Sep 30, 2026

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਵਿਸ਼ੇਸ਼ ਸਮਾਗਮ-

ਸਰੀ (ਸੁਰਿੰਦਰ ਸਿੰਘ ਜੱਬਲ)- ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ 27 ਸਤੰਬਰ ਦਿਨ ਐਤਵਾਰ ਨੂੰ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਬੰਧਕਾਂ ਨੇ ਵਿਰਸੇ ਵਿਰਾਸਤ ਨਾਲ ਸੰਬੰਧਤ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜੀਵਨ ਨੂੰ ਹਾਜ਼ਰ ਸੰਗਤਾਂ ਨਾਲ ਸਾਂਝਾ ਕੀਤਾ।ਸਵੇਰ ਨੂੰ ਕੀਰਤਨ ਦੀਵਾਨ ਸਮੇਂ ਰਾਗੀ ਜੱਥਿਆਂ ਭਾਈ ਸਰਬਜੀਤ ਸਿੰਘ ਰਮਦਾਸ ਵਾਲੇ ਤੇ ਭਾਈ ਇਕਬਾਲ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਭਾਈ ਲਾਲੋ ਜੀ ਨਾਲ ਸੰਬੰਧਤ ਸ਼ਬਦਾਂ ਰਾਹੀਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ।ਕੀਰਤਨ ਉਪਰੰਤ ਸਕੱਤਰ ਚਰਨਜੀਤ ਸਿੰਘ ਮਰਵਾਹਾ, ਪਬਲਿਕ ਰੀਲੇਸ਼ਨ ਸੁਰਿੰਦਰ ਸਿੰਘ ਜੱਬਲ ਤੇ ਗਿਆਨੀ ਕੁਲਵੰਤ ਸਿੰਘ ਜੀ ਨੇ ਦਰਬਾਰ ਹਾਲ ਵਿਚ ਸਟੇਜ ਤੋਂ ਸੰਬੋਧਨ ਕੀਤਾ।ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜੀਵਨ ਤੇ ਰੋਸ਼ਨੀ ਪਾਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ ਵਾਪਰੀਆਂ ਘਟਨਾਵਾਂ ਜਾਂ ਸੀਨੇ ਬਸੀਨੇ ਪੜ੍ਹੀਆਂ ਜਾਂ ਸੁਣੀਆਂ ਸਾਖੀਆਂ ਨੂੰ ਪੰਡਾਲ ਵਿਚ ਜੁੜ੍ਹੀਆਂ ਸੰਗਤਾਂ ਨੂੰ ਸਾਂਝਾ ਕੀਤਾ। ਭਾਈ ਲਾਲੋ ਜੀ ਦਾ ਜਨਮ ਸੰਨ 1452 ਨੂੰ ਸੈਦਪੁਰ ਵਿਚ ਭਾਈ ਜਗਤ ਰਾਮ ਘਟੌੜਾ ਤੇ ਬੀਬੀ ਖੇਮੋਂ ਜੀ ਦੇ ਘਰ ਹੋਇਆ ਜੋ ਕਿ ਬਾਅਦ ਵਿਚ ਇਹ ਸਥਾਨ ਏਮਨਾਬਾਦ ਸ਼ਹਿਰ ਦੇ ਨਾਉਂ ਨਾਲ ਮਸ਼ਹੂਰ ਹੋਇਆ।ਭਾਈ ਲਾਲੋ ਜੀ ਪਿਤਾ ਪੁਰਖੀ ਤਰਖਾਣਾ ਕੰਮ ਕਰਕੇ ਆਪਣੇ ਜੀਵਨ ਦਾ ਨਿਰਬਾਹ ਕਰਦੇ ਸਨ।ਦਸਾਂ ਨੌਹਾਂ ਦੀ ਕਿਰਤ ਦੇ ਨਾਲ ਨਾਲ ਆਏ ਗਏ ਦੀ ਸੇਵਾ ਕਰਕੇ ਵੰਡ ਛਕਣ ਦੇ ਮੁਦੱਈ ਸਨ।ਇਸ ਦੇ ਨਾਲ ਨਾਲ ਕੁਝ ਹਿਕਮਤ ਵੀ ਜਾਣਦੇ ਸਨ ਤੇ ਆਏ ਗਏ ਲੋੜਵੰਦਾਂ ਦੇ ਦਵਾ ਦਾਰੂ ਦੀ ਸੇਵਾ ਵੀ ਕਰ ਦਿਆ ਕਰਦੇ ਸਨ।ਇਹ ਉਨ੍ਹਾਂ ਦੀ ਨਿੱਤ ਦੀ ਕਾਰ ਸੀ ਜਿਸ ਕਰਕੇ ਪੇਸ਼ੇ ਤੇ ਦਵਾਈਆਂ ਪੱਖੋਂ ਆਲੇ ਦੁਆਲੇ ਪਿੰਡਾਂ ਵਿਚ ਕੁਝ ਕੁ ਜਾਣ ਪਹਿਚਾਣ ਵੀ ਬਣ ਗਈ ਸੀ।
ਸਾਖੀਕਾਰਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਦਿਨ ਭਾਈ ਮਰਦਾਨਾ ਜੀ ਨੂੰ ਤਲਵੰਡੀ ਸ਼ਹਿਰ ਵਿਚ ਕਹਿਣ ਲੱਗੇ ਕਿ ਚੱਲ ਮਰਦਾਨਿਆਂ ਤੈਨੂੰ ਭਗਤੀ ਦੇ ਘਰ ਲੈ ਚਲੀਏ।ਇਸ ਤਰ੍ਹਾਂ 1507 ਵਿਚ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦੇ ਘਰ ਏਮਨਾਬਾਦ ਵਿਚ ਪਹੁੰਚਦੇ ਹਨ। ਇਸ ਸਮੇਂ ਭਾਈ ਲਾਲੋ ਜੀ ਦੀ ਆਯੂ 55 ਸਾਲ ਦੀ ਹੋ ਚੁੱਕੀ ਸੀ।ਇਹ ਉਹ ਸਮਾਂ ਸੀ ਜਦੋਂ ਕਿ ਛੂਆ ਛਾਤ ਤੇ ਜਾਤਪਾਤ ਦੀ ਭਰਮਾਰ ਸਿਖਰਾਂ ਤੇ ਸੀ।ਉਚੀ ਜਾਤ ਦੇ ਅਭਿਮਾਨੀਆਂ ਵਲੋਂ ਬ੍ਰਹਮ ਗਿਆਨੀ ਤਰਖਾਣ ਭਾਈ ਲਾਲੋ ਨੂੰ ਅਛੂਤ ਆਖ ਕੇ ਭੰਡਿਆ ਜਾਂਦਾ ਸੀ। ਉਸ ਸਮੇਂ ਤਾਂ ਸ਼ੁਦਰ ਦੇ ਪਰਛਾਵੇਂ ਨਾਲ ਵੀ ਉਚੀ ਜਾਤੀ ਕਹੌਣ ਵਾਲਾ ਭਿਟਿਆ ਜਾਂਦਾ ਸੀ।ਇਥੇ ਹੀ ਬੱਸ ਨਹੀਂ ਹਰੇਕ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਨੂੰ ਮਨੂੰ ਸਿਮ੍ਰਤੀ ਅਨੁਸਾਰ ਅਛੂਤ ਐਲਾਨਿਆ ਹੋਇਆ ਸੀ। ਐਪਰ ਧੰਨ ਹਨ ਸ੍ਰੀ ਗੁਰੂ ਨਾਨਕ! ਜਿਨ੍ਹਾਂ ਨੇ ਦਸਾਂ ਨੌਹਾਂ ਦੀ ਈਮਾਨਦਾਰੀ ਨਾਲ ਕਿਰਤ ਕਮਾਈ ਕਰਨ ਵਾਲੇ ਤੇ ਉਸ ਕਿਰਤ ਕਮਾਈ ਵਿਚੋਂ ਆਏ ਗਏ ਦੀ ਸੇਵਾ ਕਰਕੇ ਵੰਡ ਕੇ ਖਾਣ ਵਾਲੇ ਅਛੂਤ ਜਾਂ ਅਖੌਤੀ ਵੰਡ ਵਰ੍ਹਣ ਤੇ ਕਰਾਰੀ ਸੱਟ ਮਾਰੀ ਤੇ ਉਸ ਸਮੇਂ ਦੇ ਧੰਨਵਾਨ ਮਲਕ ਭਾਗੋ ਨੂੰ ਅਹਿਸਾਸ ਕਰਵਾ ਦਿੱਤਾ ਈਮਾਨਦਾਰੀ ਨਾਲ ਕਮਾਈ ਹੋਈ ਰੁੱਖੀ ਸੁੱਖੀ ਕੋਧਰੇ ਦੀ ਰੋਟੀ ਖਾਣ ਨਾਲ ਮਨ ਭਗਤੀ ਭਾਵ ਵਿਚ ਜੁੜਦਾ ਹੈ ਤੇ ਮਾਸੂਮਾਂ ਦੀ ਖੂਨ ਪਸੀਨੇ ਦੀ ਕਮਾਈ ਵਾਲੇ ਪਰਾਏ ਹੱਕ ਨੂੰ ਬੇਈਮਾਨੀ ਨਾਲ ਮਾਇਆ ਇਕੱਠੀ ਕਰਕੇ ਬ੍ਰਹਮ ਭੋਜ ਕਰਵਾ ਦੇਣੇ ਵਿਅਰਥ ਹਨ ਤੇ ਮੇਰਾ ਮਨ ਇਹੋ ਜਿਹੀਆਂ ਚਤੁਰਾਈਆਂ ਤੋਂ ਹਰਗਿਜ਼ ਨਹੀਂ ਭਿਜਦਾ ਤੇ ਨਾ ਹੀ ਇਹ ਕਮਾਈ ਇਹੋ ਜਿਹੇ ਵੰਡ ਵਰਤਾਵੇ ਨਾਲ ਦਸਾਂ ਨੌਹਾਂ ਦੀ ਹਲਾਲ ਦੀ ਕਮਾਈ ਕਹਾ ਸਕਦੀ ਹੈ।ਅਖੀਰ ਵਿਚ ਮਲਕ ਭਾਗੋ ਨੂੰ ਗੁਰੂ ਨਾਨਕ ਜੀ ਦੀ ਏਸ ਸਿਖਿਆ ਨਾਲ ਗਿਆਨ ਹੋ ਗਿਆ ਤੇ ਭਾਈ ਲਾਲੋ ਜੀ ਦੇ ਘਰ ਦੀ ਉਹ ਖੂਹੀ ਜਿਥੋਂ ਗੁਰੂ ਸਾਹਿਬ ਇਸ਼ਨਾਨ ਕਰਦੇ ਸਨ ਤੇ ਉਹ ਸਥਾਨ ਭਗਤੀ ਦਾ ਘਰ ਬਣ ਗਿਆ ਅਤੇ ਏਮਨਾਬਾਦ ਵਿਚ ਉਹ ਜਗ੍ਹਾ ਸਿੱਖ ਧਰਮਸਾਲ ਬਣ ਗਈ ਸੀ ਤੇ ਨਾਨਕ ਨਾਮ ਲੇਵਾ ਇਕੱਠੇ ਹੋਣ ਲੱਗ ਪਏ ਸਨ।ਇਸ ਤਰ੍ਹਾਂ ਘਰ ਘਰ ਅੰਦਰ ਧਰਮਸਾਲ ਦਾ ਮੁੱਢ ਬੱਝ ਗਿਆ।ਕਈਆਂ ਨੇ ਇਸ ਘਟਨਾ ਨੂੰ ਕਰਾਮਾਤ ਨਾਲ ਜੋੜਕੇ ਵੀ ਦੱਸਿਆ ਹੈ ਕਿ ਇਕ ਹੱਥ ਵਿਚ ਗੁਰੂ ਜੀ ਨੇ ਮਲਿਕ ਭਾਗੋ ਦਾ ਭੋਜਨ ਲਿਆ ਤੇ ਦੂਜੇ ਵਿਚ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਲਿਆ ਤੇ ਗੁਰੂ ਜੀ ਵਲੋਂ ਘੁੱਟ ਕੇ ਨਿਚੋੜਣ ਨਾਲ ਮਲਿਕ ਭਾਗੋ ਦੇ ਭੋਜਨ ਵਿਚੋਂ ਲਹੂ ਚੋਇਆ ਤੇ ਭਾਈ ਲਾਲੋ ਦੀ ਰੋਟੀ ਵਿਚੋਂ ਦੁੱਧ ਨਿਕਲਿਆ।ਅੱਜ ਤੋਂ ਪੰਜ ਸਦੀਆਂ ਪਹਿਲਾਂ ਸਿਖਿਅਤ ਘਟਨਾਵਾਂ ਤੇ ਜਦੋਂ ਨਜ਼ਰ ਮਾਰਦੇ ਹਾਂ ਤਾਂ ਸਾਫ ਪਰਤੱਖ ਹੁੰਦਾ ਹੈ ਕਿ ਅੱਜ ਦੇ ਗਿਆਨ ਖੇਤਰ ਰਾਹੀਂ ਸਮਝ ਸਮਝਾਉਣ ਦੇ ਖੇਤਰ ਵਿਚ ਕਰਾਮਾਤੀ ਦੰਦ ਕਥਾਵਾਂ ਉਸ ਸਮੇਨ ਆਸਾਨੀ ਨਾਲ ਕਾਰਗਰ ਸਿੱਧ ਹੁੰਦੀਆਂ ਸਨ।ਖੈਰ ਕੁਝ ਵੀ ਹੋਇਆ ਹੋਵੇ ਮਲਿਕ ਭਾਗੋ ਵੀ ਆਪਣਾ ਪਿਛਲਾ ਸੁਭਾਅ ਤਿਆਗ ਕੇ ਸੈਦਪੁਰ ਵਾਲੀ ਪਹਿਲੀ “ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ” ਵਿਚ ਹਾਜ਼ਿਰ ਹੋਣ ਲੱਗ ਪਿਆ।
ਸ੍ਰੀ ਗੁਰੂ ਨਾਨਕ ਦੋ ਵਾਰੀ ਹੋਰ ਭਾਈ ਲਾਲੋ ਜੀ ਦੇ ਘਰ ਆਏ। ਇਸ ਤਰਾਂ੍ਹ 1517 ਵਿਚ ਦੂਜੀ ਵਾਰੀ ਜਦੋਂ ਭਾਈ ਲਾਲੋ ਜੀ ਦੀ ਸਪੁਤਰੀ ਬੀਬੀ ਰੱਜੋ ਦਾ ਵਿਆਹ ਸੀ ਤੇ ਤੀਜੀ ਵਾਰੀ 1521 ਵਿਚ ਜਦੋਂ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਸੀ। ਇਸੇ ਸੰਬੰਧ ਵਿਚ ਇਹ ਜੁ ਸ਼ਬਦ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਉਚਾਰਿਆ ਸੀ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ”। ਇਸ ਤਰ੍ਹਾਂ ਭਾਈ ਲਾਲੋ ਜੀ ਨੂੰ ਬੜੇ ਪਿਆਰ ਨਾਲ ਤਿਲੰਗ ਰਾਗ ਵਿਚ ਸੱਤ ਵਾਰੀ ‘ਵੇ ਲਾਲੋ’ ਸ਼ਬਦ ਨਾਲ ਪੁਕਾਰ ਮਾਣ ਸਤਿਕਾਰ ਦਿੱਤਾ ਸੀ ਤੇ ਜਾਬਰ ਬਾਬਰ ਦੇ ਅਠੱਤਰ ਵਿਚ ਹਿੰਦੁਸਤਾਨ ਆਉਣ, ਸਤਾਨਵੇਂ ਵਿਚ ਜਾਣ ਅਤੇ ਇਕ ਹੋਰ ਵੀ ਮਰਦ ਕਾ ਚੇਲਾ ਉੱਠਣ ਦੀ ਭਵਿਸ਼ਬਾਣੀ ਵੀ ਕੀਤੀ ਸੀ।ਸੈਦਪੁਰ/ਏਮਨਾਬਾਦ ਦਾ ਇਹ ਪ੍ਰਸੰਗ ਅੱਜ ਵੀ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੀ ਸੱਚੀ ਸੁੱਚੀ ਇਮਾਨਦਾਰੀ ਵਾਲੀ ਦਸਾਂ ਨੌਹਾਂ ਦੀ ਕਿਰਤ ਤੇ ਵੰਡ ਛਕਣ ਤੇ ਨਾਮ ਸਿਮਰਨ ਵਾਲੇ ਸਿੱਖੀ ਅਸੂਲ਼ਾਂ ਨੂੰ ਵਡਿਆਉਂਦਾ ਹੈ ਤੇ ਸਾਨੂੰ ਇਮਾਨਦਾਰੀ ਨਾਲ ਧੋਖਧੜੀ ਤੋਂ ਅਲੇਪ ਜੀਵਨ ਨਿਰਵਾਹ ਦੀ ਉਪਜੀਵਕਾ ਦਾ ਗਾਡੀ ਰਾਹੁ ਦਿਖਾਉਂਦਾ ਹੈ। ਸਿਰਜਨਹਾਰੇ ਵਲੋਂ ਬਖਸ਼ੀ ਹੋਈ ਉਮਰ ਭੋਗ ਕੇ 1531 ਵਿਚ ਭਾਈ ਲਾਲੋ ਜੀ ਅਕਾਲਪੁਰਖ ਜੀ ਦੇ ਚਰਨਾਂ ਵਿਚ ਜਾ ਬਿਰਾਜੇ।

Leave a Reply

Your email address will not be published. Required fields are marked *