Aug 4, 2026

  ਵਿੰਨੀਪੈੱਗ,  4 ਅਗਸਤ (ਸੁਰਿੰਦਰ ਮਾਵੀ)- ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਕੈਲਗਰੀ ਵੱਲੋਂ ਕਰਵਾਇਆ ਗਿਆ 14ਵਾਂ ਹਾਕਸ ਗੋਲਡ ਕੱਪ 2026 ਫ਼ੀਲਡ ਹਾਕੀ ਟੂਰਨਾਮੈਂਟ ਖੇਡ ਉਤਸ਼ਾਹ ਅਤੇ ਸ਼ਾਨਦਾਰ ਮੁਕਾਬਲਿਆਂ ਦੇ ਨਾਲ ਸੰਪੰਨ ਹੋ ਗਿਆ। 31 ਜੁਲਾਈ ਤੋਂ 2 ਅਗਸਤ ਤੱਕ ਯੂਨੀਵਰਸਿਟੀ ਆਫ ਕੈਲਗਰੀ ਦੇ ਹਾਕਿੰਗਜ਼ ਟਰਫ ਫ਼ੀਲਡ ਵਿਖੇ ਕਰਵਾਏ ਗਏ ਇਸ ਤਿੰਨ ਰੋਜ਼ਾ ਟੂਰਨਾਮੈਂਟ ਵਿੱਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਟੀਮਾਂ ਨੇ ਭਾਗ ਲਿਆ।

ਇਸ ਸਾਲ ਦਾ ਸਭ ਤੋਂ ਵੱਡਾ ਆਕਰਸ਼ਣ ਵਿਨੀਪੈਗ, ਮੈਨੀਟੋਬਾ ਦੀ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਰਹੀ, ਜਿਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ ਵਰਗ (11-ਏ-ਸਾਈਡ) ਦਾ ਖ਼ਿਤਾਬ ਆਪਣੇ ਨਾਮ ਕੀਤਾ। ਟੋਬਾ ਵਾਰੀਅਰਜ਼ ਨੇ ਪੂਰੇ ਟੂਰਨਾਮੈਂਟ ਦੌਰਾਨ ਹਮਲਾਵਰ ਖੇਡ, ਮਜ਼ਬੂਤ ਡਿਫੈਂਸ ਅਤੇ ਬਿਹਤਰੀਨ ਟੀਮ ਤਾਲਮੇਲ ਦਾ ਪ੍ਰਦਰਸ਼ਨ ਕੀਤਾ।

ਸੈਮੀਫਾਈਨਲ ਵਿੱਚ ਟੋਬਾ ਵਾਰੀਅਰਜ਼ ਨੇ ਆਪਣੇ ਵਿਰੋਧੀ ਨੂੰ 4-0 ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਕੀਤਾ। ਫਾਈਨਲ ਮੁਕਾਬਲਾ ਬਹੁਤ ਹੀ ਰੋਮਾਂਚਕ ਰਿਹਾ, ਜਿੱਥੇ ਦੋਵਾਂ ਟੀਮਾਂ ਨੇ ਜਿੱਤ ਲਈ ਪੂਰਾ ਜ਼ੋਰ ਲਗਾਇਆ। ਆਖ਼ਰਕਾਰ ਟੋਬਾ ਵਾਰੀਅਰਜ਼ ਨੇ 2-1 ਨਾਲ ਜਿੱਤ ਦਰਜ ਕਰਦਿਆਂ ਹਾਕਸ ਗੋਲਡ ਕੱਪ ਦੀ ਟਰਾਫ਼ੀ ਆਪਣੇ ਨਾਮ ਕੀਤੀ। ਇਸ ਇਤਿਹਾਸਕ ਜਿੱਤ ਨਾਲ ਵਿਨੀਪੈਗ ਦੀ ਟੀਮ ਨੇ ਮੈਨੀਟੋਬਾ ਅਤੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।ਇਸ ਯਾਦਗਾਰ ਜਿੱਤ ਦਾ ਸਿਹਰਾ ਟੀਮ ਦੇ ਖਿਡਾਰੀਆਂ ਦੀ ਮਿਹਨਤ, ਕੋਚਿੰਗ ਸਟਾਫ਼ ਦੀ ਸਮਰਪਿਤ ਸਿਖਲਾਈ, ਕਲੱਬ ਪ੍ਰਬੰਧਕਾਂ ਦੀ ਯੋਜਨਾਬੱਧ ਮਿਹਨਤ ਅਤੇ ਮਾਪਿਆਂ ਤੇ ਸਮਰਥਕਾਂ ਦੇ ਲਗਾਤਾਰ ਹੌਸਲੇ ਨੂੰ ਜਾਂਦਾ ਹੈ। ਵਿਨੀਪੈਗ ਦੀ ਇਸ ਟੀਮ ਨੇ ਆਪਣੀ ਜਿੱਤ ਨਾਲ ਨਾ ਸਿਰਫ਼ ਮੈਨੀਟੋਬਾ ਦਾ ਨਾਮ ਰੌਸ਼ਨ ਕੀਤਾ, ਸਗੋਂ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਲਈ ਵੀ ਮਾਣ ਦਾ ਪਲ ਸਿਰਜਿਆ ਹੈ।

ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਦੇ ਸਮੂਹ ਖਿਡਾਰੀਆਂ, ਕੋਚਾਂ, ਪ੍ਰਬੰਧਕਾਂ, ਵਲੰਟੀਅਰਾਂ, ਮਾਪਿਆਂ ਅਤੇ ਸਮਰਥਕਾਂ ਨੂੰ ਇਸ ਇਤਿਹਾਸਕ ਜਿੱਤ ਲਈ ਦਿਲੋਂ ਬਹੁਤ-ਬਹੁਤ ਮੁਬਾਰਕਾਂ। ਅਸੀਂ ਕਾਮਨਾ ਕਰਦੇ ਹਾਂ ਕਿ ਟੀਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਫਲਤਾਵਾਂ ਹਾਸਲ ਕਰਦੀ ਰਹੇ ਅਤੇ ਵਿਨੀਪੈਗ, ਮੈਨੀਟੋਬਾ ਅਤੇ ਕੈਨੇਡਾ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਉੱਚਾ ਕਰੇ।

Leave a Reply

Your email address will not be published. Required fields are marked *