ਕੈਲਗਰੀ ( ਏਜੰਸੀਆਂ)- ਓਟਵਾ ਤੇ ਅਲਬਰਟਾ ਵਿਚਾਲੇ ਪਹਿਲੀ ਵਾਰ ਵੱਡੀ ਭਾਈਵਾਲੀ ਕਰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਲਬਰਟਾ ਦੇ ਫੋਰਟ ਮੈਕਮਰੀ ਤੋਂ ਬ੍ਰਿਟਿਸ਼ ਕੋਲੰਬੀਆ ਦੇ ਪੱਛਮੀ ਤੱਟ ਤੱਕ ਜਾਣ ਵਾਲੀ ਇੱਕ ਪ੍ਰਸਤਾਵਿਤ ਪਾਈਪਲਾਈਨ ਨੂੰ ‘ਰਾਸ਼ਟਰੀ ਹਿੱਤ ਵਾਲੇ ਪ੍ਰੋਜੈਕਟ’ ਵਜੋਂ ਨਾਮਜ਼ਦ ਕੀਤਾ ਹੈ।
ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ‘ਬਿਲਡਿੰਗ ਕੈਨੇਡਾ ਐਕਟ’ ਦੇ ਤਹਿਤ ਕਿਸੇ ਪ੍ਰੋਜੈਕਟ ਨੂੰ ਅਧਿਕਾਰਤ ਤੌਰ ‘ਤੇ ਰਾਸ਼ਟਰੀ ਹਿੱਤ ਵਾਲਾ ਪ੍ਰੋਜੈਕਟ ਐਲਾਨਿਆ ਹੈ। ਇਹ ਕਾਨੂੰਨ ਪ੍ਰਧਾਨ ਮੰਤਰੀ ਕਾਰਨੀ ਦੇ ਆਰਥਿਕ ਏਜੰਡੇ ਦਾ ਇੱਕ ਅਹਿਮ ਹਿੱਸਾ ਹੈ; ਹਾਲਾਂਕਿ ਸਰਕਾਰ ਨੇ ਹੋਰ ਪ੍ਰੋਜੈਕਟਾਂ ਨੂੰ ਵੀ ਰਾਸ਼ਟਰੀ ਹਿੱਤ ਵਾਲੀ ਸੂਚੀ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਪਰ ਉਨ੍ਹਾਂ ਵਿੱਚੋਂ ਕੋਈ ਵੀ ਅਜੇ ਤੱਕ ਅੰਤਿਮ ਪੜਾਅ ਪਾਰ ਨਹੀਂ ਕਰ ਸਕਿਆ ਹੈ। ਪ੍ਰਧਾਨ ਮੰਤਰੀ ਨੇ ਇਹ ਐਲਾਨ ਉੱਤਰੀ ਅਲਬਰਟਾ ਦੇ ਫੋਰਟ ਮੈਕਮਰੀ (ਜੋ ਕਿ ਤੇਲ ਭੰਡਾਰਾਂ ਜਾਂ ‘ਆਇਲ ਸੈਂਡਜ਼’ ਦਾ ਮੁੱਖ ਕੇਂਦਰ ਹੈ) ਵਿਖੇ ਇਕ ਸੰਖੇਪ ਸਮਾਗਮ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਖੇਤਰ ਦੇ ਵੱਖ-ਵੱਖ ਭਾਈਚਾਰਿਆਂ ਦੇ ਮੂਲ ਨਿਵਾਸੀ ਆਗੂ ਵੀ ਮੌਜੂਦ ਸਨ।
ਵਿਸ਼ਵ ਪੱਧਰ ‘ਤੇ ਤੇਲ ਦੀ ਮੰਗ ਲਗਭਗ 100 ਮਿਲੀਅਨ ਬੈਰਲ ਪ੍ਰਤੀ ਦਿਨ ਹੋਣ ਅਤੇ ਮੱਧ ਪੂਰਬ ਤੇ ਯੂਕਰੇਨ ਵਿੱਚ ਚੱਲ ਰਹੇ ਟਕਰਾਵਾਂ ਕਾਰਨ ਸਪਲਾਈ ਵਿੱਚ ਅਸਥਿਰਤਾ ਪੈਦਾ ਹੋਣ ਦੇ ਮੱਦੇਨਜ਼ਰ,ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ “ਸਵਾਲ ਇਹ ਹੈ ਕਿ ਦੁਨੀਆ ਲਈ ਭਰੋਸੇਯੋਗ ਸਪਲਾਇਰ ਵਜੋਂ ਕੌਣ ਉੱਭਰੇਗਾ? ਜਵਾਬ ਇਹ ਹੈ ਉਹ ਅਸੀਂ ਹੋਣੇ ਚਾਹੀਦੇ ਹਾਂ। ਇਹ ਕੈਨੇਡਾ ਹੀ ਹੋਣਾ ਚਾਹੀਦਾ ਹੈ।”
ਇਹ ਪਾਈਪਲਾਈਨ – ਜਿਸਨੂੰ ਹੁਣ ‘ਪੈਸੀਫਿਕ ਲਿੰਕ’ ਕਿਹਾ ਜਾ ਰਿਹਾ ਹੈ – ਲਈ ਅਗਲਾ ਕਦਮ ਇੱਕ ਫੈਡਰਲ ਸਮੀਖਿਆ ਪ੍ਰਕਿਰਿਆ ਹੈ। ਇਸ ਵਿੱਚ ਪ੍ਰੋਜੈਕਟ ਦੀ ਮਾਲਕੀ ਦੇ ਨਾਲ-ਨਾਲ ਮੂਲ ਨਿਵਾਸੀਆਂ ਦੇ ਅਧਿਕਾਰਾਂ ਅਤੇ ਵਾਤਾਵਰਣ ਸੁਰੱਖਿਆ ਬਾਰੇ ਸਬੰਧਤ ਧਿਰਾਂ ਨਾਲ ਸਲਾਹ-ਮਸ਼ਵਰਾ ਸ਼ਾਮਲ ਹੋਵੇਗਾ।
ਫੈਡਰਲ ਅਧਿਕਾਰੀਆਂ ਮੁਤਾਬਿਕ ਓਟਵਾ ਦਾ ‘ਮੇਜਰ ਪ੍ਰੋਜੈਕਟਸ ਆਫਿਸ’ (MPO), ‘ਕੈਨੇਡਾ ਐਨਰਜੀ ਰੈਗੂਲੇਟਰ’ ਦੇ ਸਹਿਯੋਗ ਨਾਲ ਇਸ ਪ੍ਰਕਿਰਿਆ ਦੀ ਅਗਵਾਈ ਕਰੇਗਾ। ਉਹਨਾਂ ਦਾ ਟੀਚਾ 1 ਸਤੰਬਰ 2027 ਤੱਕ ਪ੍ਰੋਜੈਕਟ ਦੀਆਂ ਸ਼ਰਤਾਂ ਨੂੰ ਅੰਤਿਮ ਰੂਪ ਦੇਣਾ ਹੈ। ਇਹ ਪਾਈਪਲਾਈਨ ਮਿਸਟਰ ਕਾਰਨੀ ਦੁਆਰਾ ਲਿਆਂਦੇ ਗਏ ਨੀਤੀਗਤ ਬਦਲਾਅ ਦੇ ਉਸ ਸਮੂਹ ਦਾ ਇੱਕ ਅਹਿਮ ਹਿੱਸਾ ਹੈ, ਜਿਸਦਾ ਉਦੇਸ਼ ਅਲਬਰਟਾ ਨਾਲ ਸੰਘੀ ਸਬੰਧਾਂ ਨੂੰ ਨਵੇਂ ਸਿਰੇ ਤੋਂ ਕਾਇਮ ਕਰਨਾ ਅਤੇ ਕੈਨੇਡਾ ਦੇ ਨਿਰਯਾਤ ਨੂੰ ਅਮਰੀਕਾ ‘ਤੇ ਨਿਰਭਰਤਾ ਤੋਂ ਹਟਾ ਕੇ ਵਿਭਿੰਨ ਬਣਾਉਣਾ ਹੈ। ਇਹ ਪਾਈਪਲਾਈਨ ਰੋਜ਼ਾਨਾ ਦਸ ਲੱਖ ਬੈਰਲ ਤੇਲ ਵੈਸਟ ਕੋਸਟ ਤੱਕ ਪਹੁੰਚਾਏਗੀ—ਜਿਸ ਲਈ ਮੁੱਖ ਤੌਰ ‘ਤੇ ‘ਟਰਾਂਸ ਮਾਉਂਟੇਨ’ ਪ੍ਰਣਾਲੀ ਦੇ ਰਸਤੇ ਦੀ ਵਰਤੋਂ ਕੀਤੀ ਜਾਵੇਗੀ—ਜਿਸ ਨਾਲ ਅਲਬਰਟਾ ਦੇ ਤੇਲ ਨੂੰ ਵਧੇਰੇ ਅੰਤਰਰਾਸ਼ਟਰੀ ਮੰਡੀਆਂ ਤੱਕ ਪਹੁੰਚ ਮਿਲੇਗੀ ਅਤੇ ਬਿਹਤਰ ਕੀਮਤਾਂ ਪ੍ਰਾਪਤ ਹੋਣਗੀਆਂ।
