ਐਬਸਫੋਰਡ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀਆਂ ਦੀ ਵੱਡੀ ਵਸੋਂ ਵਾਲੇ ਦੂਸਰੇ ਸ਼ਹਿਰ ਐਬਸਫੋਰਡ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਮੌਜੂਦਾ ਮੇਅਰ ਰੌਸ ਸੀਮੈਨਜ ਦੇ ਮੁਕਾਬਲੇ ਪੰਜਾਬੀ ਮੂਲ ਦੇ ਉਮੀਦਵਾਰ ਸੁੱਖੀ ਧਾਮੀ, ਪੌਲ ਮਾਹਲ ਤੇ ਡੇਵਿਡ ਪੈਲੀਕਨ ਚੋਣ ਮੈਦਾਨ ਵਿਚ ਹਨ। ਪਿਛਲੀਆਂ ਚੋਣਾਂ ਵਿਚ ਪੰਜਾਬੀ ਉਮੀਦਵਾਰ ਮਨਜੀਤ ਸਿੰਘ ਸੋਹੀ ਅਤੇ ਡੇਵਿਡ ਪੈਲੀਕਨ, ਰੌਸ ਸੀਮੈਨਜ ਖਿਲਾਫ ਮੈਦਾਨ ਵਿਚ ਆਏ ਸਨ ਪਰ ਇਸ ਵਾਰ ਸੁੱਖੀ ਧਾਮੀ ਅਤੇ ਪੌਲ ਮਾਹਲ ਪਹਿਲੀ ਵਾਰ ਮੇਅਰ ਦੀ ਚੋਣ ਲੜ ਰਹੇ ਹਨ। ਪੰਜਾਬੀ ਉਮੀਦਵਾਰ ਸੁੱਖੀ ਧਾਮੀ ਜੋ ਕਿ ਐਬਸਫੋਰਡ ਦਾ ਜੰਮਪਲ ਅਤੇ ਪੜਿਆ ਲਿਖਿਆ ਨੌਜਵਾਨ ਆਗੂ ਹੈ ਦਾ ਮੁਕਾਬਲਾ ਮੌਜੂਦਾ ਮੇਅਰ ਰੌਸ ਸੀਮੈਨਜ਼ ਨਾਲ ਕੋਈ ਸੌਖਾ ਨਹੀ ਹੈ। ਰੌਸ ਸੀਮੈਨਜ ਜੋ ਕਿ 15 ਅਕਤੂਬਰ 2022 ਨੂੰ ਮੇਅਰ ਚੁਣੇ ਗਏ ਸਨ, ਐਬਸਫੋਰਡ ਸਿਟੀ ਕੌਂਸਲ ਵਿਚ ਸਭ ਤੋਂ ਛੋਟੀ ਉਮਰ ਵਿਚ ਪੁੱਜਣ ਵਾਲੇ ਵਿਅਕਤੀ ਹਨ। ਉਹ ਪਹਿਲੀ ਵਾਰ 1986 ਵਿਚ ਕੌਂਸਲਰ ਬਣੇ ਸਨ। ਉਹ 1991 ਵਿਚ ਹਾਂਗਕਾਂਗ ਚਲੇ ਗਏ ਸਨ ਜਿਥੇ ਉਹਨਾਂ ਇਕ ਮਿਸ਼ਨਰੀ ਵਜੋਂ ਕੰਮ ਕੀਤਾ। ਕੈਨੇਡਾ ਵਾਪਸੀ ਉਪਰੰਤ ਉਹਨਾਂ ਨੇ ਹੱਬ ਮੋਟਰ ਸਰਵਿਸ ਦੀ ਜਿੰਮੇਵਾਰੀ ਸੰਭਾਲੀ, ਜਿਸ ਦੀ ਸਥਾਪਨਾ ਉਨ੍ਹਾਂ ਦੇ ਦਾਦਾ ਜੀ ਨੇ 1954 ਵਿੱਚ ਡਾਊਨਟਾਊਨ ਐਬਟਸਫੋਰਡ ਵਿੱਚ ਕੀਤੀ ਸੀ। ਉਹ ਮੁੜ 2014 ਵਿਚ ਕੌਂਸਲਰ ਬਣੇ ਤੇ ਫਿਰ 2022 ਵਿਚ ਤਤਕਾਲੀ ਮੇਅਰ ਹੈਨਰੀ ਬਰਾਊਨ ਨੂੰ ਹਰਾਕੇ ਮੇਅਰ ਚੁਣੇ ਗਏ। ਰੌਸ ਦਾ ਜਨਮ ਅਤੇ ਪਾਲਣ-ਪੋਸ਼ਣ ਐਬਟਸਫੋਰਡ ਵਿੱਚ ਹੋਇਆ। ਉਹਨਾਂ ਦਾ ਪਰਿਵਾਰ ਐਬਸਫੋਰਡ ਦੇ ਪੁਰਾਣੇ ਪਰਿਵਾਰਾਂ ਚੋ ਇਕ ਹੈ। ਰੌਸ ਦਾ ਵਿਆਹ 1992 ਵਿੱਚ ਕੈਲੀ (ਜੋ ਕਿ ਇੱਕ ਅਧਿਆਪਕਾ ਹਨ) ਨਾਲ ਹੋਇਆ ਸੀ, ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ: ਐਸ਼ਲੇ ਅਤੇ ਅਲੈਗਜ਼ੈਂਡਰਾ ਹਨ।
ਸੁੱਖੀ ਧਾਮੀ ਨਵੀਂ ਉਮੀਦ ਵਜੋੰ ਉਭਰੇ-
ਉਘੇ ਕਾਰੋਬਾਰੀ ਸੁੱਖੀ ਧਾਮੀ ਐਬਟਸਫੋਰਡ ਦੇ ਮੇਅਰ ਵਜੋਂ ਚੋਣ ਮੈਦਾਨ ਵਿਚ ਨਿਤਰੇ ਹਨ । ਉਘੇ ਕਾਰੋਬਾਰੀ ਤੇ ਸਮਾਜ ਸੇਵੀ ਗੁਰਮੇਲ ਸਿੰਘ ਧਾਮੀ ਦੇ ਹੋਣਹਾਰ ਸਪੁੱਤਰ ਸੁੱਖੀ ਧਾਮੀ ਖੁਦ ਇੱਕ ਕਾਰੋਬਾਰੀ, ਕਿਸਾਨ ਅਤੇ ਸਲਾਹਕਾਰ ਵਜੋਂ ਐਬਸਫੋਰਡ ਸਿਟੀ ਹਾਲ ਵਿੱਚ ਲੀਡਰਸ਼ਿਪ ਦੀ ਤਬਦੀਲੀ ਲਈ ਚੋਣ ਲੜ ਰਹੇ ਹਨ। ਐਬਟਸਫੋਰਡ ਵਿੱਚ ਪਲੇ-ਵੱਡੇ ਹੋਏ ਅਤੇ ਪੜ੍ਹੇ-ਲਿਖੇ ਹੋਣ ਕਾਰਨ, ਉਹ ਜਾਣਦੇ ਹਨ ਕਿ ਸ਼ਹਿਰ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇ ਪਾੜੇ ਨੂੰ ਭਰ ਕੇ ਵਿਕਾਸ ਕਰਨ ਲਈ ਕਿਵੇਂ ਤਿਆਰ ਹੈ। ਸ਼ਹਿਰ ਦਾ ਮੇਅਰ ਚੁਣੇ ਜਾਣ ‘ਤੇ, ਧਾਮੀ ਰਾਜਨੀਤੀ ਨਾਲੋਂ ਲੋਕਾਂ ਦੀਆਂ ਲੋੜਾਂ ਅਤੇ ਨੀਤੀਆਂ ਨਾਲੋਂ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਣਗੇ।ਉਨ੍ਹਾਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਕਿਹਾ ਹੈ ਕਿ “ਅਸੀਂ ਹੋਰ ਬਿਹਤਰ ਕੰਮ ਕਰ ਸਕਦੇ ਹਾਂ ਅਤੇ ਵੱਧ ਤੋਂ ਵੱਧ ਲੋਕਾਂ ਲਈ ਵਧੇਰੇ ਕੰਮ ਨੇਪਰੇ ਚਾੜ੍ਹ ਸਕਦੇ ਹਾਂ। ਉਹਨਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬੀ ਭਾਈਚਾਰੇ ਨੂੰ ਉਹਨਾਂ ਤੋਂ ਭਰਪੂਰ ਉਮੀਦਾਂ ਹਨ।
ਸੁੱਖੀ ਧਾਮੀ-ਐਬਸਫੋਰਡ ਮੇਅਰ ਲਈ ਮਜ਼ਬੂਤ ਉਮੀਦਵਾਰ।
ਮੇਅਰ ਲਈ ਹੋਰ ਉਮੀਦਵਾਰ- ਪੌਲ ਮਾਹਲ ਤੇ ਡੇਵਿਡ ਪੈਲੀਕਨ।



