ਐਬਸਫੋਰਡ ( ਦੇ ਪ੍ਰ ਬਿ)- ਐਬਸਫੋਰਡ ਸਿਟੀ ਕੌਂਸਲ ਲਈ ਇਕ ਮੇਅਰ ਦੀ ਚੋਣ ਦੇ ਨਾਲ 8 ਕੌਂਸਲਰ ਅਤੇ ਸਕੂਲ ਟਰੱਸਟੀ ਲਈ 7 ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ। ਮੌਜੂਦਾ ਮੇਅਰ ਰੌਸ ਸੀਮੈਨਜ ਪਿਛਲੀ ਵਾਰ 2022 ਵਿਚ ਕੁਲ 16ਹਜਾਰ 37 ਵੋਟਾਂ ਨਾਲ ਜਿੱਤੇ ਸਨ। ਐਬਸਫੋਰਡ ਸਿਟੀ ਦੀਆਂ ਕੁਲ 1 ਲੱਖ 6884 ਵੋਟਾਂ ਚੋ ਕੇਵਲ 25,250 ਵੋਟਾਂ ਪੋਲ ਹੋਈਆਂ ਸਨ ਜੋ ਕਿ ਕੇਵਲ 23.62 ਪ੍ਰਤੀਸ਼ਤ ਪੋਲਿੰਗ ਬਣਦੀ ਹੈ। ਪਿਛਲੀ ਵਾਰ ਮੇਅਰ ਨਾਲ ਚੁਣੇ ਗਏ ਕੌਂਸਲਰਾਂ ਵਿਚ ਪੰਜਾਬੀ ਕੌਂਸਲਰ ਦੇਵ ਸਿੱਧੂ, ਲੈਸ ਬਾਰਕਮੈਨ, ਪੈਟਰੀਸੀਆ ਡਰੀਸਨ, ਪੈਟਰੀਸੀਆ ਰੌਸ, ਸਾਈਮਨ ਗਿਬਸਨ, ਡੇਵ ਲੋਵਨ ਤੇ ਮਾਰਕ ਵਾਰਕਨਟਿਨ ਮੁੜ ਚੋਣਾਂ ਲੜ ਰਹੇ ਹਨ ਜਦੋਂਕਿ ਪੰਜਾਬੀ ਮਹਿਲਾ ਕੈਲੀ ਚਾਹਲ ਨੇ ਇਸ ਵਾਰ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ।
ਇਹਨਾਂ ਚੋਣਾਂ ਵਿਚ ਪੰਜਾਬੀ ਉਮੀਦਵਾਰਾਂ ਚੋਂ ਉਭਰਵੇਂ ਰੂਪ ਵਿਚ ਲੰਬੇ ਸਮੇਂ ਚੋਂ ਸਕੂਲ ਟਰੱਸਟੀ ਚਲੇ ਆ ਰਹੇ ਪ੍ਰੀਤ ਰਾਏ, ਸਕੂਲ ਟਰੱਸਟੀ ਰੂਪੀ ਕੰਡਾ ਰਾਜ਼ਵਾਨ ਤੋਂ ਇਲਾਵਾ ਉਘੇ ਵਕੀਲ ਅਮਰੀਕ ਨਾਰੰਗ, ਰੀਐਲਟਰ ਜੈਗ ਸਿੱਧੂ,ਕੌਮਾਂਤਰੀ ਪ੍ਰਸਿਧੀ ਵਾਲਾ ਪਹਿਲਵਾਨ ਜਸਮੀਤ ਫੂਲਕਾ ਕੌਂਸਲਰ ਵਜੋਂ ਚੋਣ ਲੜ ਰਹੇ ਹਨ। ਸਕੂਲ ਟਰੱਸਟੀ ਵਜੋਂ ਅਰਸ਼ ਕਲੇਰ, ਰਾਜ ਪਤਾਰਾ, ਵਿਨੈ ਵੜੈਚ, ਅੰਮ੍ਰਿਤਪਾਲ ਮੰਡ, ਰਾਜਵਿੰਦਰ ਸੰਧੂ,ਤੇਜਵੀਰ ਕਲੇਰ, ਅਮਨਦੀਪ ਸਿੰਘ, ਰੁਪਿੰਦਰ ਬਰਾੜ ਤੇ ਹੋਰ ਚੋਣ ਮੈਦਾਨ ਵਿਚ ਹਨ।
ਮੇਅਰ ਲਈ ਚੋਣ ਵਿਚ ਜਿਥੇ ਮੌਜੂਦਾ ਮੇਅਰ ਰੌਸ ਸੀਮੈਨਜ ਤੇ ਪੰਜਾਬੀ ਆਗੂ ਸੁੱਖੀ ਧਾਮੀ ਵਿਚਾਲੇ ਸਿੱਧਾ ਮੁਕਾਬਲਾ ਹੈ ਉਥੇ ਕੌਂਸਲਰ ਦੀਆਂ 8 ਸੀਟਾਂ ਲਈ ਕੁਲ 22 ਉਮੀਦਵਾਰ ਮੈਦਾਨ ਵਿਚ ਹਨ। ਇਹਨਾਂ ਵਿਚ ਪੰਜਾਬੀ ਉਮਦੀਵਾਰਾਂ ਵਿਚ ਮੌਜੂਦਾ ਕੌਂਸਲਰ ਦੇਵ ਸਿੱਧੂ ਸਮੇਤ ਕੁਲ ਛੇ ਉਮੀਦਵਾਰ ਆਪਣੀ ਕਿਸਮਤ ਅਜਮਾਈ ਕਰ ਰਹੇ ਹਨ।
ਪੰਜਾਬੀ ਉਮੀਦਵਾਰਾਂ ਬਾਰੇ ਸੰਖੇਪ ਜਾਣ ਪਹਿਚਾਣ-
—ਪ੍ਰੀਤ ਰਾਏ-
ਪਿਛਲੇ 18 ਸਾਲ ਤੋਂ ਸਕੂਲ ਟਰੱਸਟੀ ਵਜੋਂ ਭਾਈਚਾਰੇ ਦੀ ਪ੍ਰਤੀਨਿਧਤਾ ਕਰਨ ਵਾਲੇ ਪ੍ਰੀਤ ਰਾਏ ਇਸ ਵਾਰ ਐਬਸਫੋਰਡ ਸਿਟੀ ਕੌਂਸਲ ਚੋਣਾਂ ਵਿਚ ਕੌਂਸਲਰ ਉਮੀਦਵਾਰ ਵਜੋਂ ਮੈਦਾਨ ਵਿਚ ਹਨ। ਪ੍ਰੀਤ ਰਾਏ ਜੋ ਕਿ ਪੇਸ਼ੇ ਵਜੋਂ ਅਕਾਊਟੈਂਟ ਹਨ, ਕੋਲ ਜਨਤਕ ਸੇਵਾ, ਪ੍ਰਸ਼ਾਸਨ, ਵਿੱਤੀ ਨਿਗਰਾਨੀ ਅਤੇ ਭਾਈਚਾਰਕ ਅਗਵਾਈ ਦੇ ਖੇਤਰ ਵਿੱਚ ਲਗਭਗ ਦੋ ਦਹਾਕਿਆਂ ਦਾ ਤਜਰਬਾ ਹੈ। ਐਬਟਸਫੋਰਡ ਬੋਰਡ ਆਫ਼ ਐਜੂਕੇਸ਼ਨ ਵਿੱਚ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਤਿੰਨ ਸਾਲਾਂ ਤੱਕ ਵਾਈਸ-ਚੇਅਰ ਵਜੋਂ ਸੇਵਾ ਨਿਭਾਈ ਅਤੇ ਬੋਰਡ ਦੀਆਂ ਵਿੱਤ, ਸਿੱਖਿਆ ਅਤੇ ਆਡਿਟ ਕਮੇਟੀਆਂ ਦੀ ਪ੍ਰਧਾਨਗੀ ਕੀਤੀ ਹੈ । ਆਪਣੇ ਕਾਰਜਕਾਲ ਦੌਰਾਨ, ਉਹ ਵਿਦਿਆਰਥੀਆਂ, ਪਰਿਵਾਰਾਂ, ਸਟਾਫ ਅਤੇ ਵਿੱਤੀ ਜ਼ਿੰਮੇਵਾਰੀ ਦੇ ਨਾਲ ਲੰਬੇ ਸਮੇਂ ਦੀ ਯੋਜਨਾਬੰਦੀ ਦੇ ਮਜ਼ਬੂਤ ਸਮਰਥਕ ਰਹੇ ਹਨ।
–ਦੇਵ ਸਿੱਧੂ-
ਐਬਸਫੋਰਡ ਦੇ ਦੋ ਵਾਰ ਸਿਟੀ ਕੌਂਸਲਰ ਬਣਨ ਵਾਲੇ ਦੇਵ ਸਿੱਧੂ ਹੁਣ ਤੀਸਰੀ ਵਾਰ ਚੋਣ ਮੈਦਾਨ ਵਿਚ ਹਨ। ਦੇਵ ਸਿੱਧ ਜੋ ਕਿ ਐਬਸਫੋਰਡ ਦੇ ਦੋਭਾਸ਼ੀ ਵੀਕਲੀ ਅਖਬਾਰ ਪੰਜਾਬੀ ਪੱਤਰਕਾ ਦੇ ਜਨਰਲ ਮੈਨੇਜਰ ਵੀ ਹਨ, ਇਸ ਸ਼ਹਿਰ ਦੇ ਜੰਮਪਲ ਹਨ। ਉਹਨਾਂ ਦੇ ਪਿਤਾ ਐਂਡੀ ਸਿੱਧੂ ਪੰਜਾਬੀ ਪੱਤਰਕਾ ਦੇ ਮੁੱਖ ਸੰਪਾਦਕ ਹਨ। ਦੇਵ ਸਿੱਧੂ ਐਬਸਫੋਰਡ ਸਿਟੀ ਕੌਸਲ ਲਈ ਪਹਿਲੀ ਵਾਰ ਸਤੰਬਰ 2021 ਦੀ ਉਪ-ਚੋਣ ਵਿੱਚ ਚੁਣੇ ਗਏ ਸਨ। ਇਹ ਚੋਣ ਤਤਕਾਲੀ ਐਮ ਐਲ ਏ ਬਰੂਸ ਬੈਨਮੈਨ ਦੇ ਵਿਧਾਨ ਸਭਾ ਲਈ ਚੁਣੇ ਜਾਣ ਕਾਰਣ ਕਰਵਾਈ ਗਈ ਸੀ। ਦੇਵ ਸਿੱਧੂ ਨੇ ਇਸ ਉਪ ਚੋਣ ਦੌਰਾਨ ਕੁਲ ਨੌਂ ਉਮੀਦਵਾਰਾਂ ਦੇ ਮੁਕਾਬਲੇ 7,829 ਵੋਟਾਂ ਲੈਕੇ ਜਿੱਤ ਪ੍ਰਾਪਤ ਕੀਤੀ ਸੀ। ਇਸ ਉਪਰੰਤ ਉਹ 2022 ਵਿੱਚ 14,419 ਵੋਟਾਂ ਨਾਲ ਦੁਬਾਰਾ ਚੁਣੇ ਗਏ। ਉਹ ਸਾਰੇ ਉਮੀਦਵਾਰਾਂ ਚੋ ਵੋਟਾਂ ਲੈਣ ਵਿਚ ਟਾਪ ਤੇ ਸਨ। ਐਬਸਫੋਰਡ ਕੌਂਸਲ ਲਈ ਤੀਸਰੀ ਵਾਲ ਚੋਣ ਲੜ ਰਹੇ ਦੇਵ ਸਿੱਧੂ ਦਾ ਕਹਿਣਾ ਹੈ ਕਿ ਐਬਸਫੋਰਡ ਉਸਦਾ ਆਪਣਾ ਘਰ ਹੈ। ਇਥੋ ਦੇ ਭਾਈਚਾਰੇ ਨੇ ਉਸਨੂੰ ਬਹੁਤ ਕੁਝ ਦਿੱਤਾ ਹੈ। ਉਹ ਹੋਰ ਕਹਿੰਦੇ ਹਨ ਕਿ ਐਬਟਸਫੋਰਡ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਮੇਰੇ ਜੀਵਨ ਦੇ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ ਹੈ। ਮੈਂ ਸ਼ਹਿਰ ਨਿਵਾਸੀਆਂ ਤੋਂ ਉਨ੍ਹਾਂ ਦੇ ਸਮਰਥਨ ਦੀ ਮੰਗ ਕਰ ਰਿਹਾ ਹਾਂ ਤਾਂ ਜੋ ਮੈਂ ਉਨ੍ਹਾਂ ਲਈ ਅਹਿਮ ਮੁੱਦਿਆਂ ‘ਤੇ ਆਪਣਾ ਕੰਮ ਅੱਗੇ ਵਧਾਉਣਾ ਜਾਰੀ ਰੱਖ ਸਕਾਂ।
-ਅਮਰੀਕ ਨਾਰੰਗ-
-ਐਬਸਫੋਰਡ ਸ਼ਹਿਰ ਦੇ ਉਘੇ ਵਕੀਲ ਅਤੇ ਯੂ ਐਫ ਵੀ ਦੇ ਇੰਸਟਰੱਕਟਰ ਅਮਰੀਕ ਨਾਰੰਗ ਵੀ ਸਿਟੀ ਕੌਂਸਲ ਲਈ ਕੌਂਸਲਰ ਉਮੀਦਵਾਰ ਵਜੋਂ ਮੈਦਾਨ ਵਿਚ ਹਨ। ਉਹਨਾਂ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਸਿਆਸੀ ਪਿੜ ਵਿਚ ਕੁਝ ਨਵਾਂ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਹਨਾਂ ਦੀ ਚੋਣ ਮੁਹਿੰਮ ਵਿਚ ਉਹਨਾਂ ਨੂੰ ਸਾਬਕਾ ਵਿਧਾਇਕ ਤੇ ਮੰਤਰੀ ਮਾਈਕਲ ਡੀ ਜੌਂਗ ਅਤੇ ਐਮ ਪੀ ਬਰੈਡ ਵਿਸ ਤੇ ਕਈ ਹੋਰ ਸੰਸਥਾਵਾਂ ਦੇ ਪ੍ਰਤੀਨਿਧਾਂ ਦਾ ਸਮਰਥਨ ਹਾਸਲ ਹੈ। ਉਹਨਾਂ ਦਾ ਕਹਿਣਾ ਹੈ ਕਿ ਐਬਸਫੋਰਡ ਉਹਨਾਂ ਦਾ ਆਪਣਾ ਘਰ ਹੈ। ਉਹ ਆਪਣੇ ਪਰਿਵਾਰ ਸਮੇਤ ਇਸ ਸ਼ਹਿਰ ਪਿਛਲੇ 40 ਸਾਲਾਂ ਤੋ ਰਹਿ ਰਹੇ ਹਨ।
ਨਾਰੰਗ ਦਾ ਕਹਿਣਾ ਹੈ ਕਿ ਉਹ ਐਬਟਸਫੋਰਡ ਦੇ ਇੱਕ ਕਿਸਾਨ ਪਰਿਵਾਰ ਵਿੱਚ ਪਲੇ ਤੇ ਵੱਡੇ ਹੋਏ ਹਨ ਅਤੇ ਹੁਣ ਉਹ ਖੁਦ ਵੀ ਐਬਟਸਫੋਰਡ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਉਨ੍ਹਾਂ ਕੋਲ ਕਾਨੂੰਨੀ ਖੇਤਰ ਵਿੱਚ 25 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਨ੍ਹਾਂ ਨੂੰ ਆਮ ਸਿਵਲ ਮੁਕੱਦਮਿਆਂ, ਰੀਅਲ ਅਸਟੇਟ ਲੈਣ-ਦੇਣ, ਅਤੇ ਕਾਰਪੋਰੇਟ ਲੈਣ-ਦੇਣ (ਜਿਸ ਵਿੱਚ ਖਰੀਦ/ਵਿਕਰੀ ਸਮਝੌਤੇ, ਸ਼ੇਅਰਧਾਰਕ ਸਮਝੌਤੇ, ਭਾਈਵਾਲੀ ਸਮਝੌਤੇ, ਲੀਜ਼ ਸਮਝੌਤੇ ਅਤੇ ਵਸੀਅਤਾਂ ਆਦਿ ਤਿਆਰ ਕਰਨਾ ਸ਼ਾਮਲ ਹੈ) ਨਾਲ ਨਜਿੱਠਣ ਦਾ ਤਜਰਬਾ ਹੈ। ਉਹ ਗਲੈਡਵਿਨ ਰੋਡ ‘ਤੇ ਸਥਿਤ ‘ਗਿੱਲ ਐਂਡ ਗਿੱਲ’ ਫਰਮ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਕਈ ਸਾਲਾਂ ਤੱਕ ਯੂਨੀਵਰਸਿਟੀ ਆਫ ਫਰੇਜਰ ਵੈਲੀ ਵਿੱਚ ਪੜ੍ਹਾਇਆ ਵੀ ਹੈ ।
—ਜੈਗ ਸਿੱਧੂ-
ਐਬਸਫੋਰਡ ਵਿਚ ਪਿਛਲੇ ਲੰਬੇ ਸਮੇਂ ਤੋਂ ਰੀਐਲਟਰ ਵਜੋਂ ਆਪਣੀ ਪਛਾਣ ਸਥਾਪਿਤ ਕਰਨ ਵਾਲੇ ਜੈਗ ਸਿੱਧੂ ਨੇ ਸਿਟੀ ਕੌਂਸਲਰ ਵਜੋਂ ਚੋਣ ਮੈਦਾਨ ਵਿਚ ਆਉਣ ਦਾ ਫੈਸਲਾ ਕੀਤਾ ਹੈ। ਪਿਛਲੇ ਸਮੇਂ ਦੌਰਾਨ ਲੈਂਗਲੀ ਬੈਂਕੁਇਟ ਹਾਲ ਵਿਚ ਇਕ ਵੱਡਾ ਇਕੱਠ ਕਰਕੇ ਕੌਸਲਰ ਉਮੀਦਵਾਰੀ ਦਾ ਐਲਾਨ ਕਰਕੇ ਆਪਣੀ ਮੁਹਿੰਮ ਸ਼ੁਰੂ ਕਰਨ ਵਾਲੇ ਜੈਗ ਗਿੱਲ ਕੋਲ ਸਥਾਨਕ ਖੇਤਰ ਵਿੱਚ ਲਗਭਗ ਦੋ ਦਹਾਕਿਆਂ ਦਾ ਤਜਰਬਾ ਅਤੇ ਭਾਈਚਾਰਕ ਸੇਵਾ ਪ੍ਰਤੀ ਡੂੰਘੀ ਵਚਨਬੱਧਤਾ ਹੈ ।
ਪਿਛਲੇ 37 ਸਾਲਾਂ ਤੋਂ ਵੱਧ ਸਮੇਂ ਤੋਂ ਐਬਟਸਫੋਰਡ ਵਿੱਚ ਰਹਿਣ ਵਾਲੇ ਅਤੇ 1994 ਵਿੱਚ ਐਬਟਸਫੋਰਡ ਸੀਨੀਅਰ ਸੈਕੰਡਰੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਸਿੱਧੂ ਨੇ ਇਸ ਸ਼ਹਿਰ ਵਿੱਚ ਹੀ ਆਪਣਾ ਜੀਵਨ ਅਤੇ ਕਰੀਅਰ ਬਣਾਇਆ ਹੈ। ਆਪਣੇ ਖੇਤਰ ਵਿੱਚ ਚੋਟੀ ਦੇ 10% ਰੀਐਲਟਰਾਂ ਵਿੱਚ ਸ਼ਾਮਲ ਅਤੇ ‘ਮੈਡਾਲੀਅਨ ਕਲੱਬ’ ਦੇ ਮੈਂਬਰ ਵਜੋਂ, ਉਨ੍ਹਾਂ ਨੇ ਨਿਵਾਸੀਆਂ ਨੂੰ ਦਰਪੇਸ਼ ਚੁਣੌਤੀਆਂ—ਖਾਸ ਕਰਕੇ ਰਿਹਾਇਸ਼ ਦੀ ਕਿਫਾਇਤੀ ਕੀਮਤ ਅਤੇ ਉਪਲਬਧਤਾ ਦੇ ਮਾਮਲਿਆਂ ਨੂੰ ਨੇੜਿਓਂ ਸਮਝਿਆ ਤੇ ਸਮੱਸਿਆਵਾਂ ਨੂੰ ਹੱਲ ਕੀਤਾ ਹੈ।
ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਚੋਣ ਲੜਨ ਦਾ ਫੈਸਲਾ ਉਸ ਅਹਿਮ ਸਮੇਂ ‘ਤੇ ਆਇਆ ਹੈ, ਜਦੋਂ ਐਬਟਸਫੋਰਡ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਪਰ ਬੁਨਿਆਦੀ ਢਾਂਚਾ ਅਤੇ ਰਿਹਾਇਸ਼ ਦੀ ਸਪਲਾਈ ਸਹੀ ਰਫ਼ਤਾਰ ਨਾਲ ਚੱਲਣ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਦੀ ਮੁਹਿੰਮ ਵਿਹਾਰਕ ਤਰਜੀਹਾਂ ‘ਤੇ ਕੇਂਦਰਿਤ ਹੈ: ਰਿਹਾਇਸ਼ ਨੂੰ ਵਧੇਰੇ ਕਿਫਾਇਤੀ ਬਣਾਉਣਾ, ਐਬਟਸਫੋਰਡ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨਾ ਅਤੇ ਸਥਾਨਕ ਕਾਰੋਬਾਰਾਂ ਦਾ ਸਮਰਥਨ ਕਰਦੇ ਹੋਏ ਭਾਈਚਾਰਕ ਸੁਰੱਖਿਆ ਨੂੰ ਮਜ਼ਬੂਤ ਕਰਨਾ।
—ਜਸਮੀਤ ਫੂਲਕਾ-
ਐਬਸਫੋਰਡ ਸਿਟੀ ਕੌਂਸਲ ਚੋਣਾਂ ਵਿਚ ਉਘੇ ਪਹਿਲਵਾਨ ਜਸਮੀਤ ਸਿੰਘ ਫੂਲਕਾ ਵੀ ਚੋਣ ਮੈਦਾਨ ਵਿਚ ਹਨ। ਐਬਸਫੋਰਡ ਦੇ ਜੰਮਪਲ ਜਸਮੀਤ ਸਿੰਘ ਫੂਲਕਾ ਦੀ ਕਹਾਣੀ ਸਖ਼ਤ ਮਿਹਨਤ, ਪਰਿਵਾਰ ਚੋ ਮਿਲੇ ਚੰਗੇ ਗੁਣਾਂ ਤੇ ਆਧਾਰਿਤ ਹੈ। ਉਹ ਇੱਕ ਅਜਿਹੇ ਪਰਿਵਾਰ ਵਿੱਚ ਪਲਿਆ ਜਿਸਨੇ ਉਸਨੂੰ ਸੇਵਾ ਦੀ ਮਹੱਤਤਾ ਸਿਖਾਈ, ਉਸਨੇ ਨੌਜਵਾਨਾਂ ਨੂੰ ਸਿਖਲਾਈ ਦੇਣ, ਸਥਾਨਕ ਪ੍ਰੋਗਰਾਮਾਂ ਵਿੱਚ ਵਲੰਟੀਅਰ ਕਰਨ ਅਤੇ ਸ਼ਹਿਰ ਭਰ ਦੇ ਪਰਿਵਾਰਾਂ ਦਾ ਸਮਰਥਨ ਕਰਨ ਵਿੱਚ ਕਈ ਸਾਲ ਬਿਤਾਏ ਹਨ।
ਸਮਾਜ ਵਿੱਚ ਆਪਣੇ ਕੰਮ ਰਾਹੀਂ, ਜਸਮੀਤ ਨੇ ਖੁਦ ਦੇਖਿਆ ਹੈ ਕਿ ਐਬਟਸਫੋਰਡ ਪਰਿਵਾਰਾਂ ਨੂੰ ਕੀ ਚਾਹੀਦਾ ਹੈ। ਉਹ ਸੁਰੱਖਿਅਤ ਆਂਢ-ਗੁਆਂਢ, ਭਰੋਸੇਯੋਗ ਬੁਨਿਆਦੀ ਢਾਂਚਾ ਅਤੇ ਸਿਟੀ ਵਿਚ ਅਜਿਹੇ ਆਗੂ ਦੀ ਅਗਵਾਈ ਲੋੜਦੇ ਹਨ ਜੋ ਉਹਨਾਂ ਲਈ ਕੰਮ ਕਰੇ। ਜਸਮੀਤ ਸਿਟੀ ਹਾਲ ਵਿੱਚ ਇੱਕ ਜ਼ਮੀਨੀ, ਵਿਹਾਰਕ ਦ੍ਰਿਸ਼ਟੀਕੋਣ ਲਿਆਉਣ ਅਤੇ ਇੱਕ ਅਜਿਹੇ ਚੰਗੇਰੇ ਭਵਿੱਖ ਵਿਚ ਆਪਣਾ ਯੋਗਦਾਨ ਪਾਉਣ ਲਈ ਉਤਸੁਕ ਹੈ ਜਿੱਥੇ ਹਰ ਨਿਵਾਸੀ ਆਪਣੀ ਅਹਿਮੀਅਤ ਅਤੇ ਉਹਨਾਂ ਦੇ ਹੱਕਾਂ ਦੀ ਸੁਣਵਾਈ ਹੁੰਦੀ ਮਹਿਸੂਸ ਕਰੇ।
।
–ਰੂਪੀ ਕੰਡਾ ਰਾਜਵਾਨ-
ਐਬਸਫੋਰਡ ਸਕੂਲ ਟਰੱਸਟੀ ਰੂਪੀ ਕੰਡਾ-ਰਾਜਵਾਨ ਐਬਟਸਫੋਰਡ ਸਿਟੀ ਕੌਂਸਲ ਲਈ ਕੌਂਸਲਰ ਵਜੋਂ ਚੋਣ ਲੜ ਰਹੇ ਹਨ। ਪਿਛਲੇ ਚਾਰ ਸਾਲਾਂ ਦੌਰਾਨ ਇਕ ਸਕੂਲ ਟਰੱਸਟੀ ਵਜੋਂ ਜਿਥੇ ਉਨ੍ਹਾਂ ਨੇ ਭਾਈਚਾਰਕ ਸਾਂਝੀ ਦੀ ਵਕਾਲਤ, ਸਹਿਯੋਗ ਅਤੇ ਵਿਹਾਰਕ ਅਗਵਾਈ ਲਈ ਆਪਣੀ ਵੱਖਰੀ ਪਛਾਣ ਬਣਾਈ ਹੈ ਉਥੇ ਆਪਣੀ ਇਮਾਨਦਾਰੀ ਅਤੇ ਲੋਕਾਂ ਨੂੰ ਪਹਿਲ ਦੇਣ ਵਾਲੀ ਪਹੁੰਚ ਕਾਰਣ, ਐਬਸਫੋਰਡ ਵਾਸੀਆਂ ਦੀ ਪ੍ਰੇਰਨਾ ਸਦਕਾ ਸਿਟੀ ਕੌਂਸਲ ਲਈ ਚੋਣ ਲੜਨ ਦਾ ਫੈਸਲਾ ਲਿਆ ਹੈ।
ਰੂਪੀ ਕੰਡਾ ਰਾਜਵਾਨ ਦਾ ਕਹਿਣਾ ਹੈ ਕਿ “ਮੇਰਾ ਧਿਆਨ ਹਮੇਸ਼ਾ ਲੋਕਾਂ ਨਾਲ ਸਬੰਧ ਬਣਾਉਣ, ਉਨ੍ਹਾਂ ਦੀ ਗੱਲ ਸੁਣਨ ਅਤੇ ਅਜਿਹੇ ਮੌਕੇ ਪੈਦਾ ਕਰਨ ਵਿੱਚ ਮਦਦ ਕਰਨ ‘ਤੇ ਰਿਹਾ ਹੈ ਜੋ ਸਾਡੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਐਬਟਸਫੋਰਡ ਨੂੰ ਸਪੱਸ਼ਟਤਾ, ਸਹੀ ਦਿਸ਼ਾ ਅਤੇ ਅਗਾਂਹਵਧੂ ਸੋਚ ਵਾਲੀ ਅਗਵਾਈ ਦੀ ਲੋੜ ਹੈ। ਸਾਨੂੰ ਵਿਕਾਸ ਲਈ ਯੋਜਨਾ ਬਣਾਉਣ ਦੇ ਨਾਲ-ਨਾਲ ਉਸ ਭਾਈਚਾਰਕ ਭਾਵਨਾ ਦੀ ਰਾਖੀ ਕਰਨ ਦੀ ਵੀ ਲੋੜ ਹੈ ਜੋ ਇਸ ਸ਼ਹਿਰ ਨੂੰ ਖਾਸ ਬਣਾਉਂਦੀ ਹੈ।






