Aug 16, 2026

Screenshot

ਸੁਖਵਿੰਦਰ ਸਿੰਘ ਚੋਹਲਾ—

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਪਰ ਨਾਂਦੇੜ ( ਮਹਾਂਰਾਸ਼ਟਰ) ਵਿਖੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਵਿਖੇ ਮੱਥਾ ਟੇਕਣ ਸਮੇਂ ਇਕ ਨਿਹੰਗ ਵਲੋਂ ਕਿਰਪਾਨ ( ਕਿਰਚ) ਨਾਲ ਹਮਲਾ ਕੀਤੇ ਜਾਣ ਦੀ ਘਟਨਾ ਬਹੁਤ ਹੀ ਦੁਖਦਾਈ, ਚਿੰਤਾਜਨਕ ਤੇ ਨਿੰਦਾਜਨਕ ਹੈ। ਸ ਸੁਖਬੀਰ ਸਿੰਘ ਬਾਦਲ ਉਪਰ ਹਮਲੇ ਦੀ ਇਹ ਦੂਸਰੀ ਘਟਨਾ ਹੈ ਤੇ ਦੋਵੇਂ ਘਟਨਾਵਾਂ ਗਰਦੁਆਰਾ ਸਾਹਿਬ ਦੀ ਹਦੂਦ ਅੰਦਰ ਵਾਪਰੀਆਂ ਹਨ। ਪਹਿਲੀ ਵਾਰ ਉਹਨਾਂ ਉਪਰ ਅਜਿਹਾ  ਹਮਲਾ 4 ਦਸੰਬਰ 2024 ਵਿਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਉਸ ਸਮੇਂ ਹੋਇਆ ਸੀ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਗਾਈ ਗਈ ਤਨਖਾਹ ਨੂੰ ਪੂਰਾ ਕਰਦਿਆਂ ਦਰਬਾਰ ਸਾਹਿਬ ਦੇ ਮੁੱਖ ਗੇਟ ਉਪਰ ਦਰਬਾਨ ਵਜੋਂ ਸੇਵਾ ਨਿਭਾਅ ਰਹੇ ਸਨ। ਉਸ ਸਮੇਂ ਉਹਨਾਂ ਨੂੰ ਇਕ ਸਾਬਕਾ ਖਾਲਿਸਤਾਨੀ ਆਗੂ ਨੇ ਗੋਲੀ ਮਾਰਨ ਦਾ ਯਤਨ ਕੀਤਾ ਪਰ ਸੁਰਖਿਆ ਜਵਾਨਾਂ ਦੀ ਚੌਕਸੀ ਅਤੇ ਦਲੇਰੀ ਕਾਰਣ ਉਹ ਵਾਲ ਵਾਲ ਬਚ ਗਏ। ਇਸ ਮਾਮਲੇ ਵਿਚ ਸਥਾਨਕ ਪੁਲਿਸ ਅਤੇ ਸਰਕਾਰ ਦੀ ਕਾਰਗੁਜਾਰੀ ਇਹ ਰਹੀ ਕਿ ਹਮਲਾਵਰ ਲਗਪਗ ਚਾਰ ਮਹੀਨੇ ਬਾਦ ਜਮਾਨਤ ਤੇ ਰਿਹਾਅ ਵੀ ਹੋ ਗਿਆ। ਤਾਜ਼ਾ  ਘਟਨਾ ਵੀ ਜੋ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਵਾਪਰੀ ਹੈ, ਵਿਚ ਹਮਲਾਵਰ ਨੇ ਉਹਨਾਂ ਉਪਰ ਬਹੁਤ ਨੇੜਿਊਂ ਤਲਵਾਰ (ਕਿਰਚ) ਨਾਲ ਹਮਲਾ ਕੀਤਾ ਹੈ। ਇਸ ਹਮਲੇ ਵਿਚ ਉਹਨਾਂ ਦੀ ਬਾਂਹ ਅਤੇ ਗੁੱਟ ਉਪਰ ਜ਼ਖਮ ਆਏ ਹਨ। ਹਮਲਾਵਰ ਨੂੰ ਕਾਬੂ ਕਰਦਿਆਂ ਇਕ ਸੁਰੱਖਿਆ ਮੁਲਾਜ਼ਮ ਵੀ ਜਖਮੀ ਹੋਇਆ ਹੈ। ਹਮਲਾਵਰ ਨਿਹੰਗ ਬਾਣੇ ਵਿਚ ਸੀ। ਇਹ ਉਹੀ ਨਿਹੰਗ ਬਾਣਾ ਹੈ ਜਿਸ ਨੂੰ ਪਹਿਨਣ ਵਾਲੇ ਕਿਸੇ ਵੀ ਸਿੱਖ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿਕੇ ਸਤਿਕਾਰ ਦਿੱਤਾ ਜਾਂਦਾ ਹੈ। ਕਿਸੇ ਵੀ ਨਿਹੰਗ ਬਾਣੇ ਵਿਚ ਸਜੇ ਸਿੱਖ ਨੂੰ ਧਰਮ ਪ੍ਰਤੀ ਸਮਰਪਿਤ ਅਤੇ ਲੋਕਾਈ ਦੇ ਰੱਖਿਅਕ ਵਜੋਂ ਵੇਖਿਆ ਜਾਂਦਾ ਹੈ ਪਰ ਜਦੋਂ ਅਜਿਹਾ ਕੋਈ ਵਿਅਕਤੀ ਗੁਰੂ ਘਰ ਦੇ ਅੰਦਰ ਹੀ ਕਿਸੇ ਸ਼ਰਧਾਲੂ ਜਾਂ ਗੁਰੂ ਦੀ ਸ਼ਰਨ ਆਏ ਵਿਅਕਤੀ ਜਾਂ ਵਿਅਕਤੀ ਵਿਸ਼ੇਸ਼ ਨੂੰ ਜਾਨੋਂ ਮਾਰਨ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦਾ ਯਤਨ ਕਰਦਾ ਹੈ, ਤਾਂ ਉਹ ਕੋਈ ਨਿਹੰਗ ਸਿੰਘ ਨਹੀਂ ਭੇਖੀ ਹੀ ਹੋ ਸਕਦਾ ਹੈ। ਜੋ ਆਪਣੀ ਨਿੱਜੀ ਰੰਜਿਸ਼ ਜਾਂ ਕਿਸੇ ਸਾਜਿਸ਼ ਤਹਿਤ ਗੁਰੂ ਘਰ ਦੀ ਮਾਣ ਮਰਿਯਾਦਾ ਨੂੰ ਵੀ ਛਿੱਕੇ ਟੰਗ ਦੇਵੇ। ਅਜਿਹਾ ਵਿਅਕਤੀ ਕਨੂੰਨੀ ਮੁਜਰਮ ਹੋਣ ਦੇ ਨਾਲ ਗੁਰੂ ਘਰ ਦਾ ਵੀ ਦੋਖੀ ਹੈ।

ਸੁਖਬੀਰ ਸਿੰਘ ਬਾਦਲ ਉਪਰ ਇਸ ਘਾਤਕ ਹਮਲੇ ਉਪਰੰਤ ਜਿਥੇ ਪ੍ਰਧਾਨ ਮੰਤਰੀ ਤੇ ਹੋਰ ਆਗੂਆਂ ਨੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਉਥੇ ਉਹਨਾਂ ਦੇ ਸਿਆਸੀ ਵਿਰੋਧੀਆਂ ਨੇ ਇਸ ਹਮਲੇ ਦੀ ਨਿੰਦਾ ਦੇ ਨਾਲ ਪਿਛਲੇ ਸਮੇਂ ਦੌਰਾਨ ਬੇਅਦਬੀਆਂ ਦੀਆਂ ਘਟਨਾਵਾਂ ਲਈ ਤਤਕਾਲੀ ਅਕਾਲੀ ਸਰਕਾਰ ਅਤੇ ਉਹਨਾਂ ਦੀ ਸ਼ੱਕੀ ਭੂਮਿਕਾ ਨੂੰ ਯਾਦ ਕਰਵਾਉਂਦਿਆਂ ਇਸ ਹਮਲੇ ਨੂੰ ਸਿੱਖ ਭਾਵਨਾਵਾਂ ਦੀ ਪੀੜਾ ਦਾ ਪ੍ਰਤੀਕਰਮ ਬਿਆਨਿਆ ਹੈ। ਉਹਨਾਂ ਦੇ ਸਿਆਸੀ ਵਿਰੋਧੀਆਂ ਨੇ ਗੁਰੂ ਘਰ ਵਿਚ ਕਿਸੇ ਸ਼ਰਧਾਲੂ ਸਿੱਖ ਜਾਂ ਸ਼ਰਧਾਵਾਨ ਉਪਰ ਹੋਏ ਕਾਤਲਾਨਾ ਹਮਲੇ ਤੇ ਚਿੰਤਾ ਵਿਖਾਉਣ ਦੀ ਬਿਜਾਏ ਆਪਣੇ ਸਿਆਸੀ ਏਜੰਡੇ ਨੂੰ ਲੋਕਾਂ ਅੱਗੇ ਰੱਖਣ ਅਤੇ ਵੋਟ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਮਨਸੂਬਿਆਂ ਨੂੰ ਜੱਗ ਜਾਹਰ ਕਰਨ ਤੋਂ ਸੰਕੋਚ ਨਹੀ ਕੀਤਾ। ਪਿਛਲੇ ਲੰਬੇ ਸਮੇਂ ਤੋਂ ਬੇਅਦਬੀਆਂ, ਬੇਅਦਬੀਆਂ ਦਾ ਇਨਸਾਫ, ਬਰਗਾੜੀ, ਬਹਿਬਲ ਕਲਾਂ, ਕੋਟਕਪੁਰਾ ਦੀਆਂ ਘਟਨਾਵਾਂ, ਡੇਰਾ ਸੱਚਾ ਸੌਦਾ ਮੁਖੀ ਵਲੋਂ ਦਸਮ ਪਿਤਾ ਦਾ ਸਵਾਂਗ ਰਚਣ, ਡੇਰਾ ਮੁਖੀ ਨੂੰ ਮੁਆਫੀ, ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੋਮਣੀ ਕਮੇਟੀ ਦੀ ਸਵਾਲੀਆ ਭੂਮਿਕਾ, ਬਾਦਲ ਪਰਿਵਾਰ ਦਾ ਸਿੱਖ ਸੰਸਥਾਵਾਂ ਅਤੇ ਸਿਆਸਤ ਤੇ ਕਬਜ਼ਾ -ਇਹਨਾਂ ਮੁੱਦਿਆਂ ਨੂੰ ਬਾਦਲਾਂ ਦੇ ਸਿਆਸੀ ਵਿਰੋਧੀਆਂ ਨੇ ਕਦੇ ਵੀ ਆਪਣੇ ਏਜੰਡੇ ਚੋਂ ਮਨਫੀ ਨਹੀ ਹੋਣ ਦਿੱਤਾ। ਇਹਨਾਂ ਵਿਰੋਧੀ ਨੇਤਾਵਾਂ ਦੇ ਬਾਦਲ ਪਰਿਵਾਰ ਵਿਰੋਧੀ ਇਸ ਏਜੰਡੇ ਨੇ ਅਕਾਲੀ ਆਗੂਆਂ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ, ਤਨਖਾਹ ਲਗਵਾਉਣ, ਤਨਖਾਹ ਪੂਰੀ ਕਰਨ ਉਪਰੰਤ ਜਥੇਦਾਰ ਤੋਂ ਕਲੀਨ ਚਿੱਟ ਲੈਣ ਦੇ ਬਾਵਜੂਦ- ਬੇਅਦਬੀਆਂ ਦੇ ਮੁੱਦੇ ਨੂੰ ਕਦੇ ਮਾਂਦ ਨਹੀ ਪੈਣ ਦਿੱਤਾ। ਅਕਾਲੀ ਦਲ ਦੀਆਂ  2007 ਤੋਂ 2017 ਤੱਕ ਦੀਆਂ ਦੋ ਸਰਕਾਰਾਂ ਦੇ ਕਾਰਜਕਾਲ ਦੌਰਾਨ ਵਾਪਰੀਆਂ ਘਟਨਾਵਾਂ ਉਪਰੰਤ ਪੰਜਾਬ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੇ ਲਗਪਗ 10 ਸਾਲ ਬੀਤ ਜਾਣ ਦੇ ਬਾਵਜੂਦ ਵੀ ਬੇਅਦਬੀਆਂ ਦਾ ਮੁੱਦਾ ਅੱਜ ਵੀ ਅਕਾਲੀ ਸਿਆਸਤ ਉਪਰ ਗ੍ਰਹਿਣ ਵਾਂਗ ਛਾਇਆ ਹੋਇਆ ਹੈ। ਕਾਰਣ ਇਹ ਹੈ ਕਿ ਵਿਰੋਧੀ ਪਾਰਟੀਆਂ ਅਤੇ ਆਗੂਆਂ ਕੋਲ, ਪੰਥ ਦੇ ਨਾਮ ਤੇ ਵੋਟਾਂ ਲੈਣ ਅਤੇ ਰਾਜਸੱਤਾ ਦਾ ਸੁਖ ਮਾਨਣ ਵਾਲੇ ਅਕਾਲੀ ਦਲ ਨੂੰ ਲੋਕ ਕਟਿਹਰੇ ਵਿਚ ਖੜਾ ਕਰਨ ਅਤੇ ਭਾਂਜ ਦੇਣ ਲਈ ਹੋਰ ਕੋਈ ਵੱਡਾ ਮੁੱਦਾ ਹੈ ਹੀ ਨਹੀ। ਬੇਅਦਬੀਆਂ ਦੀਆਂ ਘਟਨਾਵਾਂ ਲਈ ਜਿੰਮੇਵਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਤੋਂ ਅਸਮਰਥ ਰਹਿਣ ਦੀ ਸ਼ਰਮਸ਼ਾਰੀ ਅਤੇ ਬਦਨਾਮੀ ਤੋਂ ਨਿਜਾਤ ਲਈ ਅਕਾਲੀ ਦਲ ਕੋਲ ਕਈ ਮੌਕੇ ਸਨ ਪਰ ਬਾਦਲ ਪਰਿਵਾਰ ਨੇ ਉਹਨਾਂ ਮੌਕਿਆਂ ਦਾ ਕੋਈ ਲਾਭ ਨਹੀ ਲਿਆ ਬਲਕਿ ਵਿਰੋਧੀਆਂ ਦੇ ਉਹਨਾਂ ਦਾਅਵਿਆਂ ਅਤੇ ਇਲਜਾਮਾਂ ਨੂੰ ਸੱਚ ਸਾਬਿਤ ਕਰਨ ਵਿਚ ਮਦਦ ਹੀ ਕੀਤੀ ਕਿ ਅਕਾਲੀ ਦਲ ਉਪਰ ਬਾਦਲ ਪਰਿਵਾਰ ਦਾ ਕਬਜਾ ਹੈ। ਅਕਾਲੀ ਦਲ ਉਪਰ ਬਾਦਲ ਪਰਿਵਾਰ ਦੇ ਕਬਜੇ ਅਤੇ ਬੇਅਦਬੀਆਂ ਦੇ ਇਲਜਾਮਾਂ ਦਾ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੋਵਾਂ ਨੇ ਵੱਡਾ ਖਮਿਆਜਾ ਭੁਗਤਿਆ ਹੈ। ਇਸ ਖਮਿਆਜੇ ਵਿਚ 2017 ਵਿਚ ਅਕਾਲੀ ਦਲ ਦਾ 15 ਸੀਟਾਂ ਤੱਕ ਸਿਮਟਣਾ ਅਤੇ 2022 ਵਿਚ ਤਿੰਨ ਸੀਟਾਂ ਤੱਕ ਸੀਮਤ ਰਹਿ ਜਾਣਾ ਸ਼ਾਮਿਲ ਹੈ। ਸਥਿਤੀ ਇਹ ਵੀ ਹੈ ਕਿ ਅੱਜ ਵਿਧਾਨ ਸਭਾ ਵਿਚ ਅਕਾਲੀ ਦਲ ਦੀਆਂ ਤਿੰਨ ਸੀਟਾਂ ਚੋਂ ਦੋ ਵਿਧਾਇਕਾਂ ਵਲੋਂ ਹੋਰ ਪਾਰਟੀਆਂ ਦਾ ਪੱਲਾ ਫੜਨ ਨਾਲ ਕੇਵਲ ਇਕ ਸੀਟ ਦੀ ਹੀ ਹਾਜਰੀ ਹੈ। ਇਸਦੇ ਬਾਵਜੂਦ ਅਕਾਲੀ ਦਲ ਆਪਣੀ ਲੜਾਈ ਲੜ ਰਿਹਾ ਹੈ। ਉਹ ਪੰਜਾਬ ਅਤੇ ਸਿੱਖ ਵੋਟਰਾਂ ਨੂੰ ਇਹ ਜਚਾਉਣ ਦੇ ਯਤਨਾਂ ਤੋਂ ਪਿਛੇ ਨਹੀ ਹਟੇ ਕਿ ਸੁਖਬੀਰ ਬਾਦਲ ਹੀ ਇਕ ਅਜਿਹਾ ਆਗੂ ਹੈ ਜੋ ਅਕਾਲੀ ਦਲ ਦੀ ਅਗਵਾਈ ਦੇ ਸਮਰੱਥ ਹੈ। ਇਹ ਵੱਖਰੀ ਗੱਲ ਹੈ ਕਿ ਸੋਸ਼ਲ ਮੀਡੀਆ ਵਿਚ ਉਹਨਾਂ ਦੀ ਸਮਰੱਥਾ ਕਈ ਤਰਾਂ ਦੇ ਚੰਗੇ ਮਾੜੇ ਪ੍ਰਭਾਵਾਂ ਸਮੇਤ ਜ਼ਾਹਰ ਹੁੰਦੀ ਰਹਿੰਦੀ ਹੈ। ਬਾਦਲ ਦਲੀਆਂ ਦੀ ਸੁਖਬੀਰ ਸਿੰਘ ਬਾਦਲ ਨੂੰ ਆਗੂ ਬਣਾਈ ਰੱਖਣ ਦੀ ਜ਼ਿਦ ਅਤੇ ਇਸ ਦੌਰਾਨ ਅਕਾਲ ਤਖਤ ਨੂੰ ਸਮਰਪਿਤ ਅਤੇ ਪੰਥ ਦੀਆਂ ਅਸਲ ਪ੍ਰਤੀਨਿਧ ਹੋਣ ਦੀਆਂ ਦਾਅਵੇਦਾਰ  ਦੋ ਹੋਰ ਧਿਰਾਂ -ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ ਦੇ ਵਿਚਾਲੇ ਸਿਆਸੀ ਖਿਚੋਤਾਣ ਜਾਰੀ ਹੈ। ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਮੱਦੇਨਜ਼ਰ ਰਖਦਿਆਂ ਕਿਸ ਅਕਾਲੀ ਦਲ ਦਾ ਕਿਸੇ ਤੀਸਰੀ ਵੱਡੀ ਧਿਰ ਨਾਲ ਗਠਜੋੜ ਹੋਵੇ- ਕਈ ਤਰਾਂ ਦੇ ਜੋੜ ਤੋੜ ਦੀਆਂ ਕੋਸ਼ਿਸ਼ਾਂ ਅਤੇ ਕਿਆਸਰਾਈਆਂ ਹਨ। ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੇ ਇਹਨਾਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕੀਤਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੁਰਾਣੇ ਭਾਈਵਾਲ ਮੁੜ ਇਕੱਠੇ ਹੋ ਸਕਦੇ ਹਨ। ਬਾਦਲ ਵਿਰੋਧੀ ਧਿਰਾਂ ਨੂੰ ਆਪਣੀਆਂ ਸਿਆਸੀ ਗਿਣਤੀਆਂ ਮਿਣਤੀਆਂ ਵਿਚ ਸ਼ਾਇਦ ਅਜਿਹਾ ਗਠਜੋੜ ਕਦੇ ਵੀ ਗਵਾਰਾ ਨਹੀ। ਕਿਸੇ ਸਿਆਸੀ ਆਗੂ ਨੂੰ ਸੌੜੀ ਸਿਆਸਤ ਲਈ ਨਿਸ਼ਾਨਾ ਬਣਾਉਣਾ ਜਾਂ ਕਿਸੇ ਸਾਜਿਸ਼ ਵਿਚ ਭਾਈਵਾਲ ਬਣਨਾ ਜਾਂ ਨਫਰਤੀ ਸੋਚ ਨੂੰ ਆਪਣੇ ਹਿੱਤ ਲਈ ਬੜਾਵਾ ਦੇਣ ਦੀ ਕੋਸ਼ਿਸ਼ ਕਚਾਚਿਤ ਵੀ ਜਮਹੂਰੀ ਰਵਾਇਤਾਂ ਜਾਂ ਅਮਲ ਦੇ ਪੱਖ ਵਿਚ ਨਹੀਂ। ਸੌੜੀ ਸਿਆਸਤ ਅਤੇ ਨਫਰਤੀ ਸੋਚ ਨੇ ਪੰਜਾਬ ਦਾ ਹੁਣ ਤੱਕ ਕੁਝ ਨਹੀ ਸੰਵਾਰਿਆ। ਸੁਖਬੀਰ ਬਾਦਲ ਉਪਰ ਖਤਰਨਾਕ ਹਮਲੇ ਦੀ ਨਿੰਦਾ ਦੇ ਨਾਲ ਆਪਣੇ ਸਿਆਸੀ ਮੁਫਾਦ ਵਾਲੇ ਏਜੰਡੇ ਨੂੰ ਚਲਾਉਣ ਵਾਲੇ ਆਗੂਆਂ ਦੀ ਸੌੜੀ ਸਿਆਸਤ ਦਾ ਚਿਹਰਾ ਸਭ ਦੇ ਸਾਹਮਣੇ ਹੈ। ਸਿਆਸੀ ਆਗੂਆਂ ਤੋਂ ਇਲਾਵਾ ਪੰਥਕ ਹਿੱਤਾਂ ਦੇ ਰਖਵਾਲੇ ਕਹਾਉਣ ਵਾਲੇ ਆਗੂਆਂ ਅਤੇ ਸਾਬਕਾ ਜਥੇਦਾਰਾਂ ਦੇ ਬਿਆਨ ਵੀ ਇਹ ਸਮਝਣ ਲਈ ਕਾਫੀ ਹਨ ਕਿ ਉਹਨਾਂ ਦੇ ਮਨਾਂ ਵਿਚ ਕੀ ਹੈ। ਮਨਾਂ ਵਿਚਲੀ ਜ਼ਹਿਰ ਦੇ ਅਰਥ ਕੀ ਹਨ। ਨਫਰਤੀ ਸੋਚ ਨੂੰ ਬੜਾਵਾ ਦੇਣ ਅਤੇ ਲੋਕ ਹਿੱਤ ਤੋਂ ਵਧੇਰੇ ਆਪਣੇ ਨਿੱਜ ਨੂੰ ਤਰਜੀਹ ਦੇਣ ਵਾਲੇ ਇਹਨਾਂ ਆਗੂਆਂ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਨਵੀਂ ਪੀੜੀ ਨੂੰ ਕੁਰਬਾਨੀਆਂ ਦੇ ਇਤਿਹਾਸ ਚੋ ਨਾਅਰਿਆਂ ਦੀ ਸਿਆਸਤ ਵਿਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਵੀ ਬਹੁਤ ਖਤਰਨਾਕ ਹੋ ਸਕਦੀਆਂ ਹਨ…

Leave a Reply

Your email address will not be published. Required fields are marked *