Aug 15, 2026

ਨਵੀਂ ਦਿੱਲੀ ( ਦਿਓਲ)-ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਜਿਥੇ ਅਜਾਦੀ ਦਿਵਸ ਦੀ ਵਧਾਈ ਦਿੱਤੀ ਉਥੇ ਨਾਲ ਹੀ ਸੁਚੇਤ ਕੀਤਾ ਕਿ ਹਥਿਆਰਬੰਦ ਨਕਸਲੀ ਤਾਂ ਚਲੇ ਗਏ ਹਨ ਪਰ ਹੁਣ ‘ਦਿਮਾਗੀ ਨਕਸਲੀ’ ਮੌਕੇ ਦੀ ਤਲਾਸ਼ ਵਿੱਚ ਹਨ ਅਤੇ ਸਮਾਜ ਨੂੰ ਗਲਤ ਰਾਹ ‘ਤੇ ਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਹੇ ਹਨ। ਅਜਿਹੇ ਲੋਕ ਹਿੰਸਾ ਦੇ ਰਾਹ ਲੱਭ ਰਹੇ ਹਨ, ਇਸ ਲਈ ਸਾਨੂੰ ਇਨ੍ਹਾਂ ਦਿਮਾਗੀ ਨਕਸਲੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਵੱਖ ਕਰਨਾ ਪਵੇਗਾ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਕੰਮ ਨਾਲ ਜੋੜਨਾ ਹੋਵੇਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਮਿਲਣਾ ਚਾਹੀਦਾ ਹੈ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਸ ਮੁੱਦੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ।

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਆਉਣ ਵਾਲੇ ਇੱਕ ਸਾਲ ਵਿੱਚ 1 ਕਰੋੜ ਨੌਜਵਾਨਾਂ ਨੂੰ ਏ.ਆਈ. (AI – Artificial Intelligence) ਹੁਨਰ ਦੀ ਸਿਖਲਾਈ ਦੇਵੇਗੀ। ਇਸ ਤੋਂ ਇਲਾਵਾ ਗ਼ਰੀਬ ਅਤੇ ਮੱਧਵਰਗੀ ਪਰਿਵਾਰਾਂ ਦੇ ਨੌਜਵਾਨਾਂ ਲਈ ਕਈ ਮੁਕਾਬਲਾ ਪ੍ਰੀਖਿਆਵਾਂ ਦੀ ਮੁਫ਼ਤ ਆਨਲਾਈਨ ਕੋਚਿੰਗ ਵੀ ਮੁਹੱਈਆ ਕਰਵਾਈ ਜਾਵੇਗੀ।

ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ’ਤੇ 21 ਤੋਪਾਂ ਦੀ ਸਲਾਮੀ: ਦੇਸ਼ ਵਿਚ ਅੱਜ 80ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਜਾ ਰਹੇ ਹਨ। ਇਸ ਖਾਸ ਮੌਕੇ ‘ਤੇ ਇਤਿਹਾਸ ਵਿੱਚ ਪਹਿਲੀ ਵਾਰ ਲਾਲ ਕਿਲ੍ਹੇ ’ਤੇ ‘ਵੰਦੇ ਮਾਤਰਮ’ ਗਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13ਵੀਂ ਵਾਰ ਤਿਰੰਗਾ ਝੰਡਾ ਲਹਿਰਾਇਆ। ਤਿਰੰਗਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਪ੍ਰਧਾਨ ਮੰਤਰੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਦੇਸ਼ ਦੇ ਨਾਂ ਸੰਬੋਧਨ ਕਰ ਰਹੇ ਹਨ।

ਆਜ਼ਾਦੀ ਦਿਹਾੜੇ ਦੇ ਇਸ ਸਮਾਗਮ ਨੂੰ ਹੋਰ ਵੀ ਖਾਸ ਬਣਾਉਣ ਲਈ 2,500 ਐਨ.ਸੀ.ਸੀ. ਕੈਡਿਟਾਂ ਅਤੇ ‘ਮਾਈ ਭਾਰਤ’ ਵਾਲੰਟੀਅਰਾਂ ਨੇ ਗਿਆਨਪਥ ‘ਤੇ ‘ਵੰਦੇ ਮਾਤਰਮ’ ਦੀ ਵਿਸ਼ੇਸ਼ ਆਕ੍ਰਿਤੀ ਤਿਆਰ ਕੀਤੀ। ਇਸ ਪੂਰੇ ਸਮਾਗਮ ਅਤੇ  ਆਲੇ-ਦੁਆਲੇ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖਣ ਲਈ 1,000 ਤੋਂ ਵੱਧ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ 5,000 ਵਿਸ਼ੇਸ਼ ਮਹਿਮਾਨ ਪਹੁੰਚੇ ਹੋਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 13ਵੇਂ ਲਗਾਤਾਰ ਸੰਬੋਧਨ ਦੌਰਾਨ ਆਪਣੇ ਖਾਸ ਅੰਦਾਜ਼ ਨਾਲ 80ਵੇਂ ਆਜ਼ਾਦੀ ਦਿਵਸ ਦਾ ਜਸ਼ਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਰਾਜਸਥਾਨੀ ਅਤੇ ਗੁਜਰਾਤੀ ਸੱਭਿਆਚਾਰ ਨਾਲ ਜੁੜੀ ਰਵਾਇਤੀ ਟਾਈ-ਐਂਡ-ਡਾਈ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਸੀ। ਮੋਦੀ ਨੇ ਇਸ ਰਵਾਇਤੀ ਪੱਗ ਨਾਲ ਚਿੱਟੇ ਰੰਗ ਦਾ ਕੁੜਤਾ ਅਤੇ ਚਾਕਲੇਟ ਭੂਰੇ ਰੰਗ ਦੀ ਜੈਕਟ ਪਾਈ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਸਰੀ, ਹਰੇ ਅਤੇ ਚਿੱਟੇ ਰੰਗ ਦੇ ਤਿੰਨ ਪਾਕੇਟ ਸਕੁਏਅਰ ਵੀ ਲਗਾਏ ਹੋਏ ਸਨ।

featured-img

Leave a Reply

Your email address will not be published. Required fields are marked *