ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਦੇ ਸੀਨੀਅਰ ਮੈਂਬਰ ਕਾਮਰੇਡ ਚਿਰੰਜੀ ਲਾਲ ਕੰਗਣੀਵਾਲ 13 ਅਗਸਤ ਵੀਰਵਾਰ ਨੂੰ ਸਨ ਸੈੱਟ ਇੰਡੋ ਕੈਨੇਡੀਅਨ ਸੁਸਾਇਟੀ ਵੈਨਕੂਵਰ ਵਿਖੇ ਮੇਜਰ ਸਿੰਘ ਸਿੱਧੂ (ਪ੍ਰਧਾਨ) ਦੇ ਸੱਦਾ ਪੱਤਰ ਤੇ ਪਹੁੰਚੇ। ਉਨ੍ਹਾਂ ਦੇ ਨਾਲ ਮੋਹਨ ਸਿੰਘ ਮੈਮੋਰੀਅਲ ਦੇ ਕਰਤਾ ਧਰਤਾ ਸਾਹਿਬ ਸਿੰਘ ਥਿੰਦ ਅਤੇ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਪ੍ਰਮਿੰਦਰ ਸਵੈਚ ਵੀ ਪਹੁੰਚੇ ਹੋਏ ਸਨ। ਬਰਨਬੀ ਤੋਂ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਨੇ ਦੱਸਿਆ ਕਿ ਪਹਿਲਾਂ ਭਾਰਤੀ ਲੋਕਾਂ ਨਾਲ ਕਿਸ ਤਰਾਂ ਨਸਲੀ ਵਿਤਕਰਾ ਹੁੰਦਾ ਰਿਹਾ ਹੈ। ਲੰਗਾਰਾ ਦੀ ਐਮ.ਐਲ.ਏ ਸੁਨੀਤਾ ਧੀਰ ਨੇ ਵੀ ਹਾਜ਼ਰੀ ਲੁਆਈ। ਚਿਰੰਜੀ ਲਾਲ ਕੰਗਣੀਵਾਲ ਨੇ ਦੇਸ਼ ਭਗਤਾਂ ਗ਼ਦਰੀ ਬਾਬਿਆਂ ਅਤੇ ਅਕਾਲੀ ਬਬਰਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਕਿਸ ਤਰ੍ਹਾਂ ਉਹ ਕੈਨੇਡਾ ਦੇ ਸੁੱਖ ਆਰਾਮ ਤਿਆਗ ਕੇ ਭਾਰਤ ਦੀ ਆਜ਼ਾਦੀ ਵਾਸਤੇ ਜੂਝੇ। ਬੇਸ਼ੱਕ ਉਨ੍ਹਾਂ ਨੂੰ ਫਾਂਸੀਆਂ ਦੇ ਰੱਸੇ ਚੁੰਮਣੇ ਪਏ, ਕਾਲੇ ਪਾਣੀਆਂ ਦੀਆਂ ਸਜਾਵਾਂ ਹੋਈਆਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਬਰਤਾਨਵੀ ਆ ਸਰਕਾਰ ਵੱਲੋਂ ਕੀਤੀਆਂ ਗਈਆਂ। ਉਨਾਂ ਦੇਸ਼ ਭਗਤਾਂ ਨੇ ਆਪਣਾ ਸਿਰੜ ਨਹੀਂ ਤਿਆਗਿਆ। ਉਨ੍ਹਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਅਨੇਕਾਂ ਗਦਰੀਆਂ ਅਤੇ ਬਬਰਾਂ ਦੇ ਨਾਂ ਅਤੇ ਉਨ੍ਹਾਂ ਦੇ ਪਿੰਡ ਬਾਰੇ ਪੂਰੀ ਜਾਣਕਾਰੀ ਦਿੱਤੀ। ਬਾਬਾ ਭਗਵਾਨ ਸਿੰਘ ਦੁਸਾਂਝ ਬਾਰੇ ਚਿਰੰਜੀ ਲਾਲ ਦੀ ਪੁਸਤਕ ਪੜ੍ਹਨ ਯੋਗ ਹੈ। ਉਸ ਵਿਚੋਂ ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਹੁੰਦੇ ਹੋਏ ਪਹਿਲਾ ਜਥਾ ਵਿਦੇਸ਼ਾਂ ਤੋ ਗਿਆ ਸੀ ਜਿਸ ਦੀ ਅਗਵਾਈ ਭਗਵਾਨ ਸਿੰਘ ਨੇ ਕੀਤੀ ਸੀ। ਜੈਤੋ ਦਾ ਮੋਰਚਾ 1924 ਵਿਚ ਲੱਗਿਆ ਸੀ ਜਿਸ ਵਿਚ ਸੈਂਕੜੇ ਮਰਜੀਵੜਿਆਂ ਨੇ ਸ਼ਹੀਦੀ ਦਾ ਜਾਮ ਪੀਤਾ। ਇਹ 10 ਮੈਂਬਰਾਂ ਦਾ ਜਥਾ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਤੋਂ 17 ਜੁਲਾਈ 1924 ਨੂੰ ਵਿਕਟੋਰੀਆ ਤੋਂ ਰਵਾਨਾ ਹੋਇਆ ਸੀ ਜਿਨ੍ਹਾਂ ਨੇ ਫਰਵਰੀ 1925 ਵਿਚ ਜੈਤੋ ਵਿਖੇ ਗ੍ਰਿਫਤਾਰੀ ਦਿੱਤੀ ਸੀ। ਚਿਰੰਜੀ ਲਾਲ ਕੰਗਣੀਵਾਲ ਦੀਆਂ ਹੋਰ ਵੀ ਬਹੁਤ ਕਿਤਾਬਾਂ ਗ਼ਦਰੀ ਬਾਬਿਆਂ ਤੇ ਬਬਰਾਂ ਬਾਰੇ ਲਿਖਿਆ ਮਿਲਦੀਆਂ ਹਨ। ਕਸ਼ਮੀਰ ਸਿੰਘ ਧਾਲੀਵਾਲ ਦੇ ਬਾਬਾ ਵਸਾਖਾ ਸਿੰਘ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਾਜ ਚੌਹਾਨ ਸਪੀਕਰ ਵੱਲੋਂ ਸਨਮਾਨ ਚਿੰਨ੍ਹ ਦਿੱਤਾ ਗਿਆ। ਸਮਾਗਮ ਦੇ ਅੰਤ ਵਿਚ ਚਾਹ ਪਾਣੀ ਛਕਾਇਆ ਗਿਆ ਤੇ ਯਾਦਗਾਰੀ ਤਸਵੀਰਾਂ ਲਈਆਂ ਗਈਆਂ।




