨੂੰ ਯਾਦਗਾਰੀ ਬਣਾ ਛੱਡਿਆ। ਪ੍ਰਬੰਧਕਾਂ ਵਿਚ ਕਸ਼ਮੀਰ ਸਿੰਘ ਧਾਲੀਵਾਲ, ਗੋਪਾਲ ਲੋਹੀਆ, ਰਾਣਾ ਗਿੱਲ, ਭੋਲਾ ਸੰਧੂ, ਸੁਰਿੰਦਰ ਰੰਗਾ ਤੇ ਸਾਰੀ ਪ੍ਰਬੰਧਕੀ ਕਮੇਟੀ ਨੇ ਮੇਲੇ ਨੂੰ ਕਾਮਯਾਬ ਕਰਨ ਲਈ ਕੋਈ ਕਸਰ ਨਾ ਛੱਡੀ। ਸਪਾਂਸਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸੀਕਿਊਰਿਟੀ ਦਾ ਬਹੁਤ ਵਧੀਆਂ ਪ੍ਰਬੰਧ ਸੀ। ਪ੍ਰਬੰਧਕਾਂ ਵਲੋਂ ਗਾਇਕ ਕਲਾਕਾਰਾਂ ਤੇ ਸਪਾਂਸਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਐਮ ਐਲ ਏ ਸੁਨੀਤਾ ਧੀਰ, ਰੇਡੀਓ ਸਵਿਫਟ ਦੇ ਪ੍ਰੈਜੀਡੈਂਟ ਕੁਲਵੰਤ ਢੇਸੀ, ਜਿੰਨੀ ਸਿਮਸ, ਡਾ ਜਸਵੀਰ ਰੋਮਾਣਾ, ਪਰਮਜੀਤ ਸਿੰਘ ਤੋਂ ਇਲਾਵਾ ਸ਼ੇਰੇ ਪੰਜਾਬ ਰੇਡੀਓ ਦੇ ਸੀਈਓ ਗੁਰਦਿਆਲ ਸਿੰਘ ਬਾਧ, ਰਛਪਾਲ ਗਿੱਲ ਨੇ ਮੇਲੇ ਵਿਚ ਪੁੱਜੇ ਲੋਕਾਂ ਅਤੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ। ਮੇਲੇ ਵਿਚ ਪੁੱਜੀਆਂ ਹੋਰ ਸ਼ਖਸੀਅਤਾਂ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ, ਉਘੇ ਬਿਜਨਸਮੈਨ ਬਰਜ ਢਾਹਾਂ, ਸਰੂਪ ਮਾਨ, ਜਰਨੈਲ ਸਿੰਘ ਭੰਡਾਲ, ਸੁਖਵਿੰਦਰਪਾਲ ਸਿੰਘ ਚੇਅਰਪਰਸਨ ਲਿਬਰਲ ਰਾਈਡਿੰਗ ਵੈਨਕੂਵਰ -ਫੇਰਜਰਵਿਊ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਆਲਮਵਾਲਾ, ਅਮਰ ਸਿੰਘ ਧਾਲੀਵਾਲ, ਬਲਵੀਰ ਸਿੰਘ ਬੈਂਸ, ਹਰਨੇਕ ਸੰਧੂ, ਸੁਰਿੰਦਰ ਸਿੰਘ ਸੰਧੂ, ਜਗਦੀਪ ਸਿੰਘ ਸੰਘੇੜਾ, ਪਰਮਜੀਤ ਲਾਖਾ, ਗੁਰਵਿੰਦਰ ਸਿੰਘ ਬੋਪਾਰਾਏ, ਡਾ ਹਰਜਿੰਦਰ ਜੱਸਲ, ਕੁਲਦੀਪ ਸਿੰਘ ਜਗਪਾਲ ਤੇ ਹੋਰ ਹਾਜ਼ਰ ਸਨ।

















