ਵਿਕਟੋਰੀਆ ( ਜਗੀਰ ਵਿਰਕ)- ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਦੇ ਖੂਬਸੂਰਤ ਸ਼ਹਿਰ ਵਿਕਟੋਰੀਆ ਵਿਖੇ 16 ਅਗਸਤ ਦਿਨ ਐਤਵਾਰ ਨੂੰ ਬੈਕਵਿਥ ਪਾਰਕ ਵਿੱਚ ਪੰਜਾਬੀ ਮੇਲਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਦੀ ਸੁਰੂਆਤ ਕੈਨੇਡਾ ਅਤੇ ਭਾਰਤ ਦੇ ਰਾਸ਼ਟਰੀ ਗੀਤ ਨਾਲ ਕੀਤੀ ਗਈ। ਭਾਰਤ ਦੇ 80ਵੇ ਅਜ਼ਾਦੀ ਦਿਵਸ ਦੇ ਜਸ਼ਨਾਂ ਨੂੰ ਮਨਾਉਂਦੇ ਹੋਏ ਗਦਰੀ ਬਾਬਿਆਂ ਨੂੰ ਸਿਜਦਾ ਕੀਤਾ ਗਿਆ ਜਿਹਨਾਂ ਦੀ ਬਦੌਲਤ ਅਸੀ ਅਜ਼ਾਦੀ ਦਾ ਅਨੰਦ ਮਾਣ ਰਹੇ ਹਾਂ। ਮੇਲੇ ਦੀਆਂ ਰੌਣਕਾਂ ਵੇਖਣ ਵਾਲ਼ੀਆਂ ਸਨ। ਸਾਰੇ ਹੀ ਭੈਣ- ਭਰਾਵਾਂ, ਬਜ਼ੁਰਗਾਂ, ਅਤੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ।
ਮੇਲੇ ਵਿੱਚ ਪ੍ਰਬੰਧਕਾਂ ਦੀ ਬੇਨਤੀ ਤੇ ਸਰੀ ਤੋਂ ਪ੍ਰੋ ਮੋਹਣ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਾਹਿਬ ਸਿੰਘ ਥਿੰਦ ਉਚੇਚੇ ਤੌਰ ਤੇ ਵਿਕਟੋਰੀਆ ਆਏ। ਉਹਨਾਂ ਗਦਰੀ ਬਾਬਿਆਂ ਦੇ ਭਾਰਤ ਨੂੰ ਅਜ਼ਾਦ ਕਰਵਾਉਣ, ਕਨੇਡਾ ਵਿੱਚ ਵੋਟ ਦੇ ਹੱਕ ਤੇ ਮਨੁੱਖੀ ਅਧਿਕਾਰਾਂ ਲਈ ਲੰਮੀ ਸੰਘਰਸ਼ ਤੇ ਚਾਨਣਾ ਪਾਇਆ। ਮੇਲੇ ਵਿੱਚ ਵੱਖ ਵੱਖ ਬੁਲਾਰਿਆਂ ਨੇ ਦੇਸ ਭਗਤਾਂ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅੱਜ ਅਸੀ ਜੋ ਅਜਾਦੀ ਦਾ ਅਨੰਦ ਮਾਣ ਰਹੇ ਇਹ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਹੈ। ਇਹਨਾ ਨੇ ਹੀ ਸਾਨੂੰ ਅਣਖ ਦੀ ਜਿੰਦਗੀ ਜਿਉਣ ਦੀ ਪ੍ਰੇਰਣਾ ਦਿੱਤੀ ਹੈ। ਮੇਲੇ ਵਿੱਚ ਮਾਣਯੋਗ ਖੇਤੀਬਾੜੀ ਮੰਤਰੀ ਲੈਨਾ ਪਾਪਹੈਮ, ਸਿਟੀਜਨ ਸਰਵਿਸਿਜ਼ ਮੰਤਰੀ ਡਿਆਨਾ ਗਿਬਸਨ, ਐਮ ਪੀ ਵਿਲ ਗਰੀਵਜ਼, ਵਿਕਟੋਰੀਆ ਦੇ ਸਾਬਕਾ ਪੁਲੀਸ ਚੀਫ ਡੈਲ ਮਾਣਕ, ਕੌਸਲਰ ਮੀਨਾ ਵੈਸਟਹੈਵਰ, ਕੌਲ਼ਨ ਪਲਾਂਟ, ਜੈਕ ਡੀ ਵਰਾਈਜ਼, ਅਤੇ ਕੈਰਨ ਹਾਰਪਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਭਿਆਚਾਰਕ ਤੌਰ ਤੇ ਗਾਇਕਾਂ ਮਨਜੋਤ ਕੌਰ ਢਿੱਲੋਂ ਤੇ ਹੋਰ ਲੋਕਲ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ। ਬੱਚਿਆਂ ਦੀ ਪੇਸ਼ਕਾਰੀ ਦੀ ਸਭ ਨੇ ਸ਼ਲਾਘਾ ਕੀਤੀ। ਮੇਲੇ ਵਿੱਚ ਬਹੁਤ ਸਾਰੇ ਵਪਾਰੀ ਭੈਣ- ਭਰਾ ਆਪਣੀਆਂ ਸੇਵਾਵਾਂ ਦੀ ਜਾਣਕਾਰੀ ਸਾਂਝੀ ਕਰ ਰਹੇ ਸਨ। ਇਸ ਦੇ ਨਾਲ ਹੀ ਗਹਿਣਿਆਂ ਗੱਟਿਆਂ, ਪੰਜਾਬੀ ਜੁਤੀਆਂ, ਸੂਟਾਂ ਤੇ ਚੁੰਨੀਆਂ ਤੇ ਹੋਰ ਸਭਿਆਚਾਰਕ ਵੰਨਗੀਆਂ ਦਾ ਆਪਣਾ ਇਕ ਰੰਗ ਸੀ।













