ਸੁਰਿੰਦਰ ਮਾਵੀ-
ਵਿੰਨੀਪੈਗ ਦੇ ਬਾਜ਼ਾਰਾਂ ਵਿੱਚ ਅੱਜਕੱਲ੍ਹ ਵਰਦੀ ਪਾ ਕੇ ਡਿਊਟੀ ਦੇਣਾ ਕਿਸੇ ਜੰਗ ਦੇ ਮੈਦਾਨ ਵਿੱਚ ਜਾਣ ਵਰਗਾ ਹੋ ਗਿਆ ਹੈ। ਘਰੋਂ ਨਿਕਲਦਿਆਂ ਸ਼ਾਇਦ ਉਸ 24 ਸਾਲਾ ਨੌਜਵਾਨ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਸਟੋਰ ਦੇ ਦਰਵਾਜ਼ੇ ’ਤੇ ਖੜ੍ਹਨਾ ਉਸ ਨੂੰ ਹਸਪਤਾਲ ਦੇ ਬੈੱਡ ਤੱਕ ਪਹੁੰਚਾ ਦੇਵੇਗਾ। ਉਹ ਤਾਂ ਮਹਿਜ਼ ਆਪਣੀ ਨੌਕਰੀ ਕਰ ਰਿਹਾ ਸੀ—ਸਟੋਰ ਦੀ ਰਾਖੀ ਅਤੇ ਅਨੁਸ਼ਾਸਨ ਬਣਾਈ ਰੱਖਣਾ। ਪਰ ਕੁਝ ਹੀ ਸਕਿੰਟਾਂ ਵਿੱਚ ਮਾਹੌਲ ਬਦਲਿਆ, ਛੁਰਾ ਚੱਲਿਆ ਅਤੇ ਸੁਰੱਖਿਆ ਗਾਰਡ ਖ਼ੁਦ ਲਹੂ-ਲੁਹਾਣ ਹੋ ਕੇ ਡਿੱਗ ਪਿਆ।
ਵਿੰਨੀਪੈਗ ਲਈ ਹੁਣ ਇਹ ਕੋਈ ਇਕੱਲੀ-ਦੁਕੱਲੀ ਘਟਨਾ ਨਹੀਂ ਰਹੀ, ਸਗੋਂ ਇੱਕ ਡਰਾਉਣਾ ਰੁਝਾਨ ਬਣ ਚੁੱਕੀ ਹੈ। ਸਾਲ 2026 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੱਟੋ-ਘੱਟ ਤਿੰਨ ਸੁਰੱਖਿਆ ਗਾਰਡ ਧਾਰਦਾਰ ਹਥਿਆਰਾਂ ਨਾਲ ਹੋਏ ਜਾਨਲੇਵਾ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਹਰ ਇੱਕ ਹਮਲੇ ਦੇ ਪਿੱਛੇ ਇੱਕ ਸਹਿਮਿਆ ਹੋਇਆ ਪਰਿਵਾਰ ਅਤੇ ਉਦਯੋਗ ਸਾਹਮਣੇ ਇੱਕ ਵੱਡਾ ਸਵਾਲ ਹੈ—ਕੀ ਗਾਰਡਾਂ ਨੂੰ ਦੂਜਿਆਂ ਦੀ ਰੱਖਿਆ ਲਈ ਭੇਜਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ?
ਘਟਨਾਵਾਂ ਦੀ ਲੜੀ ਸਾਫ਼ ਤੌਰ ’ਤੇ ਸਥਿਤੀ ਦੀ ਗੰਭੀਰਤਾ ਬਿਆਨ ਕਰਦੀ ਹੈ। 30 ਜੂਨ ਨੂੰ ਵੈਸਟਮਿੰਸਟਰ ਐਵਿਨਿਊ ’ਤੇ ਇੱਕ ਝਗੜਾ ਰੋਕਣ ਗਏ ਗਾਰਡ ’ਤੇ 16 ਸਾਲਾ ਲੜਕੇ ਨੇ ਧਾਰਦਾਰ ਹਥਿਆਰ ਨਾਲ ਵਾਰ ਕਰ ਦਿੱਤਾ। ਫਿਰ 25 ਅਗਸਤ ਨੂੰ ਪੋਰਟੇਜ ਐਵਿਨਿਊ ਦੇ ਇੱਕ ਸਟੋਰ ’ਤੇ 22 ਸਾਲਾ ਗਾਰਡ ਵੱਲੋਂ ਚੋਰੀ ਰੋਕਣ ਦੀ ਕੋਸ਼ਿਸ਼ ਕਰਨ ’ਤੇ ਇੱਕ ਵਿਅਕਤੀ ਨੇ ਉਸ ਨੂੰ ਛੁਰਾ ਮਾਰ ਦਿੱਤਾ, ਜਿਸ ਨਾਲ ਗਾਰਡ ਦੀ ਹਾਲਤ ਅਸਥਿਰ ਹੋ ਗਈ। ਇਸ ਤੋਂ ਮਹਿਜ਼ ਤਿੰਨ ਦਿਨ ਬਾਅਦ, 28 ਅਗਸਤ ਨੂੰ ਸਾਰਜੰਟ ਐਵਿਨਿਊ ਵਿਖੇ ਬਿਨਾਂ ਭੁਗਤਾਨ ਕੀਤੇ ਸਾਮਾਨ ਲੈ ਕੇ ਜਾ ਰਹੇ ਵਿਅਕਤੀ ਨੂੰ ਰੋਕਣ ’ਤੇ 24 ਸਾਲਾ ਸੁਰੱਖਿਆ ਕਰਮਚਾਰੀ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਤਿੰਨੋਂ ਮਾਮਲਿਆਂ ਵਿੱਚ ਨੌਜਵਾਨਾਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਣਾ ਪਿਆ।
ਇਨ੍ਹਾਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਅਤੇ ਖ਼ਾਸਕਰ ਨੌਜਵਾਨਾਂ ਵਿੱਚ ਡਰ ਅਤੇ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ। ਅੱਜਕੱਲ੍ਹ ਕੈਨੇਡਾ ਦੇ ਰਿਟੇਲ ਸਟੋਰਾਂ, ਸੁਪਰ ਮਾਰਕੀਟਾਂ ਅਤੇ ਮਾਲਾਂ ਦੇ ਦਰਵਾਜ਼ਿਆਂ ’ਤੇ ਵੱਡੀ ਗਿਣਤੀ ਵਿੱਚ ਪੰਜਾਬੀ ਮੁੰਡੇ ਅਤੇ ਕੁੜੀਆਂ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਆਮ ਦਿਖਾਈ ਦਿੰਦੇ ਹਨ। ਕਈ ਨੌਜਵਾਨਾਂ ਲਈ ਇਹ ਵਿਦੇਸ਼ ਦੀ ਧਰਤੀ ’ਤੇ ਪਹਿਲੀ ਨੌਕਰੀ ਹੈ, ਜਿਸ ਰਾਹੀਂ ਉਹ ਆਪਣੇ ਪੜ੍ਹਾਈ ਦੇ ਖ਼ਰਚੇ ਕੱਢਦੇ ਹਨ ਅਤੇ ਆਪਣੇ ਪਰਿਵਾਰਾਂ ਦਾ ਢਿੱਡ ਭਰਦੇ ਹਨ। ਪਰ ਜਦੋਂ ਇਹ ਨੌਜਵਾਨ ਵਰਦੀ ਪਾ ਕੇ ਡਿਊਟੀ ’ਤੇ ਖੜ੍ਹਦੇ ਹਨ, ਤਾਂ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਹਮਣੇ ਖੜ੍ਹਾ ਸ਼ੱਕੀ ਵਿਅਕਤੀ ਮਹਿਜ਼ ਬਹਿਸ ਕਰੇਗਾ ਜਾਂ ਸਰੀਰ ’ਤੇ ਛੁਰਾ ਉਤਾਰ ਦੇਵੇਗਾ।
ਇਸ ਮਾਹੌਲ ਨੇ ਮੈਨੀਟੋਬਾ ਦੀ ਮੌਜੂਦਾ ਸਿਖਲਾਈ ਪ੍ਰਣਾਲੀ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਮੌਜੂਦਾ ਸਮੇਂ ਵਿੱਚ ਸੂਬੇ ਵਿੱਚ ਗਾਰਡ ਬਣਨ ਲਈ ਸਿਰਫ਼ 40 ਘੰਟਿਆਂ ਦੀ ਬੁਨਿਆਦੀ ਸਿਖਲਾਈ ਅਤੇ ਪ੍ਰੋਵਿੰਸ਼ੀਅਲ ਪ੍ਰੀਖਿਆ ਲਾਜ਼ਮੀ ਹੈ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਿਤਾਬੀ ਗਿਆਨ ਅੱਜ ਦੇ ਹਿੰਸਕ ਰਿਟੇਲ ਮਾਹੌਲ ਵਿੱਚ ਨੌਜਵਾਨਾਂ ਦੀ ਜਾਨ ਨਹੀਂ ਬਚਾ ਸਕਦਾ। ਮਾਹਿਰਾਂ ਅਤੇ ਭਾਈਚਾਰੇ ਦੀ ਸਪਸ਼ਟ ਮੰਗ ਹੈ ਕਿ ਸਿਖਲਾਈ ਦਾ ਦਾਇਰਾ ਵਿਸ਼ਾਲ ਕੀਤਾ ਜਾਵੇ। ਗਾਰਡਾਂ ਨੂੰ ਖ਼ਾਸ ਤੌਰ ’ਤੇ ‘ਡੀ-ਐਸਕਲੇਸ਼ਨ’ (ਤਣਾਅ ਅਤੇ ਗ਼ੁੱਸੇ ਨੂੰ ਸ਼ਾਂਤ ਕਰਨ), ਟਕਰਾਅ ਤੋਂ ਬਚਣ ਦੇ ਤਰੀਕਿਆਂ, ਖ਼ਤਰੇ ਦੀ ਪਛਾਣ ਕਰਨ ਅਤੇ ਸਭ ਤੋਂ ਅਹਿਮ—ਸਥਿਤੀ ਵਿਗੜਨ ’ਤੇ ਕਦੋਂ ਪਿੱਛੇ ਹਟ ਕੇ ਪੁਲਿਸ ਨੂੰ ਬੁਲਾਉਣਾ ਹੈ—ਦੀ ਵਿਹਾਰਕ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।
ਰਾਹਤ ਦੀ ਗੱਲ ਇਹ ਹੈ ਕਿ ਮੈਨੀਟੋਬਾ ਸਰਕਾਰ ਨੇ ਵੀ ਇਸ ਗੰਭੀਰ ਮੁੱਦੇ ਦਾ ਨੋਟਿਸ ਲਿਆ ਹੈ। ਨਿਆਂ ਮੰਤਰੀ ਮੈਟ ਵੈੱਬ ਨੇ ਸੰਕੇਤ ਦਿੱਤੇ ਹਨ ਕਿ ਪਾਠਕ੍ਰਮ ਨੂੰ ਸੋਧਣ, ਡੀ-ਐਸਕਲੇਸ਼ਨ ’ਤੇ ਵਧੇਰੇ ਜ਼ੋਰ ਦੇਣ ਅਤੇ ਟਰੇਨਰ ਨੂੰ ਅੱਪਡੇਟ ਕਰਨ ’ਤੇ ਕੰਮ ਚੱਲ ਰਿਹਾ ਹੈ। ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਇਹ ਬਦਲਾਅ ਜ਼ਮੀਨੀ ਪੱਧਰ ’ਤੇ ਕਿੰਨੀ ਜਲਦੀ ਲਾਗੂ ਹੁੰਦੇ ਹਨ।
ਸਟੋਰ ਦੇ ਦਰਵਾਜ਼ੇ ’ਤੇ ਖੜ੍ਹਾ ਹਰ ਇੱਕ ਪੰਜਾਬੀ ਨੌਜਵਾਨ ਅੱਜ ਆਪਣੀ ਰੋਜ਼ੀ-ਰੋਟੀ ਦੇ ਨਾਲ-ਨਾਲ ਆਪਣੀ ਜਾਨ ਦੀ ਬਾਜ਼ੀ ਵੀ ਲਾ ਰਿਹਾ ਹੈ। ਸੁਰੱਖਿਆ ਗਾਰਡ ਦਾ ਕੰਮ ਦੂਜਿਆਂ ਦੀ ਰੱਖਿਆ ਕਰਨਾ ਜ਼ਰੂਰ ਹੈ, ਪਰ ਸਿਸਟਮ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹ ਗਾਰਡ ਖ਼ੁਦ ਸੁਰੱਖਿਅਤ ਘਰ ਪਰਤ ਸਕੇ।
