ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- 16 ਅਗਸਤ ਐਤਵਾਰ ਨੂੰ ਹਫ਼ਤਾਵਾਰੀ ਦੀਵਾਨਾ ਵਿਚ ਡੈਲਟਾ ਦੇ ਹਰਮਨ ਪਿਆਰੇ ਮੇਅਰ ਜੌਰਜ ਹਾਰਵੀ ਨੇ ਆਪਣੇ ਕੌਂਸਲਰਾਂ ਸਮੇਤ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਹਾਜ਼ਰੀ ਲੁਆਈ। ਉਨ੍ਹਾਂ ਨੇ ਡੈਲਟਾ ਦੇ ਫਰੇਜਰ ਰਿਵਰ ਦੇ ਕਿਨਾਰੇ ਪਰਿਵਾਰਾਂ ਤੋਂ ਵਿਛੜਨ ਵਾਲੇ ਆਪਣੇ ਪਿਆਰਿਆਂ ਦੀਆਂ ਅਸਥੀਆਂ ਜਲ-ਪ੍ਰਵਾਹ ਕਰਨ ਬਾਰੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ। ਪਿਛਲੇ ਸਾਲ ਸਿਟੀ ਆਫ਼ ਡੈਲਟਾ ਨੇ ਇਸ ਦੀ ਮਨਜ਼ੂਰੀ ਸਰਬ ਸੰਮਤੀ ਨਾਲ ਦੇ ਦਿੱਤੀ ਸੀ ਪਰੰਤੂ ਸੂਬੇ ਦੀ ਸਰਕਾਰ ਵੱਲੋਂ ਵਾਤਾਵਰਨ ਤੇ ਹੋਰ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਇਸ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਨੂੰ ਵਧੀਆ ਤਰੀਕੇ ਨਾਲ ਉਸਾਰਨ ਲਈ 2 ਲੱਖ 25 ਹਜ਼ਾਰ ਦੀ ਗਰਾਂਟ ਵੀ ਮਨਜ਼ੂਰ ਕਰ ਦਿੱਤੀ ਹੈ। ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੰਗਤਾਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਗਈ। ਪ੍ਰਬੰਧਕ ਕਮੇਟੀ ਅਤੇ ਕਮਿਊਨਿਟੀ ਦੇ ਪਤਵੰਤਿਆਂ ਵੱਲੋਂ ਪਲੇਕ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਰਣਜੀਤ ਸਿੰਘ ਹੇਅਰ ਪ੍ਰਧਾਨ, ਵੱਲੋਂ ਇਸ ਸਲਾਘਾ ਭਰੇ ਕਦਮਾਂ ਦੀ ਵਡਿਆਈ ਕੀਤੀ ਗਈ। ਕਮਿਊਨਿਟੀ ਦੀ ਚਿਰਾਂ ਤੋਂ ਉੱਠ ਰਹੀ ਮੰਗ ਮੇਅਰ ਨੇ ਪੂਰੀ ਕੀਤੀ।
